ਮੀਂਹ ਕਾਰਨ ਟੁੱਟੀਆਂ ਸੜਕਾਂ ਨੂੰ ਆਰਜ਼ੀ ਟਾਕੀਆਂ ਲੱਗਣ ਲੱਗੀਆਂ
ਖ਼ਬਰ ਦਾ ਅਸਰ
ਜਗਜੀਤ ਸਿੰਘ
ਮੁਕੇਰੀਆਂ, 20 ਨਵੰਬਰ
ਮੀਂਹ ਕਾਰਨ ਟੁੱਟੀਆਂ ਕੰਢੀ ਦੀਆਂ ਸੜਕਾਂ ਦੀ ਫੰਡਾਂ ਦੀ ਘਾਟ ਕਾਰਨ ਮੁਰੰਮਤ ਨਾ ਹੋਣ ਦਾ ਮਾਮਲਾ ਉਜਾਗਰ ਹੋਣ ਉਪਰੰਤ ਲੋਕ ਨਿਰਮਾਣ ਵਿਭਾਗ ਨੇ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਦੀ ਆਰਜ਼ੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਪਿੰਡ ਬਹਿਫੱਤੋ ਕੋਲ ਸੜਕ ਦੇ ਅੱਧ ਤੱਕ ਪਏ ਪਾੜ ਨੂੰ ਜੇਸੀਬੀ ਦੀ ਮਦਦ ਨਾਲ ਪੂਰ ਦਿੱਤਾ ਗਿਆ ਹੈ ਤਾਂ ਜੋ ਸੜਕ ਦੇ ਬੈਠਣ ਦੀ ਸੂਰਤ ਵਿੱਚ ਕੋਈ ਹਾਦਸਾ ਨਾ ਹੋਵੇ।
ਦੱਸਣਯੋਗ ਹੈ ਕਿ ਬੀਤੇ ਦਿਨ ‘ਪੰਜਾਬੀ ਟ੍ਰਿਬਿਊਨ’ ਵਲੋਂ ‘ਮੀਂਹ ਕਾਰਨ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਫੰਡਾਂ ਦੀ ਘਾਟ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਦੇ ਚੱਲਦਿਆਂ ਬੀਤੇ ਦਿਨ ਇਸ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਗਈ ਹੈ।
ਐੱਸਡੀਓ ਦਵਿੰਦਰ ਸ਼ਰਮਾ ਨੇ ਕਿਹਾ ਕਿ ਕੰਢੀ ਖੇਤਰ ਦੀਆਂ ਕਰੀਬ 10 ਸੜਕਾਂ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਸੀ। ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਆਵਜਾਈ ਵੀ ਪ੍ਰਭਾਵਿਤ ਹੋਈ ਸੀ। ਅੱਡਾ ਝੀਰ ਦਾ ਖੂਹ ਕਮਾਹੀ ਦੇਵੀ ਰੋਡ ’ਤੇ ਇੱਕ ਥਾਂ ਪੁਲੀ ਸਣੇ ਪੂਰੀ ਸੜਕ ਹੀ ਰੁੜ੍ਹ ਗਈ ਸੀ, ਜੋ ਸੀਮਿੰਟ ਦੀਆਂ ਪਾਈਪਾਂ ਤੇ ਮਿੱਟੀ ਪਾ ਕੇ ਮੁਰੰਮਤ ਕਰ ਦਿੱਤੀ ਗਈ ਸੀ। ਬਹਿਫੱਤੋ ਕੋਲ ਵੀ ਸੜਕ ਦਾ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਇੱਥੋਂ ਲੰਘਦੀ ਭਾਰੀ ਆਵਜਾਈ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਸੀ। ਵਿਭਾਗ ਵੱਲੋਂ ਪਿੰਡ ਬਹਿਫੱਤੋ ਕੋਲ ਜੇਸੀਬੀ ਲਗਾ ਕੇ ਸੜਕ ਦਾ ਕਾਫ਼ੀ ਹਿੱਸਾ ਪੂਰ ਦਿੱਤਾ ਗਿਆ ਹੈ ਅਤੇ ਰਹਿੰਦੀਆਂ ਥਾਵਾਂ ਦੀ ਵੀ ਆਰਜ਼ੀ ਮੁਰੰਮਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਫੰਡ ਮਿਲਣ ਦੀ ਆਸ ਹੈ ਅਤੇ ਫੰਡ ਮਿਲਣ ’ਤੇ ਕੰਢੀ ਦੀਆਂ ਮੀਂਹ ਨਾਲ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।