ਸੜਕ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਨਾਇਬ ਸਿੰਘ ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਸਤੰਬਰ
ਸੜਕ ਹਾਦਸੇ ਵਿੱਚ ਫੌਤ ਹੋਏ ਸੱਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਸਨ। ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਮੁੱਖ ਮੰਤਰੀ ਸੈਣੀ ਸਭ ਤੋਂ ਪਹਿਲਾਂ ਪਿੰਡ ਸੁਨਾਰੀਆਂ ਵਿੱਚ ਰਾਜਬੀਰ ਸਿੰਘ ਦੇ ਗ੍ਰਹਿ ਪੁੱਜੇ ਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਫਿਰ ਪਿੰਡ ਰਾਮਪੁਰਾ ਵਿੱਚ ਗੁਲਜ਼ਾਰ ਸਿੰਘ ਦੇ ਪੁੱਤਰ ਤੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਦੇ ਕੈਂਟਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ। ਮੁੱਖ ਮੰਤਰੀ ਪਿੰਡ ਮਿਰਚਹੇੜੀ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਿੰਡ ਮਿਰਚਹੇੜੀ ਵਿੱਚ ਸੁਲੋਚਨਾ ਦੇਵੀ ਦੇ ਪੁੱਤਰ ਨੂੰ ਦਿਲਾਸਾ ਦਿੱਤਾ। ਪਿੰਡ ਮਰਖੇੜਾ ਦੇ ਰਹਿਣ ਵਾਲੇ ਤੇਜ ਪਾਲ ਦੀ ਮੌਤ ’ਤੇ ਵੀ ਉਨ੍ਹਾਂ ਦੁੱਖ ਸਾਝਾਂ ਕੀਤਾ।
ਇਸੇ ਪਿੰਡ ਦੇ ਜੈ ਪਾਲ ਸਿੰਘ ਦੇ ਘਰ ਵੀ ਉਹ ਦਿਲਾਸਾ ਦੇਣ ਲਈ ਪੁੱਜੇ। ਮੁੱਖ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਮਾਰੇ ਗਏ ਸਾਰੇ ਵਿਅਕਤੀਆਂ ਦੇ ਪਰਿਵਾਰਾਂ ਸਣੇ ਜ਼ਖ਼ਮੀ ਵਿਅਕਤੀਆਂ ਲਈ ਸਰਕਾਰ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਰਾਜ ਮੰਤਰੀ ਸੁਭਾਸ਼ ਸੁਧਾ, ਸਾਬਕਾ ਵਿਧਾਇਕ ਡਾ ਪਵਨ ਸੈਣੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸਰਪੰਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਰਾਣਾ, ਗੁਰਨਾਮ ਸੈਣੀ, ਨੈਬ ਸਿੰਘ ਪਟਾਕ ਮਾਜਰਾ, ਰਾਹੁਲ ਰਾਣਾ, ਮੰਡਲ ਪ੍ਰਧਾਨ ਜੱਸੀ ਹਮੀਦਪੁਰ, ਨੈਬ ਸਿੰਘ ਇਸ਼ਰਹੇੜੀ, ਡਿੰਪਲ ਸੈਣੀ, ਸੁਰੀਆ ਸੈਣੀ, ਸਰਪੰਚ ਬਬੂ ਰਾਮਪੁਰਾ, ਮਹਿਮਾ ਸਿੰਘ ਰਾਮਪੁਰਾ, ਸਰਪੰਚ ਗੁਰਮੀਤ ਸਿੰਘ, ਨਰਿੰਦਰ ਗੋਜਰੇ ਆਦਿ ਮੌਜੂਦ ਸਨ।