ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਇੰਬਟੂਰ ਵਿੱਚ ਰੋਡ ਸ਼ੋਅ
ਕੋਇੰਬਟੂਰ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਰੋਡ ਸ਼ੋਅ ਕੀਤਾ। ਇਸ ਦੌਰਾਨ ਭਾਜਪਾ ਵਰਕਰਾਂ ਨੇ ‘ਮੋਦੀ, ਮੋਦੀ’ ਦੇ ਨਾਅਰੇ ਲਾ ਕੇ ਅਤੇ ਰਵਾਇਤੀ ਸੰਗੀਤ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਰੋਡ ਸ਼ੋਅ ਮਦਰਾਸ ਹਾਈ ਕੋਰਟ ਵੱਲੋਂ ਸਮਾਗਮ ਦੀ ਇਜਾਜ਼ਤ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਸਖ਼ਤ ਪੁਲੀਸ ਸੁਰੱਖਿਆ ਹੇਠ ਹੋਇਆ। ਪਹਿਲਾਂ ਪੁਲੀਸ ਨੇ ਰੋਡ ਸ਼ੋਅ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਮੋਦੀ ਵੱਲੋਂ ਖੁੱਲ੍ਹੇ ਵਾਹਨ ਵਿੱਚ ਆਪਣਾ ਰੋਡ ਸ਼ੋਅ ਸ਼ੁਰੂ ਕਰਦਿਆਂ ਹੀ ਸੜਕ ਦੇ ਦੋਵੇਂ ਪਾਸੇ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਹੱਕ ਵਿਚ ਨਾਅਰੇ ਲਾਏ। ਲੋਕਾਂ ਨੇ ਮੋਦੀ ਦੇ ਸਵਾਗਤ ਲਈ ਹੱਥਾਂ ’ਚ ਕਮਲ ਦੇ ਫੁੱਲ ਫੜੇ ਹੋਏ ਸਨ। ਉਨ੍ਹਾਂ ਰੋਡ ਸ਼ੋਅ ਦੌਰਾਨ ਹੱਥ ਹਿਲਾ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕੋਇੰਬਟੂਰ ਵਿੱਚ ਰੋਡ ਸ਼ੋਅ ਕੀਤਾ ਹੈ। ਇਸੇ ਤਰ੍ਹਾਂ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਿਆਸੀ ਸਰਗਰਮੀ ਹੈ। ਇਸ ਦੌਰਾਨ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਲਾਈ, ਕੇਂਦਰੀ ਰਾਜ ਮੰਤਰੀ ਐਲ ਮੁਰੂਗਨ ਅਤੇ ਕੋਇੰਬਟੂਰ ਦੀ ਵਿਧਾਇਕ ਤੇ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਨਾਥੀ ਸ੍ਰੀਨਿਵਾਸਨ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੌਜੂਦ ਸਨ। -ਪੀਟੀਆਈ