For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਦੌਰਾਨ ਟੁੱਟੀਆਂ ਸੜਕਾਂ ਦੀ ਜਲਦੀ ਹੋਵੇਗੀ ਮੁੜ ਉਸਾਰੀ: ਈਟੀਓ

10:38 AM Sep 18, 2023 IST
ਹੜ੍ਹਾਂ ਦੌਰਾਨ ਟੁੱਟੀਆਂ ਸੜਕਾਂ ਦੀ ਜਲਦੀ ਹੋਵੇਗੀ ਮੁੜ ਉਸਾਰੀ  ਈਟੀਓ
ਸੜਕ ਦਾ ਉਦਘਾਟਨ ਕਰਦੇ ਹੋਏ ਮੰਤਰੀ ਹਰਭਜਨ ਸਿੰਘ ਈਟੀਓ ਤੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।
Advertisement

ਪੱਤਰ ਪ੍ਰੇਰਕ
ਸਰਦੂਲਗੜ੍ਹ, 17 ਸਤੰਬਰ
ਹਲਕਾ ਸਰਦੂਲਗੜ੍ਹ ਦੀਆਂ ਲੰਬੇ ਸਮੇਂ ਤੋਂ ਖਸਤਾ ਹਾਲਤ ਸੜਕਾਂ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ। ਮੰਤਰੀ ਨੇ ਦੱਸਿਆ ਕਿ 23 ਕਰੋੜ ਦੀ ਲਾਗਤ ਨਾਲ ਹਲਕਾ ਸਰਦੂਲਗੜ੍ਹ ਦੀਆਂ ਤਕਰੀਬਨ 35 ਕਿਲੋਮੀਟਰ ਲੰਬੀਆਂ ਤਿੰਨ ਮੁੱਖ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਵਿਸ਼ੇਸ਼ ਯਤਨਾਂ ਤੇ ਵਿਧਾਨ ਸਭਾ ’ਚ ਹਲਕੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਕਰ ਕੇ ਹਲਕੇ ਵਿੱਚ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ’ਚ ਜਟਾਣਾ ਕੈਂਚੀਆਂ ਤੋਂ ਵਾਇਆ ਕੁਸਲਾ, ਨਥੇਹਾ ਤੱਕ, ਸਰਦੂਲੇਵਾਲਾ ਤੋਂ ਰੋੜੀ ਤੱਕ ਅਤੇ ਸਿਰਸਾ ਕੈਂਚੀਆਂ ਤੋਂ ਹਾਂਸਪੁਰ ਤੱਕ ਸੜਕਾਂ ਨਵੇਂ ਸਿਰੇ ਤੋਂ ਉਸਾਰਨ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਪੰਜ ਸਾਲ ਤੱਕ ਦੀ ਜ਼ਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੌਰਾਨ ਟੁੱਟੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਉਸਾਰੀ ਅਤੇ ਤੇ ਮੁਰੰਮਤ ਕਰਨ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਇਹ ਸੜਕਾਂ ਨੂੰ ਬਣਾਉਣ ਦੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਜੋ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ. ਦਾ ਧੰਨਵਾਦ ਕੀਤਾ। ਇਸ ਮੌਕੇ ਦਫਤਰ ਇੰਚਾਰਜ ਵਿਰਸ਼ਾ ਸਿੰਘ, ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਡਾ. ਹਰਦੇਵ ਸਿੰਘ ਕੋਰਵਾਲਾ, ਚਰਨ ਦਾਸ, ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਹਰਜੋਤ ਕੌਰ ਆਦਿ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×