ਟ੍ਰਾਈਸਿਟੀ ’ਚ ਮੀਂਹ ਕਾਰਨ ਸੜਕਾਂ ਹੋਈਆਂ ਪਾਣੀ-ਪਾਣੀ
ਆਤਿਸ਼ ਗੁਪਤਾ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਹਰ ਪਾਸੇ ਪਾਣੀ-ਪਾਣੀ ਕਰ ਦਿੱਤਾ ਹੈ। ਇਸ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੀਂਹ ਕਰਕੇ ਚੰਡੀਗੜ੍ਹ-ਅੰਬਾਲਾ ਹਾਈਵੇਅ ਵੀ ਪਾਣੀ ਵਿੱਚ ਡੁੱਬ ਗਿਆ ਜਿੱਥੇ ਰਾਹਗੀਰ ਆਪਣੇ ਆਪਣੇ ਵਾਹਨਾਂ ਨੂੰ ਪਾਣੀ ’ਚੋਂ ਕੱਢਣ ਲਈ ਜੂਝਦੇ ਰਹੇ। ਸੜਕਾਂ ’ਤੇ ਮੀਂਹ ਦਾ ਪਾਣੀ ਭਰਨ ਕਰਕੇ ਕਈ ਜਾਮ ਵਰਗੀ ਸਥਿਤੀ ਬਣੀ ਰਹਿਣ ਕਾਰਨ ਆਵਾਜਾਈ ਸੁਸਤ ਹੋ ਗਈ।
ਉੱਧਰ ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ ’ਤੇ ਵੀ ਪਾਣੀ ਖੜ੍ਹਾ ਹੋ ਗਿਆ। ਇੰਨਾ ਹੀ ਨਹੀਂ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਵੀ ਮੀਂਹ ਕਰਕੇ ਹਰ ਪਾਸੇ ਪਾਣੀ ਭਰ ਗਿਆ। ਮੀਂਹ ਦੌਰਾਨ ਤੇ ਫਿਰ ਪਾਣੀ ਨਿਕਲਣ ਮਗਰੋਂ ਚਿੱਕੜ ਕਾਰਨ ਮੰਡੀ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਪੈਣ ਕਰਕੇ ਸ਼ਹਿਰ ਤੋਂ ਇਲਾਵਾ ਬਾਹਰੀ ਪਾਸੇ ਸਥਿਤ ਵੱਖ-ਵੱਖ ਪਿੰਡਾਂ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ। ਪਿੰਡ ਸਾਰੰਗਪੁਰ, ਧਨਾਸ, ਕਜ਼ਹੇੜੀ, ਡੱਡੂਮਾਜਰਾ, ਮਲੋਆ, ਮੌਲੀ ਜੱਗਰਾਂ ਸਣੇ ਹੋਰਨਾਂ ਪਿੰਡਾਂ ਵਿੱਚ ਕਈ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਗਿਆ।
ਅੱਜ ਸਵੇਰੇ 5 ਵਜੇ ਤੋਂ ਹੀ ਸ਼ਹਿਰ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਲਗਾਤਾਰ ਮੀਂਹ ਪੈਣ ਕਰਕੇ ਸ਼ਹਿਰ ਦਾ ਤਾਪਮਾਨ ਵੀ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 18 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 5.2 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਦੇ ਬਰਾਬਰ ਰਿਹਾ ਹੈ। ਮੌਸਮ ਵਿਗਿਆਨੀਆਂ ਨੇ 18 ਤੇ 19 ਸਤੰਬਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।