ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਦੇ ਪੱਖ ’ਚ ਰੋਡ ਸ਼ੋਅ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਈ
ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਅੱਜ ਜਲੰਧਰ ਸ਼ਹਿਰ ’ਚ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਮਕਸੂਦਾਂ ਤੋਂ ਸ਼ੁਰੂ ਹੋਇਆ ਤੇ ਜਲੰਧਰ ਉੱਤਰੀ, ਜਲੰਧਰ ਕੇਂਦਰੀ ਹਲਕਿਆਂ ’ਚੋਂ ਹੁੰਦਾ ਹੋਇਆ ਜਲੰਧਰ ਛਾਉਣੀ ’ਚ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਾਹ ’ਚ ਜਗ੍ਹਾ-ਜਗ੍ਹਾ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਬਾਕੀ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਣ ਤੇ ਐਮਪੀ-ਐਮਐਲਏ ਬਣਨ ਦਾ ਮੌਕਾ ਦਿੱਤਾ, ਪਰ ਇਨ੍ਹਾਂ ਪਾਰਟੀਆਂ ਨੇ ਲੋਕਾਂ ਤੋਂ ਤਾਕਤ ਲੈ ਕੇ ਉਨ੍ਹਾਂ ਨੂੰ ਹੀ ਬਦਹਾਲੀ ਵੱਲ ਧੱਕਣ ਦਾ ਕੰਮ ਕੀਤਾ ਹੈ। ਐਡਵੋਕੇਟ ਬਲਵਿੰਦਰ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਮਾੜੀਆਂ ਨੀਤੀਆਂ ਲਾਗੂ ਕਰ ਕੇ ਸਿਹਤ, ਸਿੱਖਿਆ, ਰੁਜ਼ਗਾਰ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕ ਇਸ ਵਾਰ ਮੌਕਾ ਬਸਪਾ ਨੂੰ ਜ਼ਰੂਰ ਦੇਣ। ਉਹ ਜਿੱਤ ਕੇ ਜਲੰਧਰ ਵਾਸੀਆਂ ਨੂੰ ਸਿਹਤ, ਸਿੱਖਿਆ, ਰੁਜ਼ਗਾਰ ਤੇ ਸੁਰੱਖਿਅਤ ਮਾਹੌਲ ਦੇਣ ਦਾ ਪ੍ਰਬੰਧ ਕਰਨਗੇ।