ਮਿੱਲ ਮਾਲਕਾਂ ਵੱਲੋਂ ਪਸ਼ੂ ਮੰਡੀ ਖ਼ਿਲਾਫ਼ ਸੜਕ ਜਾਮ
ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਅਗਸਤ
ਸ਼ਹਿਰ ਵਿਚ ਲੱਗਦੀ ਪਸ਼ੂ ਮੰਡੀ ਤੋਂ ਮਿੱਲ ਮਾਲਕ ਅਤੇ ਰਾਹਗੀਰ ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਹਨ। ਇਸੇ ਕਾਰਨ ਅੱਜ ਪਸ਼ੂ ਮੰਡੀ ਤੇ ਵਪਾਰ ਮੰਡਲ ਵਿਚ ਤਿੱਖੀ ਬਹਿਸ ਹੋਈ ਅਤੇ ਮਿੱਲ ਮਾਲਕਾਂ ਨੇ ਜੇਸੀਬੀ ਲਗਾ ਕੇ ਰਾਹ ਬੰਦ ਕਰ ਦਿੱਤਾ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜਾ। ਵਪਾਰ ਮੰਡਲ ਦੇ ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਰਾਹ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਮੰਡੀ ਵਾਲੇ ਦਿਨ ਮਿੱਲਾਂ ਦਾ ਰਸਤਾ ਪੂਰੀ ਤਰ੍ਹਾਂ ਜਾਮ ਹੋ ਜਾਂਦਾ ਹੈ ਅਤੇ ਮਾਲ ਲੈ ਕੇ ਆਉਣ-ਜਾਣ ਵਾਲੀਆਂ ਗੱਡੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਹੀਨੇ ਵਿਚ ਚਾਰ ਵਾਰ ਪਸ਼ੂ ਮੰਡੀਆਂ ਲੱਗਦੀਆਂ ਹਨ, ਜਿਸ ਕਾਰਨ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਦੌਰਾਨ ਵਪਾਰ ਮੰਡਲ ਨੂੰ ਮੰਡੀ ਠੇਕੇਦਾਰਾਂ ਵੱਲੋਂ ਲਿਖਤੀ ਰੂਪ ਵਿਚ ਭਰੋਸਾ ਦਿੱਤਾ ਕਿ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਸਕਿਉਰਿਟੀ ਵੀ ਲਾਈ ਜਾਵੇਗੀ। ਇਸ ਮੌਕੇ ਓਮ ਪ੍ਰਕਾਸ਼, ਬਲਦੇਵ ਕ੍ਰਿਸ਼ਨ, ਦੀਵਾਸ਼ੂ ਕੁਮਾਰ, ਸਖੁਨ ਗੋਇਲ, ਰਣਵੀਰ ਸਿੰਘ, ਗਹੀਰ ਸਿੰਘ, ਜਸਜੋਤ ਸਿੰਘ, ਗੁਰਸਿਮਰਨ ਸਿੰਘ, ਗੁਰਿੰਦਰ ਸਿੰਘ, ਹੈਪੀ ਵਾਲੀਆ, ਵਰਿੰਦਰ ਸ਼ਰਮਾ, ਜਤਿਨ ਕੁਮਾਰ, ਅਸ਼ੋਕ ਕੁਮਾਰ, ਅਵਿਸ਼ੇਕ ਕੁਮਾਰ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ, ਹਰਜੀਤ ਸਿੰਘ, ਭੁਪਿੰਦਰ ਸਿੰਘ, ਨਵੀਨ ਅਗਰਵਾਲ, ਵਿਕਾਸ ਅਗਰਵਾਲ ਆਦਿ ਹਾਜ਼ਰ ਸਨ।