For the best experience, open
https://m.punjabitribuneonline.com
on your mobile browser.
Advertisement

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਵੱਲੋਂ ਰੋਡ ਸ਼ੋਅ

07:58 AM May 31, 2024 IST
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਵੱਲੋਂ ਰੋਡ ਸ਼ੋਅ
ਅੰਮ੍ਰਿਤਸਰ ਵਿੱਚ ਰੋਡ ਸ਼ੋਅ ਦੌਰਾਨ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਈ
ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ‘ਆਪ’ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਰੋਡ ਸ਼ੋਅ ਕੱਢੇ। ਸ੍ਰੀ ਧਾਲੀਵਾਲ ਦਾ ਰੋਡ ਸ਼ੋਅ ਮਜੀਠਾ ਤੋਂ ਸ਼ੁਰੂ ਹੋ ਕੇ ਅਜਨਾਲਾ, ਰਾਜਾਸਾਂਸੀ, ਚੁਗਾਵਾਂ ਅਤੇ ਅਟਾਰੀ ਵਿੱਚੋਂ ਹੁੰਦੇ ਹੋਏ ਖਾਸਾ ਵਿੱਚ ਸਮਾਪਤ ਹੋਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਆ ਕੇ ਬਿਆਨ ਦਿੱਤਾ ਗਿਆ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗ ਦਿੱਤਾ ਜਾਵੇਗਾ। ਸ੍ਰੀ ਧਾਲੀਵਾਲ ਨੇ ਕਿਹਾ ਕਿ 92 ਵਿਧਾਇਕਾਂ ਵਾਲੀ ਸਰਕਾਰ ਨੂੰ ਡੇਗਣ ਦੀ ਗੱਲ ਕਰਨਾ ਭਾਜਪਾ ਸਰਕਾਰ ਦੇ ਹੰਕਾਰ ਨੂੰ ਦਰਸਾਉਂਦਾ ਹੈ। ਇਸ ਤਾਨਾਸ਼ਾਹੀ ਭਰੇ ਬਿਆਨ ਦਾ ਜਵਾਬ ਲੋਕ ਪਹਿਲੀ ਜੂਨ ਨੂੰ ਵੋਟਾਂ ਨਾਲ ਦੇਣਗੇ ਤੇ ਭਾਜਪਾ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਪੈਰਾਸ਼ੂਟ ਰਾਹੀਂ ਅੰਮ੍ਰਿਤਸਰ ਆਇਆ ਉਮੀਦਵਾਰ ਮੁੜ ਪੈਰਾਸ਼ੂਟ ਰਾਹੀਂ ਅਮਰੀਕਾ ਚਲਾ ਜਾਵੇਗਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਹੋਣ ਦੇ ਬਾਵਜੂਦ ਅੰਮ੍ਰਿਤਸਰ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣਾ ਹੈ। ਇਸ ਦਾ ਵੱਡਾ ਕਾਰਨ ਅੰਮ੍ਰਿਤਸਰ ਤੋਂ ਚੁਣ ਕੇ ਗਏ ਕਿਸੇ ਵੀ ਸੰਸਦ ਮੈਂਬਰ ਨੇ ਸੰਸਦ ਵਿੱਚ ਅੰਮ੍ਰਿਤਸਰ ਲਈ ਆਵਾਜ਼ ਬੁਲੰਦ ਨਹੀਂ ਕੀਤੀ। ਉਨਾਂ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ ਪਰ ਕਈ ਤਰ੍ਹਾਂ ਦੇ ਪ੍ਰਾਜੈਕਟ ਤੇ ਸਕੀਮਾਂ ਜੋ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਾਗੂ ਹੋਣੀਆਂ ਹੁੰਦੀਆਂ ਹਨ, ਉਹ ਅੰਮ੍ਰਿਤਸਰ ਵਿੱਚ ਲਾਗੂ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਇਸ ਵਾਰ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ ਤੇ ਭਾਜਪਾ ਸੱਤਾ ਤੋਂ ਬਾਹਰ ਹੋਵੇਗੀ।

Advertisement

ਕਾਂਗਰਸੀ ਉਮੀਦਵਾਰ ਔਜਲਾ ਦੇ ਰੋਡ ਸ਼ੋਅ ਦਾ ਸਵਾਗਤ

ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਵਿੱਚ ਰੋਡ ਸ਼ੋਅ ਰਾਹੀਂ ਜਿੱਤ ਦਾ ਦਾਅਵਾ ਕੀਤਾ ਹੈ। ਹਾਲ ਗੇਟ ਤੋਂ ਸ਼ੁਰੂ ਹੋਏ ਰੋਡ ਸ਼ੋਅ ਵਿਚ ਵੱਡੀ ਗਿਣਤੀ ਵਿਚ ਸਮਰਥਕ ਸ਼ਾਮਲ ਸਨ ਅਤੇ ਸਵਾਗਤ ਲਈ ਥਾਂ-ਥਾਂ ਲੋਕ ਖੜ੍ਹੇ ਸਨ। ਦੁਕਾਨਦਾਰਾਂ ਨੇ ਵੀ ਸ੍ਰੀ ਔਜਲਾ ਦਾ ਸਵਾਗਤ ਕੀਤਾ ਅਤੇ ਵੋਟ ਦੇ ਕੇ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸੀ ਉਮੀਦਵਾਰ ਨਾਲ ਹੱਥ ਮਿਲਾਉਣ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਵਾਲਿਆ ਦਾ ਉਤਸ਼ਾਹ ਦੇਖਣਯੋਗ ਸੀ। ਅਤਿ ਦੀ ਗਰਮੀ ਵਿੱਚ ਵੀ ਲੋਕ ਉਨ੍ਹਾਂ ਦੇ ਨਾਲ ਸਨ। ਕਾਂਗਰਸੀ ਉਮੀਦਵਾਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਨੂੰ ਹਿੰਮਤ ਅਤੇ ਪ੍ਰੇਰਨਾ ਦਿੰਦਾ ਹੈ। ਉਹ ਪਹਿਲਾਂ ਵੀ ਵਪਾਰੀਆਂ ਨੂੰ ਮਿਲਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਜੀਐਸਟੀ, ਕਰਜ਼ੇ ’ਤੇ ਉੱਚੀ ਵਿਆਜ ਦਰ, ਭਾਰਤ-ਪਾਕਿ ਸਰਹੱਦ ਦਾ ਬੰਦ ਹੋਣਾ ਕੁਝ ਅਜਿਹੀਆਂ ਸਮੱਸਿਆਵਾਂ ਹਨ, ਜੋ ਵਪਾਰੀਆਂ ਨੂੰ ਅਗਾਂਹ ਵਧਣ ਤੋ ਰੋਕ ਰਹੀਆਂ ਹਨ। ਇਸੇ ਲਈ ਕਾਂਗਰਸ ਦੇ ਸੱਤਾ ਵਿੱਚ ਆਉਣ ’ਤੇ ਕਾਰੋਬਾਰ ਨੂੰ ਹੁਲਾਰਾ ਦਿੱਤਾ ਜਾਵੇਗਾ ਅਤੇ ਨਵੀਆਂ ਸਕੀਮਾਂ ਲਿਆਉਣਗੇ। ਹਾਲ ਗੇਟ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਭਰਾਵਾਂ ਦਾ ਢਾਬਾ ’ਤੇ ਸਮਾਪਤ ਹੋਇਆ ਜਿੱਥੇ ਸ੍ਰੀ ਔਜਲਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਬਾਅਦ ਵਿਚ ਉਨ੍ਹਾਂ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸੀ ਆਗੂ ਓਪੀ ਸੋਨੀ, ਸੁੱਖ ਔਜਲਾ, ਬਾਬਰ ਔਜਲਾ, ਰਾਜਕੁਮਾਰ, ਇੰਦਰਬੀਰ ਸਿੰਘ ਬੁਲਾਰੀਆ, ਅਸ਼ਵਨੀ ਪੱਪੂ, ਦਰਬਾਰੀ ਲਾਲ, ਜੁਗਲ ਕਿਸ਼ੋਰ ਸ਼ਰਮਾ, ਸੁਨੀਲ ਦੱਤੀ, ਮਮਤਾ ਦੱਤਾ, ਦਿਨੇਸ਼ ਬੱਸੀ, ਤਰਸੇਮ ਸਿੰਘ, ਵਿਕਾਸ ਸੋਨੀ ਤੇ ਹੋਰ ਹਾਜ਼ਰ ਸਨ।

ਸੰਧੂ ਦੇ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ

ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸੁਲਤਾਨਵਿੰਡ ਇਲਾਕੇ ਵਿੱਚ ਰੋਡ ਸ਼ੋਅ ਤੇ ਮੋਟਰਸਾਈਕਲ ਰੈਲੀ ਕੱਢੀ। ਰੋਫ ਸ਼ੋਅ ਦੌਰਾਨ ਭਾਜਪਾ ਉਮੀਦਵਾਰ ਤੇ ਸਮਰਥਕਾਂ ਦਾ ਕਾਫ਼ਲਾ 100 ਫੁੱਟੀ ਚੌਕ, ਤੇਜ ਨਗਰ, ਸ਼ਹੀਦ ਊਧਮ ਸਿੰਘ ਨਗਰ, ਗੁਰਦੁਆਰਾ ਬਾਬਾ ਦੀਪ ਸਿੰਘ ਚੌਕ, ਭਗਤਾਂਵਾਲਾ ਤੋਂ ਹੁੰਦਾ ਹੋਇਆ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਗਿਆ। ਰੋਡ ਸ਼ੋਅ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਸਮਰਥਕਾਂ ਵੱਲੋਂ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਕਾਰਨ ਸੜਕ ’ਤੇ ਜਾਮ ਲੱਗ ਗਿਆ। ਇਸ ਮੌਕੇ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਡਿਪਟੀ ਮੇਅਰ ਅਜੈਬੀਰ ਪਾਲ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਹਾਜ਼ਰ ਸਨ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜੋ ਲੋਕ ਅੰਮ੍ਰਿਤਸਰ ਦਾ ਵਿਕਾਸ ਚਾਹੁੰਦੇ ਹਨ ਤੇ ਨਸ਼ਿਆਂ ਖ਼ਿਲਾਫ਼ ਹਨ, ਉਹ ਇਸ ਵਾਰ ਸਹੀ ਨੁਮਾਇੰਦੇ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ ਅਤੇ ਇਹ ਵਿਕਾਸ ਅੰਮ੍ਰਿਤਸਰ ਵਿੱਚ ਵੀ ਹੋਵੇਗਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਰੋਡਮੈਪ ਤਿਆਰ ਕੀਤਾ ਹੈ। ਭਗਤਾਂਵਾਲਾ ਦੇ ਕੂੜਾ ਡੰਪ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਹਿਰਾਂ ਦੀ ਸਲਾਹ ਵੀ ਲਈ ਗਈ ਹੈ।

Advertisement
Author Image

joginder kumar

View all posts

Advertisement
Advertisement
×