ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲਵੇ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਦਰਜਨਾਂ ਪਿੰਡਾਂ ਦੇ ਰਾਹ ਬੰਦ

08:45 AM Jul 18, 2024 IST
ਪਿੰਡ ਜਨੇਤਪੁਰ ਨੇੜੇ ਰੇਲਵੇ ਅੰਡਰਪਾਸ ਵਿੱਚ ਭਰਿਆ ਪਾਣੀ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 17 ਜੁਲਾਈ
ਹਲਕਾ ਡੇਰਾਬੱਸੀ ਵਿੱਚ ਮੌਨਸੂਨ ਦੀ ਬਰਸਾਤਾਂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੀਂਹ ਨਾਲ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਉਥੇ ਹੀ ਇਲਾਕੇ ਦੇ ਪਿੰਡਾਂ ਨੂੰ ਜਾਣ ਵਾਲੇ ਰਾਹ ਤੇ ਬਣੇ ਦੋ ਅੰਡਰਪਾਸ ਬਾਕਰਪੁਰ ਅਤੇ ਜਨੇਤਪੁਰ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਇਨ੍ਹਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਜਨੇਤਪੁਰ ਨੇੜੇ ਬਣੇ ਰੇਲਵੇ ਅੰਡਰਪਾਸ ਵਿੱਚ ਪਾਣੀ ਛੱਤ ਤੱਕ ਪਹੁੰਚ ਗਿਆ। ਸ਼ਾਮ 4 ਵਜੇ ਤੱਕ ਪਾਣੀ ਦਾ ਪੱਧਰ ਏਨਾ ਵੱਧ ਗਿਆ ਕਿ ਉਥੋਂ ਨਿਕਲਣਾ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਸੀ, ਜਿਸ ਨੂੰ ਦੇਖਦਿਆਂ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਬਾਕਰਪੁਰ ਨੂੰ ਜਾਣ ਵਾਲੇ ਰਾਹ ’ਤੇ ਬਣਿਆ ਰੇਲਵੇ ਅੰਡਰਪਾਸ ਵਿੱਚ ਵੀ ਪਾਣੀ ਭਰਨ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਦੋਵੇਂ ਪਿੰਡਾਂ ਨੂੰ ਜਾਣ ਵਾਲੇ ਅੰਡਰਪਾਸ ਬੰਦ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਅੰਡਰਪਾਸ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਇਥੇ ਥੋੜਾ ਜਿਹਾ ਮੀਂਹ ਪੈਣ ਤੇ ਪਾਣੀ ਭਰ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮੁਰਮੰਤ ਦੇ ਚਲਦਿਆਂ ਪਹਿਲਾਂ ਹੀ ਈਸਾਪੁਰ ਰੇਲਵੇ ਫਾਟਕ ਪੰਜ ਦਿਨਾਂ ਲਈ ਬੰਦ ਹੈ ਜਿਸ ਦੌਰਾਨ ਲੋਕ ਇਨ੍ਹਾਂ ਰਸਤਿਆਂ ਨੂੰ ਆਰਜ਼ੀ ਰਾਹ ਦੇ ਤੌਰ ’ਤੇ ਵਰਤਕੇ ਆਪਣੇ ਪਿੰਡਾਂ ਨੂੰ ਪਹੁੰਚ ਰਹੇ ਸਨ ਪਰ ਹੁਣ ਇਹ ਵੀ ਬੰਦ ਹੋਣ ਕਾਰਨ ਇਨ੍ਹਾਂ ਦਾ ਆਪਣੇ ਘਰਾਂ ਵਿੱਚ ਪਹੁੰਚਣਾ ਔਖਾ ਹੋ ਗਿਆ ਹੈ।
ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਜਾਣ ਲਈ ਕਈ ਕਿਲੋਮੀਟਰ ਦੂਰ ਦੱਪਰ ਤੋਂ ਘੁੰਮ ਕੇ ਆਪਣੇ ਪਿੰਡਾ ਨੂੰ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕ ਭਾਂਖਰਪੁਰ ਤੋਂ ਹੁੰਦੇ ਹੋਏ ਈਸਾਪੁਰ ਰਾਹੀਂ ਆਪਣੇ-ਆਪਣੇ ਪਿੰਡ ਵੱਲ ਨਿਕਲ ਰਹੇ ਹਨ। ਮੀਂਹ ਰੁਕਣ ਮਗਰੋਂ ਵੀ ਇਨ੍ਹਾਂ ਅੰਡਰਪਾਸ ਵਿੱਚ ਪਾਣੀ ਦਾ ਪੱਧਰ ਘਟਣ ਦੀ ਥਾਂ ਵਧਦਾ ਜਾ ਰਿਹਾ ਸੀ ਕਿਉਂਕਿ ਮੀਂਹ ਦੇ ਪਾਣੀ ਨੂੰ ਨਿਕਾਸੀ ਹੋਣ ਕਾਰਨ ਨੇੜਲੇ ਖੇਤਾਂ ਦਾ ਪਾਣੀ ਵੀ ਇਥੇ ਨਿਕਾਸ ਹੋ ਰਿਹਾ ਹੈ। ਇਥੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਦੇਖ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪਾਣੀ ਕੱਢਣ ਲਈ ਭੇਜੇ ਗਏ ਪਰ ਪਾਣੀ ਦਾ ਪੱਧਰ ਵਧਦਾ ਦੇਖ ਉਨ੍ਹਾਂ ਵੱਲੋਂ ਆਪਣੀ ਗੱਡੀ ਅੱਗੇ ਲਾ ਕੇ ਰਾਹ ਬੰਦ ਕਰਨ ਵਿੱਚ ਹੀ ਸਮਝਦਾਰੀ ਸਮਝੀ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਨੇਤਪੁਰ ਅੰਡਰਪਾਸ ਵਿੱਚ ਭਰੇ ਪਾਣੀ ਵਿੱਚ ਲੰਘਦੇ ਹੋਏ ਡੁੱਬ ਕੇ ਇਕ ਟਰੈਕਟਰ ਟਰਾਲੀ ਚਾਲਕ ਕਿਸਾਨ ਦੀ ਮੌਤ ਹੋ ਗਈ ਸੀ, ਜਿਸ ਹਾਦਸੇ ਤੋਂ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਅਤੇ ਹਾਲੇ ਤੱਕ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।

Advertisement

Advertisement
Advertisement