ਮੀਂਹ ਕਾਰਨ ਟੁੱਟੀਆਂ ਸੜਕਾਂ ਨੇ ਰੋਕੀ ਟਰਾਈਸਿਟੀ ਦੀ ਰਫ਼ਤਾਰ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਚੰਡੀਗੜ੍ਹ ਵਿੱਚ ਪਏ ਭਾਰੀ ਮੀਂਹ ਕਰਕੇ ਸ਼ਹਿਰ ਦੀਆਂ ਕੁਝ ਸੜਕਾਂ ਪ੍ਰਭਾਵਿਤ ਹੋ ਗਈਆਂ ਹਨ, ਜਿਸ ਕਰਕੇ ਮੱਧ ਮਾਰਗ ’ਤੇ ਦਨਿ ਭਾਰ ਜਾਮ ਲੱਗਿਆ ਰਿਹਾ। ਮੱਧ ਮਾਰਗ ’ਤੇ ਲੱਗਣ ਵਾਲੇ ਜਾਮ ਕਰਕੇ ਲੋਕਾਂ ਨੂੰ ਪੰਚਕੂਲਾ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਮ ਮੱਧ ਮਾਰਗ ’ਤੇ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਚੰਡੀਗੜ੍ਹ ਹਾਊਸਿੰਗ ਬੋਰਡ ਤੱਕ ਲੱਗਿਆ ਹੋਇਆ ਹੈ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਰਾਹਗੀਰਾਂ ਦੀ ਮਦਦ ਲਈ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਕਰਕੇ ਗੋਲਫ਼ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲਾ ਪੁਲ, ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਣ ਵਾਲੇ ਪੁਲ ਦੀ ਮੁਰੰਮਤ ਚੱਲ ਰਹੀ ਹੈ। ਦੂਜੇ ਪਾਸੇ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਕੋਲ ਅੰਡਰ ਬ੍ਰਿਜ ਅਤੇ ਮੌਲੀ ਜੱਗਰਾਂ ਨੂੰ ਜਾਣ ਵਾਲੇ ਅੰਡਰਬ੍ਰਿਜ ਵਿੱਚ ਪਾਣੀ ਭਰਨ ਕਰਕੇ ਇਹ ਰਾਹ ਬੰਦ ਹੋ ਗਏ ਹਨ। ਇਸ ਤੋਂ ਇਲਾਵਾ ਮੱਖਣਮਾਜਰਾ ਵਾਲੀ ਸੜਕ ਵੀ ਬੰਦ ਪਈ ਹੈ। ਇੰਜਨੀਅਰਿੰਗ ਵਿਭਾਗ ਵੱਲੋਂ ਇਨ੍ਹਾਂ ਸੜਕਾਂ ਤੋਂ ਪਾਣੀ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਉਪਰੰਤ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਸ਼ਹਿਰ ਦੀਆਂ ਕੁਝ ਸੜਕਾਂ ਬੰਦ ਹੋਣ ਕਰਕੇ ਮੱਧ ਮਾਰਗ ’ਤੇ ਲੱਗਣ ਵਾਲੇ ਜਾਮ ਸਬੰਧੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।
ਐਂਬੂਲੈਂਸਾਂ ਲਈ ਰੂਟ ਤੈਅ ਕਰੇ ਯੂਟੀ ਪ੍ਰਸ਼ਾਸਨ: ਦੀਪਾ ਦੂਬੇ
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਟਰਾਂਸਪੋਰਟ ਲਾਈਟ ਤੋਂ ਪੰਚਕੂਲਾ ਤੱਕ ਵਿਚਕਾਰਲੀ ਸੜਕ ’ਤੇ ਪਿਛਲੇ 2 ਦਨਿਾਂ ਤੋਂ ਭਾਰੀ ਜਾਮ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਾਮ ਕਰਕੇ ਐਂਬੂਲੈਂਸਾਂ ਭੀੜ ’ਚ ਫਸ ਰਹੀਆਂ ਹਨ, ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਧ ਮਾਰਗ ਬੰਦ ਹੋਣ ਕਰਕੇ ਹਰਿਆਣਾ ਅਤੇ ਸੈਕਟਰ-14/15 ਵਾਲੀ ਸੜਕ ਬੰਦ ਹੋਣ ਕਾਰਨ ਪੰਜਾਬ ਤੋਂ ਆਉਣ ਵਾਲੀਆਂ ਐਂਬੂਲੈਂਸਾਂ ਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀਮਤੀ ਦੂਬੇ ਨੇ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਵੱਲੋਂ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੀਆਂ ਐਂਬੂਲੈਂਸਾਂ ਲਈ ਬਦਲਵਾ ਰੂਟ ਤੈਅ ਕੀਤਾ ਜਾਵੇ।