ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੰਭੂ ਬਾਰਡਰ ’ਤੇ ਆਮ ਲੋਕਾਂ ਲਈ ਰਸਤਾ ਛੱਡਣਾ ਚਾਹੀਦੈ: ਰੁਲਦੂ ਸਿੰਘ

08:04 AM Jun 27, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਜੂਨ
ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਮੋਰਚੇ ਅਤੇ ਸਥਾਨਕ ਲੋਕਾਂ ਵਿੱਚ ਹੋਏ ਟਕਰਾਅ ਦੇ ਮੱਦੇਨਜ਼ਰ ਪੰਜਾਬ ਕਿਸਾਨ ਯੂਨੀਅਨ ਦੇ ਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨ ਆਗੂਆਂ ਨੂੰ ਸਿਆਣਪ ਵਰਤਦਿਆਂ ਸਥਾਨਕ ਲੋਕਾਂ ਲਈ ਸੜਕ ਦਾ ਇਕ ਪਾਸਾ ਖ਼ਾਲੀ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਪੱਕਾ ਮੋਰਚਾ ਚੱਲ ਰਿਹਾ ਸੀ ਤਾਂ ਉਸ ਵੇਲੇ ਵੀ ਮਜ਼ਦੂਰਾਂ ਤੇ ਆਮ ਲੋਕਾਂ ਲਈ ਰਸਤੇ ਖ਼ਾਲੀ ਕਰਕੇ ਉਨ੍ਹਾਂ ਦੇ ਲੰਘਣ ਲਈ ਰਸਤਾ ਦਿੱਤਾ ਗਿਆ ਸੀ। ਜੇ ਅਸੀਂ ਸਥਾਨਕ ਲੋਕਾਂ ਨਾਲ ਹੀ ਟਕਰਾਅ ਪੈਦਾ ਕਰ ਲਵਾਂਗੇ ਤਾਂ ਫਿਰ ਸਾਡੀ ਲੜਾਈ ਕਿਸ ਲਈ ਰਹਿ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਵਿਰੋਧੀ ਬਹੁਤ ਜ਼ਿਆਦਾ ਚਲਾਕ ਹੈ, ਉਹ ਸਥਾਨਕ ਲੋਕਾਂ ਦੀ ਨਰਾਜ਼ਗੀ ਦਾ ਲਾਭ ਉਠਾ ਕੇ ਸਾਡੇ ਹੀ ਭਰਾਵਾਂ ਨਾਲ ਸਾਡਾ ਕਲੇਸ਼ ਖੜ੍ਹਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ’ਤੇ ਬੈਠੇ ਆਗੂ ਕਹਿ ਰਹੇ ਹਨ ਕਿ ਅਸੀਂ ਰਸਤਾ ਬੰਦ ਨਹੀਂ ਕੀਤਾ ਇਹ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੈ। ਆਗੂਆਂ ਨੂੰ ਇਕ ਵਾਰੀ ਪਹਿਲ ਕਰਦਿਆਂ ਸੜਕ ਦਾ ਇਕ ਪਾਸਾ ਆਮ ਲੋਕਾਂ ਦੇ ਲੰਘਣ ਲਈ ਛੱਡ ਦੇਣਾ ਚਾਹੀਦਾ ਹੈ, ਜੇ ਹਰਿਆਣਾ ਦੀ ਭਾਜਪਾ ਸਰਕਾਰ ਰਸਤਾ ਨਹੀਂ ਛੱਡੇਗੀ ਤਾਂ ਇਹ ਤਾਂ ਸਪੱਸ਼ਟ ਹੋ ਜਾਵੇਗਾ ਕਿ ਕਿਸਾਨ ਸਥਾਨਕ ਲੋਕਾਂ ਦੇ ਦੁੱਖ ਨੂੰ ਸਮਝਦੇ ਹਨ ਪਰ ਸਰਕਾਰ ਨਹੀਂ ਸਮਝਦੀ।
ਰੁਲਦੂ ਸਿੰਘ ਨੇ ਇਹ ਵੀ ਕਿਹਾ ਕਿ ਜਿਸ ਮੌਕੇ ਇਹ ਮੋਰਚਾ ਲਗਾਇਆ ਗਿਆ ਉਹ ਸਮਾਂ ਹੀ ਗ਼ਲਤ ਹੈ। ਉਨ੍ਹਾਂ ਸ਼ੰਭੂ ਮੋਰਚੇ ਦੀ ਲੀਡਰਸ਼ਿਪ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਮੱਧ ਪ੍ਰਦੇਸ਼ ਵਾਲਾ ਕੱਕਾ ਆਰਐੱਸਐੱਸ ਦਾ ਪ੍ਰਧਾਨ ਹੈ ਤੇ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਿਹਾ ਇਕ ਆਗੂ ਉਸੇ ਜਥੇਬੰਦੀ ਦਾ ਮੀਤ ਪ੍ਰਧਾਨ ਹੈ। ਲੋਕਾਂ ਵਿੱਚ ਚਰਚਾ ਹੈ ਕਿ ਇਹ ਮੋਰਚਾ ਹੀ ਉਨ੍ਹਾਂ ਲੋਕਾਂ ਨੇ ਲਗਾਇਆ ਹੈ ਜਿਨ੍ਹਾਂ ਦਾ ਨਾਮ ਲੈ ਕੇ ਇਹ ਸਥਾਨਕ ਲੋਕਾਂ ਨੂੰ ਭੰਡ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਥਾਨਕ ਲੋਕਾਂ ਦੇ ਦੁੱਖ ਦਰਦ ਨੂੰ ਸਮਝਣਾ ਚਾਹੀਦਾ ਹੈ।
ਇਸੇ ਤਰ੍ਹਾਂ ਛੇ ਮੈਂਬਰੀ ਕਿਸਾਨ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਮਾਮਲਾ ਕਾਫ਼ੀ ਗੰਭੀਰ ਹੈ। ਸਥਾਨਕ ਲੋਕਾਂ ਦਾ ਦਰਦ ਵੀ ਸਹੀ ਹੈ ਅਤੇ ਕਿਸਾਨਾਂ ਦਾ ਪੱਖ ਵੀ ਠੀਕ ਹੈ। ਇਸ ਕਰਕੇ ਕੋਈ ਟਕਰਾਅ ਨਾ ਹੋਵੇ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਹੱਲ ਕੱਢੇ। ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਸ ਮੁੱਦੇ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਅਰਥਸ਼ਾਸਤਰੀ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਸਰਕਾਰਾਂ ਨੂੰ ਮਾਮਲੇ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਤੇ ਇਸ ਵਿਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ।

Advertisement

Advertisement
Advertisement