For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਸੜਕਾਂ ਨੇ ਝੀਲਾਂ ਦਾ ਰੂਪ ਧਾਰਿਆ

11:01 AM Jul 09, 2023 IST
ਮੀਂਹ ਕਾਰਨ ਸੜਕਾਂ ਨੇ ਝੀਲਾਂ ਦਾ ਰੂਪ ਧਾਰਿਆ
ਜਲੰਧਰ ਵਿੱਚ ਸ਼ਨਿਚਰਵਾਰ ਨੂੰ ਮੀਂਹ ਪੈਣ ਕਾਰਨ ਸਡ਼ਕ ’ਤੇ ਖਡ਼੍ਹੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਸਰਬਜੀਤ ਸਿੰਘ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਜੁਲਾਈ
ਇੱਥੇ ਗੁਰੂ ਨਗਰੀ ਵਿਚ ਤੀਜੇ ਦਿਨ ਵੀ ਲਗਾਤਾਰ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਅੱਜ ਸਵੇਰੇ ਲਗਭਗ 6 ਵਜੇ ਮੀਂਹ ਪੈਣਾ ਸ਼ੁਰੂ ਹੋਇਆ ਸੀ, ਜੋ ਸ਼ਾਮ ਤੱਕ ਜਾਰੀ ਰਿਹਾ। ਲਗਭਗ 12 ਘੰਟੇ ਦੌਰਾਨ ਬਾਰਿਸ਼ ਨਿਰੰਤਰ ਜਾਰੀ ਰਹੀ। ਇਸ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਬਾਰਿਸ਼ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਇਸ ਨੇ ਆਮ ਜਨ-ਜੀਵਨ ’ਤੇ ਅਸਰ ਪਾਇਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਦਾ ਕੰਮਕਾਜ ਵੀ ਠੱਪ ਰਿਹਾ ਅਤੇ ਖਾਸ ਕਰ ਕੇ ਦਿਹਾੜੀਦਾਰ ਲੋਕਾਂ ਨੂੰ ਕੰਮ ਨਾ ਮਿਲਣ ਕਾਰਨ ਵਧੇਰੇ ਮੁਸ਼ਕਿਲ ਪੇਸ਼ ਆਈ ਹੈ। ਇਸ ਦੌਰਾਨ ਲਗਾਤਾਰ ਬਾਰਿਸ਼ ਕਾਰਨ ਸਬਜ਼ੀਆਂ ਦੇ ਰੇਟ ਵੀ ਅਸਮਾਨ ’ਤੇ ਚੜ੍ਹ ਗਏ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਘੱਟੋ-ਘੱਟ ਤਾਪਮਾਨ 23 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵਲੋਂ ਕੀਤੀ ਗਈ ਪੇਸ਼ੀਨਗੋਈ ਦੇ ਮੁਤਾਬਕ ਅੱਜ ਰਾਤ ਅਤੇ ਭਲਕੇ 9 ਜੁਲਾਈ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਗਿਆ। ਪਹਾੜਾਂ ਵਿਚ ਪੈ ਰਹੇ ਮੀਂਹ ਕਾਰਨ ਦਰਿਆ ਸਤਲੁਜ ਅਤੇ ਚਿੱਟੀ ਵੇਈਂ ਵਿਚ ਵੀ ਪਾਣੀ ਦਾ ਪੱਧਰ ਵਧ ਚੁੱਕਾ ਹੈ। ਦਰਿਆ ਅਤੇ ਵੇਈਂ ਵਿਚ ਪਾਣੀ ਦੇ ਵਹਾਅ ਦੇ ਤੇਜ਼ ਹੋਣ ਕਾਰਨ ਲੋਕ ਕਾਫੀ ਚਿੰਤਤ ਹਨ। ਦਰਿਆ ਕਿਨਾਰੇ ਵਸੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਉਹ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਲਗਾਤਾਰ ਮੀਂਹ ਪੈਣ ਨਾਲ ਇਲਾਕੇ ਦੀਆਂ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਦੋ ਪਹੀਆਂ ਵਾਹਨ ਚਾਲਕਾਂ ਤੇ ਪੈਦਲ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਨੀਵੀਆਂ ਫਸਲਾਂ ਵਿਚ ਪਾਣੀ ਵਿਚ ਡੁੱਬ ਗਈਆਂ ਹਨ।
ਤਰਨ ਤਾਰਨ (ਗੁਰਬਖਸ਼ਪੁਰੀ): ਝਬਾਲ ਕਸਬੇ ’ਚੋਂ ਲੰਘਦੀ ਡਰੇਨ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਜਿਸ ਕਾਰਨ ਕਿਸਾਨਾਂ ਵਿੱਚ ਕਾਫੀ ਰੋਸ ਹੈ। ਅੱਜ ਝਬਾਲ ਇਲਾਕੇ ਦੇ ਪਿੰਡਾਂ ਦਾ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੌਰਾ ਕੀਤਾ| ਡੀਸੀ ਨੇ ਡਰੇਨ ਦੀ ਸਫਾਈ ਕਰਨ ਵਿੱਚ ਵਰਤੀ ਅਣਗਹਿਲੀ ਲਈ ਕਸੂਰਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ| ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਦਿਵਾਇਆ ਕਿ ਉਹ ਕਿਸਾਨਾਂ ਨੂੰ ਉੱਚਿਤ ਮੁਆਵਜ਼ਾ ਦੇਣ ਲਈ ਸਿਫਾਰਿਸ਼ ਕਰਨਗੇ|

Advertisement

ਹੁਸ਼ਿਆਰਪੁਰ ਵਿੱਚ ਪੁਰਾਣੀ ਇਮਾਰਤ ਡਿੱਗੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਭਾਰੀ ਮੀਂਹ ਪੈਣ ਕਾਰਨ ਸ਼ਨਿੱਚਰਵਾਰ ਨੂੰ ਸ਼ਹਿਰ ਦੇ ਕਮੇਟੀ ਬਾਜ਼ਾਰ ਵਿੱਚ ਇਕ ਪੁਰਾਣੀ ਇਮਾਰਤ ਡਿੱਗ ਗਈ ਪਰ ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਮਰਾਤ ਵਿਚ ਇਕ ਪੂਰੀਆਂ ਬਣਾਉਣ ਵਾਲੀ ਦੁਕਾਨ ਚੱਲਦੀ ਸੀ। ਲੋਕਾਂ ਦੇ ਦੱਸਣ ਮੁਤਾਬਕ ਦੋ ਦਿਨ ਪਹਿਲਾਂ ਵੀ ਜਦੋਂ ਬਰਸਾਤ ਹੋਈ ਸੀ ਤਾਂ ਇਮਾਰਤ ਦਾ ਛੱਜਾ ਡਿੱਗ ਗਿਆ ਸੀ, ਜਿਸ ਪਿੱਛੋਂ ਦੁਕਾਨਦਾਰ ਦੁਕਾਨ ’ਚੋਂ ਚਲਾ ਗਿਆ। ਅੱਜ ਜਦੋਂ ਮੋਹਲੇਧਾਰ ਬਰਸਾਤ ਹੋਈ ਤਾਂ ਇਮਾਰਤ ਢਹਿ ਗਈ। ਗਲੀ ’ਚ ਖੜ੍ਹਾ ਇਕ ਸਕੂਟਰ ਵੀ ਮਲਬੇ ਹੇਠ ਆ ਗਿਆ। ਇਲਾਕੇ ਦੇ ਕੌਂਸਲਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਕਤ ਇਮਾਰਤ ਦੇ ਮਾਲਕ ਤੇ ਕਿਰਾਏਦਾਰ ਦਰਮਿਆਨ ਝਗੜਾ ਚੱਲਦਾ ਸੀ, ਜਿਸ ਕਰ ਕੇ ਮੁਰੰਮਤ ਨਹੀਂ ਹੋਈ ਸੀ ਤੇ ਨਾ ਹੀ ਇਸ ਨੂੰ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਦੇ ਚਲੇ ਜਾਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਾਲਿਆਂ ਨੂੰ ਇਹ ਇਮਾਰਤ ਡਿੱਗਣ ਦਾ ਖਦਸ਼ਾ ਸੀ ਪਰ ਇਸ ਵਿਚ ਰਹਿੰਦੇ ਕਿਰਾਏਦਾਰ ਦੇ ਝਗੜੇ ਕਾਰਨ ਇਸ ਦੀ ਨਾ ਮੁਕੰਮਤ ਹੋਈ ਅਤੇ ਨਾ ਹੀ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਆਪਣੇ ਵਾਰਡ ਦੀਆਂ ਸਾਰੀਆਂ ਅਣਸੁਰੱਖਿਅਤ ਇਮਾਰਤਾਂ ਦੀ ਸੂਚੀ ਨਿਗਮ ਨੂੰ ਦਿੱਤੀ ਹੋਈ ਹੈ। ਇਸ ਦੌਰਾਨ ਅੱਜ ਹੋਈ ਭਾਰੀ ਬਰਸਾਤ ਕਾਰਨ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਨੀਵੇਂ ਇਲਾਕਿਆਂ ਦੀਆਂ ਸੜਕਾਂ ਝੀਲ ਬਣੀਆਂ ਰਹੀਆਂ।

ਮੀਂਹ ਪੈਣ ਕਾਰਨ ਧਾਰੀਵਾਲ ਜਲ-ਥਲ

ਫੱਜੂਪੁਰ ਚੌਕ ਵਿੱਚ ਸੜਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਲੋਕ।

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇਥੇ ਸਵੇਰ ਤੋਂ ਹੋ ਰਹੀ ਬਾਰਸਾਤ ਦੇ ਪਾਣੀ ਨਾਲ ਸ਼ਹਿਰ ਧਾਰੀਵਾਲ ਅਤੇ ਆਸ ਪਾਸ ਇਲਾਕੇ ਵਿੱਚ ਜਲਥਲ ਹੋ ਗਈ। ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਰ ਕੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ। ਸ਼ਹਿਰ ਦੇ ਮਿਸ਼ਨ ਹਸਪਤਾਲ-ਫੱਜੂਪੁਰ ਚੌਕ ਰੋਡ ਉਪਰ ਖੜ੍ਹੇ ਪਾਣੀ ’ਚੋਂ ਲੋਕਾਂ ਦਾ ਲੰਘਣਾ ਮੁਹਾਲ ਹੋ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਫੱਜੂਪੁਰ ਚੌਕ ਵਿੱਚ ਕਈ ਦੁਕਾਨਾਂ ਦੇ ਅੰਦਰ ਪਾਣੀ ਜਾ ਵੜਿਆ, ਜਿਸ ਕਾਰਨ ਦੁਕਾਨਦਾਰਾਂ ਦਾ ਕਾਫੀ ਸਾਮਾਨ ਖਰਾਬ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪਾਣੀ ਦਾ ਨਿਕਾਸ ਦੇ ਪ੍ਰਬੰਧ ਦਾ ਅੰਦਾਜ਼ਾ ਬਾਰਿਸ਼ ਹੋਣ ਸਮੇਂ ਨਗਰ ਕੌਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਵਾਲੀ ਗਲੀ ਵਿੱਚ ਖੜ੍ਹੇ ਪਾਣੀ ਤੋਂ ਹੀ ਲਗਾਇਆ ਜਾ ਸਕਦਾ ਹੈ। ਫੱਜੂਪੁਰ ਚੌਕ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਧਾਰੀਵਾਲ ਦੇ ਦਾਣਾ ਮੰਡੀ ਰੋਡ, ਮਿਸ਼ਨ ਹਸਪਤਾਲ ਰੋਡ, ਫੱਤੇਨੰਗਲ ਆਦਿ ਦਾ ਸਾਰਾ ਪਾਣੀ ਫੱਜੂਪੁਰ ਚੌਕ ਰਾਹੀਂ ਪਿੰਡ ਫੱਜੂਪਰ ਵਿੱਚੋਂ ਦੀ ਹੋ ਜਾਂਦਾ ਹੈ। ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਦੀਆਂ ਦੁਕਾਨਾਂ ਅੰਦਰ ਮੀਂਹ ਪਾਣੀ ਆ ਵੜਦਾ ਹੈ। ਸ਼ਹਿਰ ਵਾਸੀਆਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਧਾਰੀਵਾਲ ਅੰਦਰ ਪਾਣੀ ਦੇ ਨਿਕਾਸ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ।

Advertisement
Tags :
Author Image

Advertisement
Advertisement
×