ਪਾਣੀ ਭਰਨ ਕਾਰਨ ਪਿੰਡਾਂ ਨੂੰ ਜਾਣ ਵਾਲੇ ਰਸਤੇ ਬੰਦ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੁਲਾਈ
ਪਟਿਆਲਾ ਜ਼ਿਲ੍ਹੇ ਦੇ ਜ਼ਿਆਦਾਤਰ ਨਦੀਆਂ ਨਾਲ਼ੇ ਸਨੌਰ ਹਲਕੇ ਵਿੱਚੋਂ ਦੀ ਲੰਘਦੇ ਹਨ। ਇਸ ਕਰ ਕੇ ਇਥੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਲਾਕੇ ਦੇ ਡੀਐੱਸਪੀ ਗੁਰਦੇਵ ਸਿੰਘ ਧਾਲ਼ੀਵਾਲ ਨੇ ਕਿਹਾ ਕਿ ਗੰਭੀਰ ਹਾਲਾਤ ਦੇ ਚੱਲਦਿਆਂ ਇਸ ਖੇਤਰ ਵਿਚ ਪੁਲੀਸ ਵੱਲੋਂ ਦਨਿ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਸੜਕਾਂ ਪਾਣੀ ਵਿੱਚ ਡੁੱਬਣ ਕਾਰਨ ਅੱਗੇ ਦਾ ਸੰਪਰਕ ਟੁੱਟ ਗਿਆ ਹੈ। ਪੁਲੀਸ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਦੇਵੀਗੜ੍ਹ ਇਲਾਕੇ ਵਿੱਚ ਪਿੰਡਾਂ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਪਏ ਹਨ। ਇਸ ਕਰ ਕੇ ਪਿੰਡਾਂ ਅਤੇ ਡੇਰਿਆਂ ਦੇ ਲੋਕ ਘਰਾਂ ਅਤੇ ਡੇਰਿਆਂ ਵਿੱਚ ਫਸੇ ਹਨ। ਰਾਸ਼ਨ ਤੇ ਪਾਣੀ ਲੈਣ ਲਈ ਦੇਵੀਗੜ੍ਹ ਵੀ ਨਹੀਂ ਆ ਸਕਦੇ। ਅੱਜ ਕਈ ਅਧਿਕਾਰੀ ਇਸ ਇਲਾਕੇ ਹੜ੍ਹਾਂ ਬਾਰੇ ਜਾਇਜ਼ਾ ਲੈ ਰਹੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵੀ ਅੱਜ ਸਵੇਰੇ ਇਸ ਇਲਾਕੇ ਵਿੱਚ ਆਏ। ਉਨ੍ਹਾਂ ਨੇ ਦੁਧਨਸਾਧਾਂ ਨਾਲ ਲਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਰੌਹੜ ਜਾਗੀਰ, ਲਹਿਲਾਂ ਜਾਗੀਰ, ਅਕਬਰਪੁਰ ਅਫ਼ਗਾਨਾਂ ਅਤੇ ਹੋਰ ਇਲਾਕਿਆਂ ਦਾ ਦੌਰਾ ਕੀਤਾ ਤੇ ਅਧਿਕਾਰੀਆਂ ਨੂੰ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਡਾ. ਅਨੁਜ ਬਾਂਸਲ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੁਧਨ ਸਾਧਾਂ ਅਤੇ ਮੈਡੀਕਲ ਟੀਮ ਵੀ ਇਸ ਮੌਕੇ ਮੌਜੂਦ ਸੀ। ਇਲਾਕੇ ਵਿਚ ਐਨਡੀਆਰਐਫ ਦੀਆਂ ਟੀਮਾਂ ਵੀ ਆ ਚੁੱਕੀਆਂ ਹਨ। ਪੀੜਤਾਂ ਨੂੰ ਰਾਹਤ ਸਮਗਰੀ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।