Road Accident in Punjab: ਬੇਕਾਬੂ ਕਾਰ ਨੇ ਤਿੰਨ ਔਰਤਾਂ ਅਤੇ ਬੱਚੀ ਨੂੰ ਦਰੜਿਆ, ਦੋ ਹਲਾਕ
ਕੇਪੀ ਸਿੰਘ
ਗੁਰਦਾਸਪੁਰ, 30 ਅਕਤੂਬਰ
ਥਾਣਾ ਬਹਿਰਾਮਪੁਰ ਅਧੀਨ ਪਿੰਡ ਰਾਏਪੁਰ ਦੇ ਬਾਂਠਾਂ ਵਾਲੇ ਮੋੜ ’ਤੇ ਬੁੱਧਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬੱਸ ਸਟਾਪ ’ਤੇ ਖੜ੍ਹੀਆਂ ਤਿੰਨ ਔਰਤਾਂ ਅਤੇ ਬੱਚੀ ਨੂੰ ਦਰੜਦੀ ਹੋਈ ਅੱਗੇ ਜਾ ਕੇ ਇੱਕ ਦੁਕਾਨ ਵਿੱਚ ਵੱਜ ਕੇ ਪਲਟ ਗਈ। ਹਾਦਸੇ ਵਿੱਚ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚੀ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਵਜੋਂ ਤਾਇਨਾਤ ਸੁਧਾ ਸ਼ਰਮਾ, ਵਾਸੀ ਈਸਾਪੁਰ ਆਪਣੀ ਸਕੂਟਰੀ ’ਤੇ ਸਕੂਲ ਜਾ ਰਹੀ ਸੀ। ਉਹ ਸੜਕ ਪਾਰ ਕਰਨ ਲਈ ਬੱਸ ਸਟਾਪ ਨੇੜੇ ਖੜ੍ਹੀ ਸੀ ਅਤੇ ਉਸ ਦੇ ਨਾਲ ਹੀ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਆਪਣੀ ਛੋਟੀ ਪੋਤਰੀ ਨਾਲ ਖੜ੍ਹੀ ਸੀ। ਇੱਕ ਹੋਰ ਔਰਤ ਵੀ ਉੱਥੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ।
ਇਸ ਦੌਰਾਨ ਦੂਸਰੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਆਈ ਅਤੇ ਤਿੰਨੋਂ ਔਰਤਾਂ ਤੇ ਬੱਚੀ ਨੂੰ ਕੁਚਲਦੀ ਹੋਈ ਇੱਕ ਦੁਕਾਨ ’ਚ ਜਾ ਵੱਜੀ ਅਤੇ ਪਲਟ ਗਈ। ਹਾਦਸੇ ਵਿੱਚ ਸੁਧਾ ਸ਼ਰਮਾ ਅਤੇ ਕ੍ਰਿਸ਼ਨਾ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕ੍ਰਿਸ਼ਨਾ ਕੁਮਾਰੀ ਦੀ ਪੋਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਦੁਰਘਟਨਾ ਵਿੱਚ ਇੱਕ ਹੋਰ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਅਤੇ ਬੱਚੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਕਾਰ ਦਾ ਚਾਲਕ ਦੁਰਘਟਨਾ ਤੋਂ ਬਾਅਦ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੱਡੀ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਇਸ ਦੇ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।