Road accident: ਪ੍ਰਾਈਵੇਟ ਸਕੂਲ ਬੱਸ ਦੀ ਫੇਟ ਵੱਜਣ ਕਾਰਨ ਦੋ ਜ਼ਖ਼ਮੀ
ਇੱਥੋਂ ਨੇੜਲੇ ਕਸਬੇ ਵਿੱਚ ਬੀਤੇ ਦਿਨ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਸਕੂਲ ਬੱਸ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਰਜਿਸਟਰੇਸ਼ਨ ਵੀ ਸ਼ੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਕਲੇਰ-ਲੋਹਗੜ੍ਹ ਰੋਡ ’ਤੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਨੰਬਰ ਪੀਬੀ 02 ਏਐੱਫ 1172 ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾਇਆ ਗਿਆ ਫਿਰ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਸਕੱਤਰ ਸਿੰਘ 32 ਸਾਲ ਅਤੇ ਹਨੀ 17 ਸਾਲ ਪੁੱਤਰ ਸਵਰਨ ਸਿੰਘ ਵਾਸੀ ਰਾਮਪੁਰਾ (ਖਡੂਰ ਸਾਹਿਬ) ਵਜੋਂ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲੀਸ ਥਾਣਾ ਖਿਲਚੀਆਂ ਤੋਂ ਏਐੱਸਆਈ ਮੌਕੇ ’ਤੇ ਪੁੱਜਾ ਸੀ ਪਰ ਕੋਈ ਲਿਖਤੀ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਪ੍ਰਾਈਵੇਟ ਸਕੂਲ ਬੱਸ ਦਾ ਰਜਿਸਟਰੇਸ਼ਨ ਨੰਬਰ ਸ਼ੱਕੀ ਹੈ ਕਿਸੇ ਹੋਰ ਵਹੀਕਲ ਦਾ ਨੰਬਰ ਲਾ ਕੇ ਚਲਾਈ ਜਾ ਰਹੀ ਹੈ। ਬੱਸ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਹੈ। ਡੀਐੱਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਕਿਹਾ ਕਿ ਬੱਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।