For the best experience, open
https://m.punjabitribuneonline.com
on your mobile browser.
Advertisement

ਸੜਕ ਸੁਰੱਖਿਆ

07:31 AM Aug 03, 2023 IST
ਸੜਕ ਸੁਰੱਖਿਆ
Advertisement

ਪੰਜਾਬ ਵਿਚ ਸੂਬਾਈ ਪੁਲੀਸ ਤਹਿਤ ਕਾਇਮ ਕੀਤੀ ਜਾਣ ਵਾਲੀ ਸੜਕ ਸੁਰੱਖਿਆ ਫੋਰਸ ਵਾਸਤੇ 1300 ਮੁਲਾਜ਼ਮਾਂ ਦੀ ਭਰਤੀ ਦਾ ਰਾਹ ਸਾਫ਼ ਹੋਣ ਨਾਲ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਰਿਹਾ ਹੈ ਜਿਸ ਕੋਲ ਸੜਕ ਹਾਦਸੇ ਰੋਕਣ ਲਈ ਸਮਰਪਿਤ ਫੋਰਸ ਹੋਵੇਗੀ ਜਿਹੜੀ ਸੜਕਾਂ ਉੱਤੇ ਆਵਾਜਾਈ ਨੂੰ ਨੱਥ ਪਾ ਕੇ ਹਾਦਸਿਆਂ ਨੂੰ ਠੱਲ੍ਹ ਪਾਏਗੀ। ਸੜਕਾਂ ਉੱਤੇ ਵੱਡੀ ਪੱਧਰ ’ਤੇ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ ਬਹੁਤ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ ਅਤੇ ਹੋਰ ਬਹੁਤ ਜ਼ਖ਼ਮੀ ਤੇ ਅਪਾਹਜ ਹੋ ਜਾਂਦੇ ਹਨ। ਇਸ ਨਾਲ ਜਿੱਥੇ ਘਰਾਂ ਦੇ ਜੀਆਂ ਨੂੰ ਡੂੰਘੇ ਦੁੱਖਾਂ ’ਚੋਂ ਗੁਜ਼ਰਨਾ ਪੈਂਦਾ ਹੈ ਉੱਥੇ ਪਰਿਵਾਰਾਂ ਅਤੇ ਸੂਬੇ ਦੇ ਅਰਥਚਾਰੇ ਨੂੰ ਵੀ ਭਾਰੀ ਸੱਟ ਵੱਜਦੀ ਹੈ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਅਜਿਹੀ ਫੋਰਸ ਦੀ ਤਾਇਨਾਤੀ ਵਧੀਆ ਕਦਮ ਹੈ।
ਮੁੱਖ ਮੰਤਰੀ ਭਗਵੰਤ ਮਾਨ ਇਸ ਫੋਰਸ ਨੂੰ ਸੌਂਪੇ ਆਧੁਨਿਕ ਟਰੈਫਿਕ ਪੁਲੀਸ ਵਾਹਨਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਹ ਵਾਹਨ ਸਪੀਡ ਰਾਡਾਰਾਂ (ਵਾਹਨਾਂ ਦੀ ਰਫ਼ਤਾਰ ਮਾਪਣ ਵਾਲੇ ਯੰਤਰ), ਬਾਡੀ ਕੈਮਰਿਆਂ, ਅਲਕੋਹਲ ਦੀ ਜਾਂਚ ਵਾਲੇ ਮੀਟਰਾਂ ਅਤੇ ਮੈਡੀਕਲ ਕਿੱਟਾਂ ਆਦਿ ਨਾਲ ਲੈਸ ਹੋਣਗੇ ਜਿਨ੍ਹਾਂ ਨੂੰ ਸੂਬੇ ਦੀਆਂ ਮੁੱਖ ਸੜਕਾਂ ਉੱਤੇ ਹਰ 30 ਕਿਲੋਮੀਟਰ ’ਤੇ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਹਾਦਸਿਆਂ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਤਜਰਬਾ ਲੋਕਾਂ ਵਿਚ ਸੁਰੱਖਿਅਤ ਤਰੀਕੇ ਨਾਲ ਵਾਹਨ ਚਲਾਉਣ ਦੀ ਆਦਤ ਪੈਦਾ ਕਰਨ ’ਚ ਕਿੰਨਾ ਕੁ ਸਫ਼ਲ ਰਹਿੰਦਾ ਹੈ। ਆਵਾਜਾਈ ਕੰਟਰੋਲ ਕਰਨ ਵਾਲੀ ਪੁਲੀਸ ਨੂੰ ਟਰੈਫਿਕ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਬਣਾਉਣ ’ਤੇ ਪੂਰਾ ਜ਼ੋਰ ਦੇਣਾ ਚਾਹੀਦਾ ਹੈ। ਰਫ਼ਤਾਰ, ਆਪਣੀ ਲੇਨ ਵਿਚ ਵਾਹਨ ਚਲਾਉਣ, ਓਵਰਟੇਕਿੰਗ (ਇਕ-ਦੂਜੇ ਵਾਹਨ ਤੋਂ ਅੱਗੇ ਲੰਘਣ) ਆਦਿ ਨਾਲ ਸਬੰਧਿਤ ਨਿਯਮਾਂ ਦੀ ਉਲੰਘਣਾ ਹਾਦਸਿਆਂ ਦਾ ਮੁੱਖ ਕਾਰਨ ਬਣਦੀ ਹੈ।
ਕੁੱਲ ਸੜਕ ਹਾਦਸਿਆਂ ਵਿਚੋਂ ਕਰੀਬ ਤਿੰਨ-ਚੌਥਾਈ ਕੌਮੀ ਤੇ ਸੂਬਾਈ ਸ਼ਾਹਰਾਹਾਂ ਉੱਤੇ ਵਾਪਰਦੇ ਹਨ। ਅਜਿਹੇ ਕਦਮ ਚੁੱਕਣ ਨਾਲ ਹਾਦਸੇ ਨਿਸ਼ਚੇ ਹੀ ਘਟਣਗੇ। ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਮੁਤਾਬਿਕ ਸੂਬੇ ਵਿਚ 2021 ਦੌਰਾਨ ਸੜਕ ਹਾਦਸਿਆਂ ਵਿਚ 4500 ਤੋਂ ਵੱਧ ਲੋਕ ਮਾਰੇ ਗਏ। ਇਸ ਤਰ੍ਹਾਂ ਹੋਈਆਂ ਮੌਤਾਂ, ਲੋਕਾਂ ਦੇ ਜ਼ਖ਼ਮੀ ਤੇ ਨਕਾਰਾ ਹੋਣ, ਕੰਮ ਦੇ ਨੁਕਸਾਨ, ਇਲਾਜ ਦੀ ਲਾਗਤ ਆਦਿ ਨੂੰ ਦੇਖਦਿਆਂ ਉਸ ਸਾਲ ਹਾਦਸਿਆਂ ਕਾਰਨ 17851 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪੁਲੀਸ ਰਾਹੀਂ ਕੰਟਰੋਲ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਹਰ ਬੱਚੇ ਨੂੰ ਘਰੇ ਵੀ ਅਤੇ ਸਕੂਲਾਂ ਤੇ ਕਾਲਜਾਂ ਵਿਚ ਵੀ ਵਾਹਨ ਚਲਾਉਣ (ਡਰਾਈਵਿੰਗ) ਦਾ ਸਲੀਕਾ ਸਿਖਾਇਆ ਜਾਵੇ ਅਤੇ ਉਸ ਦੇ ਮਨ ਵਿਚ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕੀਤੀ ਜਾਵੇ। ਜਿਸ ਤਰ੍ਹਾਂ ਹਰ ਸਾਲ ਸੜਕਾਂ ਉੱਤੇ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਹਰ ਵਾਹਨ ਚਾਲਕ ਨਾ ਸਿਰਫ਼ ਆਪਣੀ ਸਗੋਂ ਦੂਜੇ ਮੁਸਾਫ਼ਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਵੇ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ‘ਕਦੇ ਨਾ ਪਹੁੰਚਣ ਨਾਲੋਂ ਦੇਰ ਭਲੀ’।

Advertisement

Advertisement
Author Image

sukhwinder singh

View all posts

Advertisement
Advertisement
×