ਸੜਕ ਹਾਦਸਾ: ਪੀੜਤਾਂ ਨੂੰ ਮੁਆਵਜ਼ੇ ਲਈ ਕਿਸਾਨਾਂ ਦਾ ਧਰਨਾ ਜਾਰੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਜਨਵਰੀ
ਲੰਘੀ 4 ਜਨਵਰੀ ਨੂੰ ਸੜਕ ਹਾਦਸੇ ’ਚ ਫ਼ੌਤ ਹੋਈਆਂ ਔਰਤਾਂ ਤੇ ਜ਼ਖ਼ਮੀ ਬੱਸ ਸਵਾਰਾਂ ਲਈ ਮੁਆਵਜ਼ੇ ਦੀ ਮੰਗ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇੱਥੇ ਡੀਸੀ ਦਫਤਰ ਅੱਗੇ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਭਲਕੇ ਮੋਗਾ ਵਿੱਚ ਹੋ ਰਹੀ ਕਿਸਾਨ ਮਹਾਪੰਚਾਇਤ ਲਈ ਯੂਨੀਅਨ ਦੇ ਰੁੱਝੀ ਹੋਣ ਕਾਰਨ ਅੱਜ ਧਰਨੇ ’ਚ ਕਿਸਾਨਾਂ ਦੀ ਗਿਣਤੀ ਘੱਟ ਹੀ ਰਹੀ।
ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਰਿਹ ਹੈ ਕਿਉਂਕਿ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਨਾ ਦੇ ਕੇ, ਕਿਸਾਨਾਂ ਨੂੰ ਕੜਾ ਕੇ ਦੀ ਠੰਢਵਿੱਚ ਧਰਨਾ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁਆਵਜ਼ਾ ਨਾ ਮਿਲਣ ਕਾਰਣ ਹਾਦਸੇ ’ਚ ਫ਼ੌਤ ਹੋਈਆਂ ਤਿੰਨੇ ਔਰਤਾਂ ਦੀਆਂ ਲਾਸ਼ਾਂ ਹਸਪਤਾਲ ਦੇ ਮੁਰਦਾਘਾਟ ਵਿੱਚ ਪਈਆਂ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਰੀੜ੍ਹ ਦੀ ਹੱਡੀ ਤੋਂ ਜ਼ਖ਼ਮੀ ਹੋਇਆ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਏਮਸ ਹਸਪਤਾਲ ਬਠਿੰਡਾ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਜਦਕਿ ਜ਼ਖ਼ਮੀਆਂ ਵਿੱਚੋ ਇੱਕ ਔਰਤ ਦੀ ਰੀੜ ਦੀ ਹੱਡੀ ਦਾ ਅਪਰੇਸ਼ਨ ਹੋ ਚੁੱਕਿਆ ਹੈ ਤੇ ਇੱਕ ਔਰਤ ਦੇ ਸਿਰ ਦਾ ਅਪਰੇਸ਼ਨ ਹੋਣਾ ਹੈ। ਉਨ੍ਹਾਂ ਕਿਹਾ ਕਿ ਕਈਆਂ ਦੇ ਹੱਥਾਂ ਦੀਆਂ ਉਂਗਲਾਂ ਕੱਟੀਆਂ ਗਈਆਂ, ਇੱਕ ਗਰੀਬ ਮਜ਼ਦੂਰ ਦੀ ਬਾਂਹ ਕੱਟੀ ਗਈ। ਉਨ੍ਹਾਂ ਆਖਿਆ ਕਿ ਦਰਦਨਾਕ ਹਾਦਸੇ ਤੋਂ ਬਾਅਦ ਵੀ ਸਰਕਾਰ ਪੀੜਤਾਂ ਦੀ ਬਾਂਹ ਨਹੀਂ ਫੜ੍ਹ ਰਹੀ।
ਆਗੂਆਂ ਨੇ ਕਿਹਾ ਕਿ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਹੇਠ ਪੰਜਾਬ ਦੇ ਮੋਗਾ ਵਿੱਚ ਇੱਕ ਮਹਾਪੰਚਾਇਤ ਹੋ ਰਹੀ ਹੈ, ਜਿਸ ਕਾਰਨ ਦੋ ਦਿਨ ਸਾਧਾਰਨ ਧਰਨਾ ਚਲਾਉਣ ਤੋਂ ਬਾਅਦ 10 ਜਨਵਰੀ ਨੂੰ ਮੁਆਵਜ਼ਾ ਲੈਣ ਲਈ ਸਰਕਾਰ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ।