ਸੜਕ ਹਾਦਸੇ
ਸੜਕ ਹਾਦਸੇ ’ਚ ਸਾਈਕਲ ਸਵਾਰ ਹਲਾਕ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਆਲਮਪੁਰ ’ਚ ਇੱਕ ਸਾਈਕਲ ਸਵਾਰ ਵਿੱਚ ਮੋਟਰਸਾਈਕਲ ਵੱਜਣ ਕਰ ਕੇ ਬਲਵੀਰ ਸਿੰਘ (58) ਦੀ ਮੌਤ ਹੋ ਗਈ। ਪੁਲੀਸ ਨੇ ਮੋਟਰਸਾਈਕਲ ਚਾਲਕ ਦਿਲਪ੍ਰੀਤ ਸਿੰਘ ਵਾਸੀ ਗੁਰਨੇ ਕਲਾਂ ਖ਼ਿਲਾਫ਼ 279, 427, 304 ਏ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬਲਵੀਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਪੁਲੀਸ ਕੋਲ ਲਿਖਾਈ ਸ਼ਿਕਾਇਤ ’ਚ ਦੱਸਿਆ ਹੈ ਕਿ ਉਸਦਾ ਪਿਤਾ ਬਲਵੀਰ ਸਿੰਘ ਸਾਈਕਲ ’ਤੇ ਖੇਤ ਨੂੰ ਜਾ ਰਿਹਾ ਸੀ। ਉਹ ਜਦੋਂ ਸਰਬਜੀਤ ਸਿੰਘ ਦੇ ਖੇਤ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਚਾਲਕ ਨੇ ਲਾਪ੍ਰਵਾਹੀ ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਸਾਈਕਲ ਵਿੱਚ ਮਾਰਿਆ। ਇਸ ਹਾਦਸੇ ਕਾਰਨ ਸ਼ਿਕਾਇਤਕਰਤਾ ਦੇ ਪਿਤਾ ਬਲਵੀਰ ਸਿੰਘ ਦੀ ਮੌਤ ਹੋ ਗਈ।
ਸੜਕ ਹਾਦਸੇ ਵਿੱਚ ਔਰਤ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਮਵੀ ਕਲਾਂ ਦੇ ਬੱਸ ਅੱਡੇ ਨੇੜੇ ਸੜਕ ਪਾਰ ਕਰ ਰਹੀ ਔਰਤ ਨੂੰ ਕਾਰ ਚਾਲਕ ਨੇ ਵੀਰਵਾਰ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਸਦਰ ਪੁਲੀਸ ਨੇ ਫ਼ਰਾਰ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੇਸ ਦੇ ਜਾਂਚ ਅਧਿਕਾਰੀ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕਰਨੈਲ ਕੌਰ (52) ਵਾਸੀ ਪਿੰਡ ਮਵੀ ਕਲਾਂ ਦੇ ਪੁੱਤਰ ਕੁਲਦੀਪ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਮਾਤਾ ਦੁਕਾਨ ’ਤੇ ਆ ਰਹੀ ਸੀ। ਸਮਾਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਜ਼ਖ਼ਮੀ ਹੋ ਗਈ। ਉਸ ਨੂੰ ਕਾਰ ਚਾਲਕ ਜਗਤਾਰ ਸਿੰਘ ਆਪਣੀ ਕਾਰ ਵਿੱਚ ਚੁੱਕ ਕੇ ਸਿਵਲ ਹਸਪਤਾਲ ਸਮਾਣਾ ਲੈ ਆਇਆ। ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨੇ ਉਸ ਦੀ ਮਾਤਾ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।