ਇਨੈਲੋ-ਬਸਪਾ ਉਮੀਦਵਾਰ ਵੱਲੋਂ ਰੋਡ ਸ਼ੋਅ
ਫਰਿੰਦਰਪਾਲ ਗੁਲਿਆਣੀ
ਨਰਾਇਣਗੜ੍ਹ, 3 ਅਕਤੂਬਰ
ਨਰਾਇਣਗੜ੍ਹ ਤੋਂ ਇਨੈਲੋ-ਬਸਪਾ ਉਮੀਦਵਾਰ ਹਰਬਿਲਾਸ ਰੱਜੂ ਮਾਜਰਾ ਨੇ ਨਰਾਇਣਗੜ੍ਹ ਵਿੱਚ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ। ਹਰ ਬਿਲਾਸ ਨੇ ਆਪਣਾ ਰੋਡ ਸ਼ੋਅ ਨਰਾਇਣਗੜ੍ਹ ਦੇ ਸਾਈਂ ਮੰਦਿਰ ਤੋਂ ਸ਼ੁਰੂ ਕੀਤਾ ਜੋ ਹੁਸੈਨੀ ਚੌਕ, ਹੁੱਡਾ ਸੈਕਟਰ, ਗੀਤਾ ਸਕੂਲ ਚੌਕ, ਸੁਭਾਸ਼ ਚੌਕ, ਅੰਬੇਡਕਰ, ਮੇਨ ਬਜ਼ਾਰ ਤੇ ਖਾਲਸਾ ਚੌਕ ਤੋਂ ਹੁੰਦਾ ਹੋਇਆ ਅਗਰਸੇਨ ਚੌਕ ਵਿਖੇ ਸਮਾਪਤ ਹੋਇਆ। ਹਰ ਬਿਲਾਸ ਨੇ ਸ਼ਹਿਰ ਵਾਸੀਆਂ ਨੂੰ ਇਨੈਲੋ ਅਤੇ ਬਸਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਅਤੇ ਭਾਜਪਾ ਦਾ ਰਾਜ ਦੇਖ ਲਿਆ ਹੈ ਅਤੇ ਕੋਈ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਇਨੈਲੋ ਅਤੇ ਬਸਪਾ ਹੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਸਕਦੀ ਹੈ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। ਹਰ ਬਿਲਾਸ ਰੱਜੂ ਮਾਜਰਾ ਦਾ ਥਾਂ-ਥਾਂ ’ਤੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਗਮਾਲ ਰੋਲੋਂ, ਗੁਰਮੁੱਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸੇ ਦੌਰਾਨ ਨਰਾਇਣਗੜ੍ਹ ਬਾਰ ਐਸੋਸੀਏਸ਼ਨ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਅਤੇ ਰਾਮ ਕ੍ਰਿਸ਼ਨ ਗੁੱਜਰ ਨੇ ਸ਼ਮੂਲੀਅਤ ਕੀਤੀ। ਸ਼ੈਲੀ ਚੌਧਰੀ ਨੇ ਸਮੂਹ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਿੰਦਲ ਅਤੇ ਮੀਤ ਪ੍ਰਧਾਨ ਕੁਲਵਿੰਦਰ ਕੌਰ ਨੇ ਸ਼ੈਲੀ ਅਤੇ ਰਾਮ ਕ੍ਰਿਸ਼ਨ ਨੂੰ ਗੁਲਦਸਤੇ ਅਤੇ ਮਾਤਾ ਦੀ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ। ਕਾਂਗਰਸ ਦੇ ਚੋਣ ਮਨੋਰਥ ਪੱਤਰ ਬਾਰੇ ਗੱਲਬਾਤ ਕਰਦਿਆਂ ਸ਼ੈਲੀ ਚੌਧਰੀ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਔਰਤਾਂ ਨੂੰ ਭੱਤੇ, ਨੌਜਵਾਨਾਂ ਨੂੰ ਨੌਕਰੀਆਂ ਅਤੇ ਬਜ਼ੁਰਗਾਂ ਨੂੰ ਵੱਧ ਪੈਨਸ਼ਨ ਮਿਲੇਗੀ। ਚੌਧਰੀ ਰਾਮ ਕ੍ਰਿਸ਼ਨ ਨੇ ਵੀ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।
ਜਿੱਤਣ ਮਗਰੋਂ ਨਰਾਇਣਗੜ੍ਹ ਦਾ ਵਿਕਾਸ ਕਰਾਂਗੇ: ਪਵਨ ਸੈਣੀ
ਭਾਜਪਾ ਉਮੀਦਵਾਰ ਡਾ. ਪਵਨ ਸੈਣੀ ਨੇ ਅੱਜ ਸ਼ਹਿਰ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਪਵਨ ਸੈਣੀ ਨੇ ਆਪਣੇ ਸਮਰਥਕਾਂ ਸਮੇਤ ਨਗਰ ਖੇੜਾ ਮੰਦਰ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਜੋ ਅੰਬਾਲਾ ਚੌਕ ਵਿੱਚ ਸਮਾਪਤ ਹੋਇਆ। ਵੱਖ-ਵੱਖ ਥਾਵਾਂ ’ਤੇ ਰੋਡ ਸ਼ੋਅ ਦੌਰਾਨ ਡਾ. ਪਵਨ ਸੈਣੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਵਨ ਸੈਣੀ ਨੂੰ ਲੱਡੂਆਂ ਨਾਲ ਤੋਲਿਆ ਗਿਆ। ਪਵਨ ਸੈਣੀ ਨੇ ਸਮੂਹ ਦੁਕਾਨਦਾਰਾਂ ਨੂੰ ਭਾਜਪਾ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਨਰਾਇਣਗੜ੍ਹ ਤੋਂ ਵੀ ਕਮਲ ਦਾ ਫੁੱਲ ਖਿੜ ਕੇ ਵਿਧਾਨ ਸਭਾ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ ਨਰਾਇਣਗੜ੍ਹ ਨੂੰ ਪੂਰੀ ਤਰ੍ਹਾਂ ਵਿਕਸਤ ਕੀਤਾ ਜਾਵੇਗਾ।
ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਚੋਣ ਪ੍ਰਚਾਰ
ਫਰੀਦਾਬਾਦ (ਪੱਤਰ ਪ੍ਰੇਰਕ) :
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਫਰੀਦਾਬਾਦ ਜ਼ਿਲ੍ਹੇ ਦੀਆਂ 6 ਅਤੇ ਪਲਵਲ ਹਲਕੇ ਦੀਆਂ 3 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ। ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਤੇ ਲਖਨਪਾਲ ਸਿੰਗਲਾ ਸਮੇਤ ਭਾਜਪਾ ਦੇ ਮੂਲ ਚੰਦ ਸ਼ਰਮਾ ਅਤੇ ਵਿਪੁੱਲ ਗੋਇਲ ਸਮੇਤ ਐੱਨਆਈਟੀ ਤੋਂ ਸਤੀਸ਼ ਫਾਗਨਾ ਅਤੇ ਇਨੈਲੋ ਦੇ ਨਗਿੰਦਰ ਭੰਡਾਣਾ ਵੱਲੋਂ ਰੋਡ ਸ਼ੋਅ ਕੀਤੇ ਗਏ ਤੇ ਆਪਣੀ ਤਾਕਤ ਦਿਖਾਈ। ਜ਼ਿਆਦਾ ਇੱਕਠ ਕਾਂਗਰਸੀ ਉਮੀਦਵਾਰਾਂ ਦੇ ਮਾਰਚਾਂ ਵਿੱਚ ਦੇਖਿਆ ਗਿਆ। ਇਸ ਸਨਅਤੀ ਸ਼ਹਿਰ ਅੰਦਰ ਪੰਜਾਬੀ ਭਾਈਚਾਰੇ ਸਮੇਤ ਪ੍ਰਵਾਸੀਆਂ, ਹਿੰਦੂ ਤੇ ਮੁਸਲਿਮ ਵੋਟਰਾਂ ਦੀ ਵੱਡੀ ਗਿਣਤੀ ਹੈ। ਬੜਖਲ ਹਲਕੇ ਤੋਂ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਐਨਆਈਟੀ ਦੇ ਸਾਰੇ ਖੇਤਰਾਂ ਵਿੱਚ ਪੈਦਲ ਮਾਰਚ ਕੀਤਾ ਤੇ ਭਾਜਪਾ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਾਇਮ ਰੱਖਣ ਲਈ ਟੀਮਾਂ ਲਾ ਦਿੱਤੀਆਂ ਹਨ ਤੇ ਚੋਣਾਂ ਤੱਕ ਹਰ ਹਾਲ ਵਿੱਚ ਵੋਟਰ ਵਰਗ ਨੂੰ ਨਾਲ ਜੋੜਨ ਦੀ ਕੋਸ਼ਿਸ਼ ਜਾਰੀ ਹੈ। )
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਫਰੀਦਾਬਾਦ ਜ਼ਿਲ੍ਹੇ ਦੀਆਂ 6 ਅਤੇ ਪਲਵਲ ਹਲਕੇ ਦੀਆਂ 3 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ। ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਤੇ ਲਖਨਪਾਲ ਸਿੰਗਲਾ ਸਮੇਤ ਭਾਜਪਾ ਦੇ ਮੂਲ ਚੰਦ ਸ਼ਰਮਾ ਅਤੇ ਵਿਪੁੱਲ ਗੋਇਲ ਸਮੇਤ ਐੱਨਆਈਟੀ ਤੋਂ ਸਤੀਸ਼ ਫਾਗਨਾ ਅਤੇ ਇਨੈਲੋ ਦੇ ਨਗਿੰਦਰ ਭੰਡਾਣਾ ਵੱਲੋਂ ਰੋਡ ਸ਼ੋਅ ਕੀਤੇ ਗਏ ਤੇ ਆਪਣੀ ਤਾਕਤ ਦਿਖਾਈ। ਬੜਖਲ ਹਲਕੇ ਤੋਂ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਐਨਆਈਟੀ ਦੇ ਸਾਰੇ ਖੇਤਰਾਂ ਵਿੱਚ ਪੈਦਲ ਮਾਰਚ ਕੀਤਾ ਤੇ ਭਾਜਪਾ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਾਇਮ ਰੱਖਣ ਲਈ ਟੀਮਾਂ ਲਾ ਦਿੱਤੀਆਂ ਹਨ।