ਭਰਵੇ ਮੀਂਹ ਕਾਰਨ ਸੜਕਾਂ ਹੋਈਆਂ ਜਲ-ਥਲ; ਆਵਾਜਾਈ ਪ੍ਰਭਾਵਿਤ
ਸਤਵਿੰਦਰ ਬਸਰਾ
ਲੁਧਿਆਣਾ, 30 ਜੁਲਾਈ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਫਿਰਜੋਪੁਰ ਰੋਡ ਸਣੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ ਹੈ। ਇਸ ਭਰਵੇਂ ਮੀਂਹ ਦੇ ਬਾਵਜੂਦ ਲੁਧਿਆਣਵੀਆਂ ਨੂੰ ਹੁੰਮਸ ਤੋਂ ਕੁਝ ਵੀ ਰਾਹਤ ਨਜ਼ਰ ਨਹੀਂ ਆ ਰਹੀ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਲੁਧਿਆਣਾ ਵਿੱਚ ਅੱਜ 3 ਐੱਮਐੱਮ ਮੀਂਹ ਪਿਆ ਹੈ। ਮੌਨਸੂਨ ਸੀਜ਼ਨ ਜੁਲਾਈ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਇਸ ਦੌਰਾਨ ਜਿੰਨੀ ਵਾਰ ਵੀ ਮੀਂਹ ਪਿਆ, ਉਹ ਰੁਕ-ਰੁਕ ਕੇ ਪਿਆ ਹੈ। ਇਸ ਕਰ ਕੇ ਲੁਧਿਆਣਾ ਦੇ ਲੋਕ ਪਿਛਲੇ ਕਰੀਬ ਇੱਕ ਮਹੀਨੇ ਤੋਂ ਹੁੰਮਸ ਵਾਲੇ ਮੌਸਮ ਕਾਰਨ ਪ੍ਰੇਸ਼ਾਨ ਹਨ। ਇੱਕ ਦਿਨ ਪਹਿਲਾਂ ਤਾਜਪੁਰ ਰੋਡ, ਜਮਾਲਪੁਰ ਚੌਕ, ਸਮਰਾਲਾ ਚੌਕ, ਟਿੱਬਾ ਰੋਡ ਵਾਲੇ ਪਾਸੇ ਭਰਵਾਂ ਮੀਂਹ ਪਿਆ ਸੀ ਜਦਕਿ ਅੱਜ ਇਨ੍ਹਾਂ ਇਲਾਕਿਆਂ ਵਿੱਚ ਹਲਕਾ ਜਦ ਕਿ ਫਿਰੋਜ਼ਪੁਰ ਰੋਡ ਨੇੜੇ ਪੈਂਦੇ ਇਲਾਕਿਆਂ ਗੁਰਦੇਵ ਨਗਰ, ਘੁਮਾਰ ਮੰਡੀ, ਖੇਤੀਬਾੜੀ ਯੂਨੀਵਰਸਿਟੀ, ਵੈਟਰਨਰੀ ਯੂਨੀਵਰਸਿਟੀ, ਬੀਆਰਐੱਸ ਨਗਰ ਆਦਿ ਵਿੱਚ ਭਰਵਾਂ ਮੀਂਹ ਪਿਆ। ਇਸ ਮੀਂਹ ਕਾਰਨ ਸੜਕਾਂ ’ਤੇ ਭਰੇ ਪਾਣੀ ਕਰ ਕੇ ਕਈ ਥਾਂ ਆਵਾਜਾਈ ਪ੍ਰਭਾਵਿਤ ਹੋਈ। ਕਰੀਬ ਇੱਕ ਘੰਟਾ ਮੀਂਹ ਪੈਣ ਤੋਂ ਬਾਅਦ ਨਿੱਕਲੀ ਹਲਕੀ ਧੁੱਪ ਕਾਰਨ ਮੌਸਮ ਦੁਬਾਰਾ ਹੁੰਮਸ ਵਾਲਾ ਬਣ ਗਿਆ। ਜੇਕਰ ਪੀਏਯੂ ਦੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅੱਜ ਲੁਧਿਆਣਾ ਵਿੱਚ 3 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਅੱਜ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਵੇਰ ਸਮੇਂ ਮੌਸਮ ਵਿੱਚ ਨਮੀਂ ਦੀ ਮਾਤਰਾ 75 ਫੀਸਦੀ ਜਦਕਿ ਸ਼ਾਮ ਨੂੰ 79 ਫੀਸਦੀ ਦਰਜ ਕੀਤੀ ਗਈ।
ਜੁਲਾਈ ਮਹੀਨੇ ਪਿਆ ਸਿਰਫ਼ 130 ਐੱਮਐੱਮ ਮੀਂਹ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚੋਂ ਗਰਮ ਰਹਿਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇਸ ਵਾਰ ਜੁਲਾਈ ਮਹੀਨੇ ਔਸਤ ਨਾਲੋਂ ਘੱਟ ਮੀਂਹ ਪਿਆ ਹੈ ਜਿਸ ਕਰ ਕੇ ਦਿਨ ਦਾ ਹੀ ਨਹੀਂ ਸਗੋਂ ਰਾਤ ਦਾ ਤਾਪਮਾਨ ਵੀ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਗਿਆ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਲੁਧਿਆਣਾ ਵਿੱਚ ਜੁਲਾਈ ਮਹੀਨੇ ਔਸਤਨ 216 ਐੱਮਐੱਮ ਮੀਂਹ ਪੈਂਦਾ ਹੈ ਪਰ ਇਸ ਵਾਰ ਅਜੇ ਤੱਕ ਸਿਰਫ 130 ਐੱਮਐੱਮ ਦੇ ਕਰੀਬ ਮੀਂਹ ਪਿਆ ਹੈ। ਉਨ੍ਹਾਂ ਨੇ ਅਗਸਤ ਮਹੀਨੇ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਜਤਾਈ ਹੈ। ਮੌਨਸੂਨ ਸੀਜਨ ਇਸ ਵਾਰ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਹੀ ਪੰਜਾਬ ਪਹੁੰਚ ਗਿਆ ਸੀ ਪਰ ਇਸ ਦਾ ਲੁਧਿਆਣਾ ਵਿੱਚ ਅਸਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਪਿਛਲੇ ਸਾਲਾਂ ਦੇ ਝਾਤ ਮਾਰੀਏ ਤਾਂ ਮੌਨਸੂਨ ਦੇ ਜੁਲਾਈ, ਅਗਸਤ ਅਤੇ ਸਤੰਬਰ ਆਦਿ ਮਹੀਨਿਆਂ ਵਿੱਚ ਔਸਤਨ ਮੀਂਹ 600 ਤੋਂ 624 ਐਮਐਮ ਦੇ ਕਰੀਬ ਪੈਂਦਾ ਸੀ ਜੋ ਪਿਛਲੇ ਸਾਲ ਘੱਟ ਕੇ ਸਿਰਫ 485 ਐੱਮਐੱਮ ਤੱਕ ਰਹਿ ਗਿਆ ਸੀ। ਇਸ ਵਾਰ ਵੀ ਜੁਲਾਈ ਦਾ ਮਹੀਨਾ ਪਿਛਲੇ ਸਾਲਾਂ ਦੇ ਮੁਕਾਬਲੇ ਸੁੱਕਾ ਰਿਹਾ ਹੈ। ਇਸ ਮਹੀਨੇ ਵੀ ਔਸਤਨ ਮੀਂਹ 216 ਐੱਮਐੱਮ ਪੈਂਦਾ ਸੀ ਜੋ ਇਸ ਵਾਰ ਸਿਰਫ 130 ਐੱਮਐੱਮ ਦੇ ਕਰੀਬ ਹੀ ਪਿਆ ਹੈ। ਇਸ ਵਾਰ ਮੀਂਹ ਘੱਟ ਪੈਣ ਕਰਕੇ ਦਿਨ ਦਾ ਤਾਪਮਾਨ ਜੋ 30-35 ਡਿਗਰੀ ਸੈਲਸੀਅਸ ਤੱਕ ਹੁੰਦਾ ਸੀ ਅੱਜਕਲ੍ਹ 37 ਤੋਂ 38 ਡਿਗਰੀ ਸੈਲਸੀਅਸ ਤੱਕ ਜਾ ਰਿਹਾ ਹੈ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਜੋ ਪਿਛਲੇ ਸਾਲਾਂ ’ਚ ਇਸ ਮਹੀਨੇ 28 ਤੋਂ 29 ਡਿਗਰੀ ਸੈਲਸੀਅਸ ਹੁੰਦਾ ਸੀ, ਅੱਜਕਲ੍ਹ 30 ਤੋਂ 31 ਡਿਗਰੀ ਸੈਲਸੀਅਸ ਚੱਲ ਰਿਹਾ ਹੈ।
ਸਨਅਤੀ ਸ਼ਹਿਰ ਲਈ ਰਾਹਤ ਤੋਂ ਵੱਧ ਪ੍ਰੇਸ਼ਾਨੀਆਂ ਲੈ ਕੇ ਆਇਆ ਮੀਂਹ
ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਅੱਜ ਪਇਆ ਮੀਂਹ ਰਾਹਤ ਦੇ ਨਾਲ ਨਾਲ ਲੋਕਾਂ ਲਈ ਪ੍ਰੇਸ਼ਾਨੀਆਂ ਵੀ ਲੈ ਕੇ ਆਇਆ। ਮੀਂਹ ਤੋਂ ਬਾਅਦ ਸ਼ਹਿਰ ਦੇ ਇੱਕ ਇਲਾਕੇ ਵਿੱਚ ਸੜਕ ਧੱਸ ਗਈ ਤੇ ਇੱਕ ਪਾਸੇ ਦਰੱਖ਼ਤ ਡਿੱਗ ਗਿਆ, ਜਿਸ ਨਾਲ ਕਾਰ ਨੁਕਸਾਨੀ ਗਈ। ਮੀਂਹ ਦੁਪਹਿਰ ਵੇਲੇ ਕਾਫ਼ੀ ਤੇਜ਼ ਪਇਆ। ਮੰਗਲਵਾਰ ਦੁਪਹਿਰ ਵੇਲੇ ਪਏ ਮੀਹ ਤੋਂ ਪਹਿਲਾਂ ਹੀ ਗਰੀਨ ਫੀਲਡ ਇਲਾਕੇ ਵਿੱਚ ਸੀਵਰੇਜ ਚੈਂਬਰ ਦੇ ਨਾਲੋਂ ਸੜਕ ਧੱਸ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੜਕ ਦੇ ਧੱਸਣ ਦੀ ਜਾਣਕਾਰੀ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪੁੱਜੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਸੀਵਰੇਜ ਚੈਂਬਰ ਦੀ ਮੁਰੰਮਤ ਕਰ ਟੋਏ ਵਿੱਚ ਮਲਬਾ ਭਰ ਦਿੱਤਾ। ਮੁੱਖ ਸੜਕ ਹੋਣ ਕਰ ਕੇ ਇਥੋਂ ਕਾਫ਼ੀ ਟਰੈਫਿਕ ਲੰਘਦਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀ ਮਾਡਲ ਗਰਾਮ, ਗੁਰਦੇਵ ਨਗਰ ਤੇ ਲਾਜਪਤ ਨਗਰ ਇਲਾਕੇ ਵਿੱਚ ਸੀਵਰੇਜ ’ਚ ਪੈ ਰਹੇ ਖੱਡਿਆਂ ਦਾ ਮੁੱਦਾ ਵੀ ਕਾਫ਼ੀ ਚਰਚਾ ਸੀ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤੇ ਉਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੂਰੇ ਇਲਾਕੇ ਵਿੱਚ ਸੜਕ ’ਤੇ ਪੈ ਰਹੇ ਟੋਇਆਂ ਨੂੰ ਸਹੀ ਕਰਵਾਇਆ। ਇਸੇ ਦੌਰਾਨ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਮੀਂਹ ਦੌਰਾਨ ਇੱਕ ਦਰੱਖ਼ਤ ਡਿੱਗ ਗਿਆ ਤੇ ਥੱਲੇ ਖੜ੍ਹੀ ਆਈ-10 ਕਾਰ ਨੁਕਸਾਨ ਗਈ।