ਤਿੰਨ ਵਾਰਡਾਂ ਨੂੰ ਜੋੜਨ ਵਾਲਾ ਸੜਕ ਪ੍ਰਾਜੈਕਟ ਸ਼ੁਰੂ
ਟ੍ਰਿਬਿਊਨ ਨਿਊਜ਼ ਰਸਰਵਿਸ
ਲੁਧਿਆਣਾ, 20 ਨਵੰਬਰ
ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 7, 10 ਅਤੇ 12 ਦੀ ਸਾਂਝੀ, ਸੁਭਾਸ਼ ਨਗਰ ਦੀ ਮੁੱਖ ਸੜਕ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਬਿਰਧ ਔਰਤ ਤੋਂ ਕਰਵਾ ਕੇ ਕੀਤੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਕਾਰਜਾਂ ’ਤੇ ਕਰੀਬ 39 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਮੁਕੰਮਲ ਹੋਣ ’ਤੇ ਨਾਲ ਲੱਗਦੇ ਵਾਰਡਾਂ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮਕਸਦ ਸੂਬਾ ਵਾਸੀਆਂ ਨੂੰ ਮਿਆਰੀ ਸਿੱਖਿਆ, ਸਿਹਤ ਸਹੂਲਤਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਪਹਿਲਾਂ ਤੋਂ ਹੀ ਸੱਤ ਕਲੀਨਿਕ ਚੱਲ ਰਹੇ ਹਨ ਜਿਸ ਦਾ ਹਲਕਾ ਵਾਸੀਆਂ ਨੂੰ ਵੱਡਾ ਲਾਹਾ ਮਿਲ ਰਿਹਾ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਹਲਕੇ ਅੰਦਰ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਓ ਤਾਂ ਜੋ ਤੁਹਾਡੇ ਹਲਕੇ ਦਾ ਹੋਰ ਵੀ ਵਿਕਾਸ ਹੋ ਸਕੇ। ਇਸ ਮੌਕੇ ਇੰਦਰਜੀਤ ਕੌਰ, ਚੌਧਰੀ ਚਮਨ ਲਾਲ, ਰਵਿੰਦਰ ਸਿੰਘ ਰਾਜੂ, ਭੂਸ਼ਣ ਸ਼ਰਮਾ, ਅਵਤਾਰ ਦਿਉਲ, ਸੁਰਜੀਤ ਠੇਕੇਦਾਰ, ਗੁਰਦੀਪ ਸਿੰਘ ਬਿੱਲਾ, ਇੰਦਰਜੀਤ ਵਿੱਕੀ, ਕਾਜਲ ਮਲਹੋਤਰਾ, ਮੀਨਾ ਕੁਮਾਰੀ, ਰੋਹਿਤ ਕੇ ਕੇ ਅਰੋੜਾ, ਮੀਨਾਕਸ਼ੀ, ਕਮਲਜੀਤ ਕੌਰ, ਵਿਜੇ ਗੋਗਨਾ ਆਦਿ ਮੌਜੂਦ ਸਨ।