ਗਿਆਨ ਦੀ ਰੌਸ਼ਨੀ ਵੰਡਦੀਆਂ ਸੜਕਾਂ
ਪਿਛਲੇ ਛੇ ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਮੇਰਾ ਇਹ ਯਤਨ ਰਿਹਾ ਹੈ ਕਿ ਇਸ ਮੁਲਕ ਦੇ ਪ੍ਰੇਰਨਾਦਾਇਕ ਪਹਿਲੂਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਹੋਰ ਲੋਕ ਵੀ ਉਨ੍ਹਾਂ ’ਤੇ ਅਮਲ ਕਰ ਸਕਣ। ਕੈਨੇਡਾ ਵਿੱਚ ਵਸਦੇ ਪੁਸਤਕਾਂ ਪੜ੍ਹਨ ਦੇ ਇੱਛੁਕ ਬਹੁਤ ਸਾਰੇ ਖ਼ਾਸ ਕਰਕੇ ਅੰਗਰੇਜ਼ਾਂ ਨੇ ਆਪਣੇ ਘਰ ਦੇ ਅੱਗੇ ਛੋਟੀਆਂ ਛੋਟੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਹਨ।
ਜਿਨ੍ਹਾਂ ਪੁਸਤਕਾਂ ਨੂੰ ਉਹ ਪੜ੍ਹ ਲੈਂਦੇ ਹਨ, ਉਨ੍ਹਾਂ ਪੁਸਤਕਾਂ ਨੂੰ ਉਹ ਆਪਣੇ ਘਰ ਮੂਹਰੇ ਬਣਾਈ ਗਈ ਛੋਟੀ ਜਿਹੀ ਲਾਇਬ੍ਰੇਰੀ ਵਿੱਚ ਰੱਖ ਦਿੰਦੇ ਹਨ। ਉਨ੍ਹਾਂ ਲਾਇਬ੍ਰੇਰੀਆਂ ਨੂੰ ਕੋਈ ਜਿੰਦਾ ਕੁੰਡਾ ਨਹੀਂ ਹੁੰਦਾ। ਉਨ੍ਹਾਂ ਲਾਇਬ੍ਰੇਰੀਆਂ ਵਿੱਚੋਂ ਕੋਈ ਵੀ ਵਿਅਕਤੀ ਬਿਨਾਂ ਪੁੱਛਿਆਂ ਪੁਸਤਕ ਲਿਜਾ ਸਕਦਾ ਹੈ। ਇੱਥੋਂ ਦੇ ਲੋਕ ਐਨੇ ਸੂਝਵਾਨ ਹਨ ਕਿ ਉਹ ਲਿਜਾਈ ਹੋਈ ਪੁਸਤਕ ਪੜ੍ਹ ਕੇ ਵਾਪਸ ਰੱਖ ਕੇ ਹੀ ਨਹੀਂ ਜਾਂਦੇ ਸਗੋਂ ਆਪਣੇ ਕੋਲੋਂ ਵੀ ਪੁਸਤਕਾਂ ਲਿਆ ਕੇ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਰੱਖ ਕੇ ਪੁਸਤਕਾਂ ਵਿੱਚ ਹੋਰ ਵਾਧਾ ਕਰ ਜਾਂਦੇ ਹਨ। ਇੱਥੋਂ ਤੱਕ ਕਿ ਬੱਚਿਆਂ ਲਈ ਲਾਭਦਾਇਕ ਪੁਸਤਕਾਂ ਵੀ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਪਈਆਂ ਹੁੰਦੀਆਂ ਹਨ ਤਾਂ ਕਿ ਲੋੜਵੰਦ ਬੱਚੇ ਉਨ੍ਹਾਂ ਪੁਸਤਕਾਂ ਦਾ ਲਾਭ ਉਠਾ ਸਕਣ। ਇਹ ਲਾਇਬ੍ਰੇਰੀਆਂ ਖੋਲ੍ਹਣ ਦਾ ਮਕਸਦ ਇਹ ਹੈ ਕਿ ਮੁਲਕ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਖ਼ਾਸ ਕਰਕੇ ਨਵੀਂ ਪਨੀਰੀ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇ। ਇਸ ਮੁਲਕ ਦੀਆਂ ਸਰਕਾਰਾਂ ਲਾਇਬ੍ਰੇਰੀਆਂ ਦੇ ਮਹਤੱਵ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਛੋਟੇ ਬੜੇ ਕਸਬਿਆਂ ਤੇ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਦੀ ਭਰਮਾਰ ਹੈ।
ਇਸ ਮੁਲਕ ਦੀਆਂ ਲਾਇਬ੍ਰੇਰੀਆਂ ਬਹੁਤ ਕਮਾਲ ਦੀਆਂ ਹਨ। ਇਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਲੋੜਾਂ ਪੂਰਾ ਕਰਦੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਤੇ ਹੋਰ ਕਈ ਭਾਸ਼ਾਵਾਂ ਦੀਆਂ ਪੁਸਤਕਾਂ ਤੇ ਅਖ਼ਬਾਰਾਂ ਪੜ੍ਹਨ ਨੂੰ ਮਿਲ ਜਾਂਦੇ ਹਨ। ਇਸ ਮੁਲਕ ਵਿੱਚ 162 ਮੁਲਕਾਂ ਦੇ ਲੋਕ ਰਹਿੰਦੇ ਹਨ। ਬਹੁਤ ਸਾਰੇ ਮੁਲਕਾਂ ਤੇ ਸੂਬਿਆਂ ਦੇ ਵਿਦਵਾਨ ਲੇਖਕ ਆਪਣੇ ਦੇਸ਼ ਦੇ ਲੋਕਾਂ ਦੀ ਸਹੂਲਤ ਤੇ ਉਨ੍ਹਾਂ ਦੇ ਪੜ੍ਹਨ ਲਈ ਆਪਣੀਆਂ ਲਿਖੀਆਂ ਪੁਸਤਕਾਂ ਇਸ ਮੁਲਕ ਦੀਆਂ ਲਾਇਬ੍ਰੇਰੀਆਂ ਨੂੰ ਭੇਂਟ ਕਰ ਜਾਂਦੇ ਹਨ। ਉਨ੍ਹਾਂ ਪੁਸਤਕਾਂ ਨੂੰ ਬਕਾਇਦਾ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਦੂਜੀਆਂ ਪੁਸਤਕਾਂ ਦੀ ਤਰ੍ਹਾਂ ਪੜ੍ਹਨ ਲਈ ਰੱਖਿਆ ਜਾਂਦਾ ਹੈ। ਜੇਕਰ ਇਸ ਮੁਲਕ ਵਿੱਚ ਰਹਿਣ ਵਾਲੇ ਕਿਸੇ ਮੁਲਕ ਦੇ ਲੋਕ ਮਿੱਥੀ ਗਿਣਤੀ ਅਨੁਸਾਰ ਇੱਥੋਂ ਦੀ ਸੂਬਾ ਸਰਕਾਰ ਨੂੰ ਆਪਣੀ ਭਾਸ਼ਾ ਦੀਆਂ ਪੁਸਤਕਾਂ ਮੰਗਵਾ ਕੇ ਰੱਖਣ ਲਈ ਲਿਖ ਕੇ ਬੇਨਤੀ ਕਰਦੇ ਹਨ ਤਾਂ ਉਸ ਭਾਸ਼ਾ ਦੀਆਂ ਪੁਸਤਕਾਂ ਮੰਗਵਾ ਕੇ ਰੱਖ ਦਿੱਤੀਆਂ ਜਾਂਦੀਆਂ ਹਨ, ਪਰ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਰੱਖਣ ਤੋਂ ਪਹਿਲਾਂ ਬਣਾਈ ਗਈ ਕਮੇਟੀ ਉਨ੍ਹਾਂ ਪੁਸਤਕਾਂ ਦਾ ਮਿਆਰ ਪਰਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਰੱਖਣ ਦੀ ਸਿਫਾਰਸ਼ ਕਰਦੀ ਹੈ।
ਇਸ ਮੁਲਕ ਦੀਆਂ ਲਾਇਬ੍ਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ ਸਗੋਂ ਬਹੁਤ ਵੱਡੀ ਇਮਾਰਤ ਵਿੱਚ ਬਣੀਆਂ ਹੋਈਆਂ ਹੁੰਦੀਆਂ ਹਨ। ਇਹ ਲਾਇਬ੍ਰੇਰੀਆਂ ਦੇਰ ਰਾਤ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ ਤਾਂ ਕਿ ਬੱਚੇ ਤੇ ਨੌਕਰੀ ਪੇਸ਼ਾ ਲੋਕ ਛੁੱਟੀ ਤੋਂ ਬਾਅਦ ਲਾਇਬ੍ਰੇਰੀਆਂ ਵਿੱਚ ਜਾ ਕੇ ਪੜ੍ਹ ਸਕਣ ਤੇ ਪੁਸਤਕਾਂ ਦਾ ਲੈਣ ਦੇਣ ਕਰ ਸਕਣ। ਲਾਇਬ੍ਰੇਰੀਆਂ ਦੀ ਮੈਂਬਰਸ਼ਿਪ ਬੇਹੱਦ ਸਸਤੀ ਹੈ। ਕਿਸੇ ਵੀ ਮੁਲਕ ਦੇ ਲੋਕ ਇਸ ਮੈਂਬਰਸ਼ਿਪ ਨੂੰ ਹਾਸਲ ਕਰ ਸਕਦੇ ਹਨ। ਬੱਚੇ ਤੋਂ ਬਜ਼ੁਰਗ ਤੱਕ ਹਰ ਵਿਅਕਤੀ ਲਈ ਇੰਟਰਨੈੱਟ ਦੀ ਸੁਵਿਧਾ ਉਪਲੱਬਧ ਹੈ। ਇੰਟਰਨੈੱਟ ਦੀ ਜਾਣਕਾਰੀ ਰੱਖਣ ਵਾਲਾ ਅਤੇ ਲਾਇਬ੍ਰੇਰੀ ਦੀ ਮੈਂਬਰਸ਼ਿਪ ਰੱਖਣ ਵਾਲਾ ਹਰ ਵਿਅਕਤੀ ਉਸ ਇੰਟਰਨੈੱਟ ਦੀ ਵਰਤੋਂ ਕਰ ਸਕਦਾ ਹੈ।
ਬਿਨਾਂ ਮੈਂਬਰਸ਼ਿਪ ਵਾਲੇ ਲੋਕ ਬਿਨਾਂ ਇਜਾਜ਼ਤ ਲਿਆਂ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੈਠ ਕੇ ਆਪਣੇ ਮਨਪਸੰਦ ਦੀਆਂ ਪੁਸਤਕਾਂ ਤੇ ਅਖ਼ਬਾਰਾਂ ਪੜ੍ਹ ਸਕਦੇ ਹਨ। ਪੁਸਤਕ ਸੱਭਿਆਚਾਰ ਦੀ ਚੰਗੀ ਪਰੰਪਰਾ ਨੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਪਾ ਦਿੱਤੀ ਹੈ ਤੇ ਉਨ੍ਹਾਂ ਨੂੰ ਇਹ ਸਿਖਾ ਦਿੱਤਾ ਹੈ ਕਿ ਲਾਇਬ੍ਰੇਰੀਆਂ ਵਿੱਚ ਬੈਠ ਕੇ ਕਿਵੇਂ ਪੜ੍ਹਨਾ ਹੈ? ਲਾਇਬ੍ਰੇਰੀਆਂ ਦੀ ਸਾਫ਼ ਸਫ਼ਾਈ, ਰੌਸ਼ਨੀ ਤੇ ਬੈਠਣ ਦਾ ਪ੍ਰਬੰਧ ਕਮਾਲ ਦਾ ਹੈ। ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਨਾ ਤਾਂ ਫੋਨ ਕਰਦਾ ਮਿਲੇਗਾ ਤੇ ਨਾ ਹੀ ਇੱਕ ਦੂਜੇ ਨਾਲ ਗੱਲਬਾਤ ਕਰਦਾ। ਚੁੱਪ ਤੇ ਸ਼ਾਂਤ ਦਾ ਮਾਹੌਲ ਵੇਖ ਕੇ ਮਨ ਨੂੰ ਬਹੁਤ ਸਕੂਨ ਪ੍ਰਾਪਤ ਹੁੰਦਾ ਹੈ ਤੇ ਦੇਰ ਤੱਕ ਪੜ੍ਹਨ ਨੂੰ ਮਨ ਕਰਦਾ ਹੈ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਨਾ ਤਾਂ ਪੁਸਤਕਾਂ ’ਤੇ ਕੁਝ ਲਿਖਦੇ ਹਨ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਫਾੜ ਕੇ ਲਿਜਾਉਂਦੇ ਹਨ। ਲੋਕਾਂ ਨੂੰ ਸਮੇਂ ਸਿਰ ਪੁਸਤਕਾਂ ਮੋੜਨ ਦੀ ਆਦਤ ਹੈ। ਜੇਕਰ ਲੋਕ ਆਪਣੇ ਮਤਲਬ ਦੀ ਸਮੱਗਰੀ ਲਾਇਬ੍ਰੇਰੀ ਦੀ ਪੁਸਤਕ ਤੋਂ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਬਹੁਤ ਘੱਟ ਮੁੱਲ ’ਤੇ ਲੋੜੀਂਦੀ ਸਮੱਗਰੀ ਲਾਇਬ੍ਰੇਰੀ ’ਚੋਂ ਹੀ ਫੋਟੋ ਸਟੇਟ ਕਰਵਾਈ ਜਾ ਸਕਦੀ ਹੈ। ਲਾਇਬ੍ਰੇਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਬੋਲਚਾਲ, ਗੱਲਬਾਤ ਕਰਨ ਦਾ ਢੰਗ ਤੇ ਉਨ੍ਹਾਂ ਦਾ ਸਹਿਯੋਗ ਬੰਦੇ ਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੰਦਾ ਹੈ।
ਪੜ੍ਹਨ ਵਾਲੇ ਬੱਚਿਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਹਰ ਤਰ੍ਹਾਂ ਦੀਆਂ ਪੁਸਤਕਾਂ ਅਤੇ ਇੰਟਰਨੈੱਟ ਦੀ ਸਹੂਲਤ ਵੱਖਰੇ ਤੌਰ ’ਤੇ ਉਪਲੱਬਧ ਕਰਵਾਈ ਗਈ ਹੈ। ਲਾਇਬ੍ਰੇਰੀਆਂ ਦੇ ਇੱਕ ਕਮਰੇ ਵਿੱਚ ਇੱਕ ਸਾਲ ਤੋਂ ਚਾਰ ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਲਈ ਅਰਲੀ ਆਨ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸਿਖਲਾਈ ਪ੍ਰਾਪਤ ਅਧਿਆਪਕਾਵਾਂ ਬੱਚਿਆਂ ਨੂੰ ਹਰ ਪੱਖੋਂ ਤਿਆਰ ਕਰਦੀਆਂ ਹਨ। ਇਹ ਪ੍ਰੋਗਰਾਮ ਇੱਥੋਂ ਦੀ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਤੇ ਇਸ ਦੀ ਕੋਈ ਫੀਸ ਨਹੀਂ ਹੁੰਦੀ।
ਹੁਣ ਜੇਕਰ ਆਪਣੇ ਦੇਸ਼ ਵਿੱਚ ਲਾਇਬ੍ਰੇਰੀਆਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਮੁਲਕ ਤੋਂ ਬਹੁਤ ਪਿੱਛੇ ਹਾਂ। ਸਾਡੇ ਮੁਲਕ ਦੇ ਜ਼ਿਆਦਾਤਰ ਸਰਕਾਰੀ ਤੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਲਾਇਬ੍ਰੇਰੀ ਹੁੰਦੀ ਹੀ ਨਹੀਂ। ਜਿਨ੍ਹਾਂ ਸਕੂਲਾਂ ’ਚ ਹੁੰਦੀ ਵੀ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਈ ਨਾ ਕਮਰਾ ਹੁੰਦਾ ਹੈ ਤੇ ਨਾ ਹੀ ਲਾਇਬ੍ਰੇਰੀਅਨ ਦੀ ਅਸਾਮੀ ਹੁੰਦੀ ਹੈ। ਪੁਸਤਕਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਬੰਦ ਪਈਆਂ ਰਹਿੰਦੀਆਂ ਹਨ। ਸਕੂਲਾਂ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਵੀ ਨਹੀਂ ਕੀਤਾ ਜਾਂਦਾ। ਕੁਝ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਵੱਡੀ ਇਮਾਰਤ, ਇੰਟਰਨੈੱਟ ਤੇ ਹੋਰ ਸਹੂਲਤਾਂ ਹੋਣੀਆਂ ਬਹੁਤ ਦੂਰ ਦੀ ਗੱਲ ਹੈ। ਬਹੁਤ ਘੱਟ ਸਕੂਲ ਮੁਖੀ ਤੇ ਅਧਿਆਪਕ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਹਨ ਅਤੇ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨ ਦੇ ਤੌਰ ਤਰੀਕੇ ਸਿਖਾਉਂਦੇ ਹਨ। ਸਕੂਲਾਂ ਲਈ ਕਰੋੜਾਂ ਰੁਪਏ ਦੀਆਂ ਪੁਸਤਕਾਂ ਤਾਂ ਖਰੀਦੀਆਂ ਜਾਂਦੀਆਂ ਹਨ, ਪਰ ਚੰਗੀਆਂ ਲਾਇਬ੍ਰੇਰੀਆਂ, ਉਨ੍ਹਾਂ ਵਿੱਚ ਚੰਗੀਆਂ ਸਹੂਲਤਾਂ, ਚੰਗੇ ਮਾਹੌਲ ਅਤੇ ਪੁਸਤਕਾਂ ਪੜ੍ਹਨ ਦੀ ਰੂਚੀ ਨਾ ਹੋਣ ਕਰਕੇ ਉਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਹੀ ਪਈਆਂ ਰਹਿ ਜਾਂਦੀਆਂ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਕੂਲਾਂ ਨਾਲੋਂ ਲਾਇਬ੍ਰੇਰੀਆਂ ਦੀ ਸਥਿਤੀ ਬਿਹਤਰ ਹੁੰਦੀ ਹੈ, ਪਰ ਉਨ੍ਹਾਂ ਵਿੱਚ ਵੀ ਇਸ ਮੁਲਕ ਵਾਂਗ ਇੰਟਰਨੈੱਟ ਦੀ ਸਹੂਲਤ, ਵੱਡੀ ਇਮਾਰਤ, ਦੇਰ ਰਾਤ ਤੱਕ ਖੁੱਲ੍ਹੀ ਰਹਿਣ, ਸਸਤੀ ਮੈਂਬਰਸ਼ਿਪ ਅਤੇ ਬੈਠਣ ਦਾ ਵਧੀਆ ਪ੍ਰਬੰਧ ਆਦਿ ਸਹੂਲਤਾਂ ਦੀ ਘਾਟ ਹੁੰਦੀ ਹੈ। ਬੱਚਿਆਂ ਨੂੰ ਲਾਇਬ੍ਰੇਰੀਆਂ ਵਿੱਚ ਬੈਠ ਕੇ ਉੱਚੀ ਉੱਚੀ ਫੋਨ ਕਰਨ, ਗੱਲਾਂ ਕਰਨ, ਕਿਤਾਬਾਂ ਉੱਤੇ ਲਿਖਣ ਅਤੇ ਉਨ੍ਹਾਂ ਵਿੱਚੋਂ ਪੰਨੇ ਫਾੜਨ ਦੀ ਆਦਤ ਹੁੰਦੀ ਹੈ। ਭਾਵੇਂ ਸਾਡੇ ਮੁਲਕ ਵਿੱਚ ਵੱਡੇ ਸ਼ਹਿਰਾਂ ਵਿੱਚ ਸਰਕਾਰੀ ਪੱਧਰ ’ਤੇ ਬਹੁਤ ਵਧੀਆ ਜਨਤਕ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ, ਉਨ੍ਹਾਂ ਵਿੱਚ ਵੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ, ਪਰ ਫੇਰ ਵੀ ਉਨ੍ਹਾਂ ਵਿੱਚ ਅਜੇ ਵੀ ਬਹੁਤ ਸੁਧਾਰਾਂ ਦੀ ਲੋੜ ਹੈ। ਇਸ ਮੁਲਕ ਵਿੱਚ ਸੜਕਾਂ ਉੱਤੇ ਲਾਇਬ੍ਰੇਰੀਆਂ ਹੋਣਾ ਇੱਥੋਂ ਦੇ ਲੋਕਾਂ ਦੇ ਪੁਸਤਕ ਪ੍ਰੇਮੀ ਹੋਣ ਦਾ ਵਧੀਆ ਪ੍ਰਮਾਣ ਹੈ।
ਸੰਪਰਕ: 98726-27136