ਸੀਵਰੇਜ ਓਵਰਫਲੋਅ ਹੋਣ ਕਾਰਨ ਸੜਕ ’ਤੇ ਲਾਇਆ ਜਾਮ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਜੁਲਾਈ
ਸੀਵਰੇਜ ਓਵਰਫਲੋਅ ਹੋਣ ਕਾਰਨ ਇਥੇ ਏਕਤਾ ਕਲੋਨੀ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਰਾਜਪੁਰਾ-ਚੰਡੀਗੜ੍ਹ ਮਾਰਗ ਉਪਰ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਡ ਜਾਮ ਹੋਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਸੁਖਵਿੰਦਰ ਸਿੰਘ ਸੁੱਖਾ, ਰਣਜੀਤ ਸਿੰਘ, ਪਵਨ ਸ਼ਰਮਾ, ਰਮੇਸ਼ ਕੁਮਾਰ, ਹੁਕਮ ਚੰਦ, ਸੂਰਜ ਕੁਮਾਰ, ਮਮਤਾ ਰਾਣੀ ਨੇ ਦੱਸਿਆ ਕਿ ਕਲੋਨੀ ਵਿਚ ਸੀਵਰੇਜ ਸਿਸਟਮ ਠੀਕ ਨਾ ਹੋਣ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਗੰਦੇ ਪਾਣੀ ਵਿਚੋਂ ਲੰਘਣ ਕਾਰਨ ਚਮੜੀ ਦੇ ਰੋਗ ਹੋਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ।ਧਰਨਾਕਾਰੀਆਂ ਨੇ ਲਗਭਗ 1 ਘੰਟਾ ਤੱਕ ਆਵਾਜਾਈ ਰੋਕੀ ਰੱਖੀ।ਧਰਨੇ ਵਾਲੀ ਥਾਂ ‘ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਪਹੁੰਚ ਕੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਜਲਦ ਨਵੇਂ ਟੈਂਡਰ ਲੱਗ ਰਹੇ ਹਨ ਤੇ ਰਹਿੰਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਮੁਕੰਮਲ ਹੋ ਜਾਵੇਗਾ। ਈ.ਓ. ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।