Road Accident: ਅਦਾਕਾਰਾ ਉਰਮਿਲਾ ਕੋਠਾਰੇ ਦੀ ਕਾਰ ਦੀ ਟੱਕਰ ਨਾਲ ਇੱਕ ਮਜ਼ਦੂਰ ਹਲਾਕ, ਦੂਜਾ ਜ਼ਖ਼ਮੀ
ਮੁੰਬਈ, 28 ਦਸੰਬਰ
ਪੁਲੀਸ ਨੇ ਦੱਸਿਆ ਕਿ ਸ਼ਨਿੱਚਵਾਰ ਤੜਕੇ ਮੁੰਬਈ ਦੇ ਕਾਂਦੀਵਾਲੀ ਖੇਤਰ ਵਿੱਚ ਮਰਾਠੀ ਅਦਾਕਾਰਾ ਉਰਮਿਲਾ ਕੋਠਾਰੇ (Urmila Kothare) ਦੀ ਕਾਰ ਨਾਲ ਟਕਰਾਉਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਅਦਾਕਾਰਾ ਅਤੇ ਉਸ ਦਾ ਡਰਾਈਵਰ ਵੀ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਦਾਕਾਰਾ ਆਪਣੀ ਸ਼ੂਟਿੰਗ ਖਤਮ ਕਰਕੇ ਘਰ ਪਰਤ ਰਹੀ ਸੀ।
ਸਮਤਾ ਨਗਰ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ, "ਕੋਠਾਰੇ ਦੀ ਕਾਰ ਨੇ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਕਾਂਦੀਵਾਲੀ ਪੂਰਬ ਵਿੱਚ ਪੋਇਸਰ ਮੈਟਰੋ ਸਟੇਸ਼ਨ ਦੇ ਹੇਠਾਂ ਮੈਟਰੋ ਰੇਲ ਦੇ ਕੰਮ ਵਿੱਚ ਲੱਗੇ ਦੋ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।
ਹਾਦਸੇ ਵਿੱਚ ਅਦਾਕਾਰਾ ਅਤੇ ਉਸਦਾ ਡਰਾਈਵਰ ਵੀ ਜ਼ਖਮੀ ਹੋ ਗਏ, ਪਰ ਵੇਲੇ ਸਿਰ ਏਅਰਬੈਗ ਖੁੱਲ੍ਹਣ ਸਦਕਾ ਉਨ੍ਹਾਂ ਦੀ ਜਾਨ ਬਚ ਗਈ।’’
ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਇਹ ਡਰਾਈਵਰ ਤੋਂ ਬੇਕਾਬੂ ਹੋ ਗਈ, ਜਿਸ ਕਾਰਨ ਇਹ ਸੜਕ ਕਿਨਾਰੇ ਕੰਮ ਕਰ ਰਹੇ ਪੀੜਤਾਂ ’ਤੇ ਜਾ ਚੜ੍ਹੀ। ਉਨ੍ਹਾਂ ਕਿਹਾ ਕਿ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਕੋਠਾਰੇ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਮਰਾਠੀ ਦੀ ‘ਦੁਨੀਆਦਾਰੀ’ ਅਤੇ ਹਿੰਦੀ ਵਿੱਚ ‘ਥੈਂਕ ਗੌਡ’ ਆਦਿ ਅਹਿਮ ਹਨ। -ਪੀਟੀਆਈ