For the best experience, open
https://m.punjabitribuneonline.com
on your mobile browser.
Advertisement

ਸਡ਼ਕ ਹਾਦਸਿਆਂ ਨੇ ਲਈਆਂ ਚਾਰ ਜਾਨਾਂ

10:11 AM Jul 03, 2023 IST
ਸਡ਼ਕ ਹਾਦਸਿਆਂ ਨੇ ਲਈਆਂ ਚਾਰ ਜਾਨਾਂ
ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨੇ ਟਾਟਾ 407 ਅਤੇ ਟਰਾਲਾ। -ਫ਼ੋਟੋ: ਢਿੱਲੋਂ
Advertisement

ਪੱਤਰ ਪ੍ਰੇਰਕ
ਬਨੂਡ਼, 2 ਜੁਲਾਈ
ਬਨੂਡ਼ ਖੇਤਰ ਵਿੱਚ ਵਾਪਰੇ ਦੋ ਵੱਖ-ਵੱਖ ਸਡ਼ਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਾਜ਼ਰ ਸਿੰਘ (52) ਪੁੱਤਰ ਛੱਜੂ ਸਿੰਘ ਵਾਸੀ ਪਿੰਡ ਬੁੱਢਣਪੁਰ ਅਤੇ ਜਸਪਾਲ ਸਿੰਘ (60) ਪੁੱਤਰ ਮੱਖਣ ਸਿੰਘ ਵਾਸੀ ਪਿੰਡ ਅਮਲਾਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੁੱਢਣਪੁਰ ਦਾ ਵਸਨੀਕ ਸਾਬਕਾ ਸੈਨਿਕ ਨਾਜ਼ਰ ਸਿੰਘ ਡਿਊਟੀ ਖਤਮ ਕਰ ਕੇ ਮੋਟਰਸਾਈਕਲ ’ਤੇ ਤਕਰੀਬਨ 7.30 ਵਜੇ ਆਪਣੇ ਘਰ ਆ ਰਿਹਾ ਸੀ। ਪਿੰਡ ਬਾਸਮਾ ਦੇ ਬੱਸ ਸਟੈਂਡ ਨੇਡ਼ੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸੇ ਦੌਰਾਨ ਥਾਣਾ ਡੇਰਾਬੱਸੀ ਅਧੀਨ ਪੈਂਦੇ ਪਿੰਡ ਅਮਲਾਲਾ ਦਾ ਵਸਨੀਕ ਜਸਪਾਲ ਸਿੰਘ ਮੋਟਰਸਾਈਕਲ ’ਤੇ ਕਰਾਲਾ ਤੋਂ ਆਪਣੇ ਪਿੰਡ ਅਮਲਾਲਾ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਜਸਪਾਲ ਸਿੰਘ ਨੂੰ ਬਨੂਡ਼ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ-ਭਾਦਸੋਂ ਸੜਕ ’ਤੇ ਪਿੰਡ ਜੱਲਾ ਵਿੱਚ ਅੱਜ ਸਵੇਰੇ ਵਾਪਰੇ ੲਿਕ ਸੜਕ ਹਾਦਸੇ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਵਿਸ਼ਵਨਾਥ ਮਹਾਤੋ (53) ਵਾਸੀ ਜ਼ਿਲ੍ਹਾ ਸਿਓਹਰ (ਬਿਹਾਰ) ਹਾਲ ਵਾਸੀ ਪਿੰਡ ਜੱਲ੍ਹਾ ਵਜੋਂ ਹੋਈ ਹੈ| ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਭਰਾ ਦੇਵੇਂਦਰ ਮਹਾਤੋ ਨੇ ਦੱਸਿਆ ਕਿ ਉਹ ਦੋਵੇਂ ਭਰਾ ਪਿੰਡ ਜੱਲ੍ਹਾ ਵਿੱਚ ਬੀਤੇ ਕਈ ਸਾਲਾਂ ਤੋਂ ਮਜ਼ਦੂਰੀ ਕਰ ਰਹੇ ਹਨ। ਅੱਜ ਸਵੇਰੇ ਉਸ ਦਾ ਭਰਾ ਵਿਸ਼ਵਨਾਥ ਦੁਕਾਨ ਤੋਂ ਕੁੱਝ ਰਾਸ਼ਣ ਲੈਣ ਲਈ ਗਿਆ ਸੀ ਤੇ ਪਿੰਡ ਦੇ ਗੁਰਦੁਆਰੇ ਨੇਡ਼ੇ ਭਾਦਸੋਂ ਵੱਲੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਵਿਸ਼ਵਨਾਥ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ|
ਪੰਚਕੂਲਾ (ਪੱਤਰ ਪ੍ਰੇਰਕ): ਕਾਲਕਾ ਬੱਸ ਸਟੈਂਡ ਨੇੜੇ ਕੈਂਟਰ ਨਾਲ ਟਕਰਾਉਣ ਕਾਰਨ ਇਕ ਸਕੂਟੀ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮਰਨ ਵਾਲੇ ਦਾ ਨਾਂ ਅਮਿਤ ਦੱਸਿਆ ਜਾ ਰਿਹਾ ਹੈ ਅਤੇ ਇਹ ਕਾਲਕਾ ਦੇ ਕਮਲਾ ਨਗਰ ਦਾ ਰਹਿਣ ਵਾਲਾ ਸੀ। ਪੁਲੀਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਅਜੈ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੈ ਨੇ ਦੱਸਿਆ ਕਿ ਉਹ ਟਿਪਰਾ ਦਾ ਰਹਿਣ ਵਾਲਾ ਹੈ। ਉਹ ਆਪਣੀ ਮੋਟਰਸਾਈਕਲ ’ਤੇ ਪਿੰਜੌਰ ਤੋਂ ਟਿਪਰਾ ਆਪਣੇ ਘਰ ਜਾ ਰਿਹਾ ਸੀ।
ਰਸਤੇ ਵਿੱਚ ਚੁੰਗੀ ਕਾਲਕਾ ਨੇੜੇ ਉਸ ਦਾ ਰਿਸ਼ਤੇਦਾਰ ਅਮਿਤ ਮਿਲਿਆ। ਉੱਥੋਂ ਦੋਵੇਂ ਆਪਣੇ ਘਰ ਲਈ ਰਵਾਨਾ ਹੋ ਗਏ। ਜਿਵੇਂ ਹੀ ਅਮਿਤ ਕਾਲਕਾ-ਪਿੰਜੌਰ ਰੋਡ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨੇ ਅਮਿਤ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਅਮਿਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਸੀਐੱਨਜੀ ਸਿਲੰਡਰ ਫਟਣ ਕਾਰਨ ਅੱਗ ਲੱਗੀ; ਚਾਲਕ ਦੀ ਮੌਤ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਲਾਗੇ ਇਕ ਟਰਾਲੇ ਨੇ ਟਾਟਾ 407 ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਟਾਟਾ 407 ਦਾ ਪਿੱਛੇ ਰੱਖਿਆ ਸੀਐੱਨਜੀ ਸਿਲੰਡਰ ਫੱਟ ਗਿਆ ਜਿਸ ਕਰਕੇ ਟਰਾਲੇ ਨੂੰ ਅੱਗ ਲੱਗ ਗਈ। ਇਸ ਅੱਗ ਨਾਲ ਟਰਾਲਾ ਚਾਲਕ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ ਜਦੋਂ ਕਿ ਉਸ ਦੇ ਸਾਥੀ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੌਮੀ ਮਾਰਗ ’ਤੇ ਸੀਮਿੰਟ ਦੀਆਂ ਚਾਦਰਾਂ ਲੱਦੀ ਟਾਟਾ 407 ਗੱਡੀ ਜਾ ਰਹੀ ਸੀ ਅਤੇ ਉਸ ਦੇ ਪਿੱਛੇ ਇਕ ਟਰਾਲਾ ਉੱਤਰ ਪ੍ਰਦੇਸ਼ ਦੇ ਮੇਰਠ ਦੇ ਮੁਆਇਨਾ ਮੀਲ ਤੋਂ ਖੰਡ ਲੱਦੀ ਫਿਲੌਰ ਜਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਟਾਟਾ 407 ਦੇ ਚਾਲਕ ਨੇ ਅਚਾਨਕ ਬਰੇਕ ਲਾ ਦਿੱਤੀ ਜਿਸ ਕਾਰਨ ਉਸ ਦੇ ਪਿੱਛੇ ਚੱਲ ਰਿਹਾ ਟਰਾਲਾ ਚਾਲਕ ਟਰਾਲੇ ਨੂੰ ਸੰਭਾਲ ਨਾ ਸਕਿਆ ਤੇ ਉਸ ਦੀ ਟਾਟਾ 407 ਨਾਲ ਟੱਕਰ ਹੋ ਗਈ। ਟੱਕਰ ਲੱਗਣ ਕਾਰਨ ਟਾਟਾ 407 ਪਿੱਛੇ ਲੱਗਾ ਸੀਐੱਨਜੀ ਸਿਲੰਡਰ ਫੱਟ ਗਿਆ ਜਿਸ ਨਾਲ ਟਰਾਲੇ ਨੂੰ ਅੱਗ ਲੱਗ ਗਈ। ਇਸ ਅੱਗ ਵਿੱਚ ਚਾਲਕ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਅਬਜਲਗੜ੍ਹ ਪਿੰਡ ਦੇ ਹਰਜਿੰਦਰ ਵਜੋਂ ਹੋਈ ਹੈ ਜਦੋਂ ਕਿ ਉਸ ਦੇ ਸਾਥੀ ਸਤਨਾਮ ਦਾ ਇਲਾਜ ਚੱਲ ਰਿਹਾ ਹੈ।

Advertisement

Advertisement
Tags :
Author Image

sukhwinder singh

View all posts

Advertisement