For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਤੇ ਟਰੌਮਾ ਕੇਅਰ

06:32 AM Sep 07, 2023 IST
ਸੜਕ ਹਾਦਸੇ ਤੇ ਟਰੌਮਾ ਕੇਅਰ
Advertisement

ਡਾ. ਗੁਰਤੇਜ ਸਿੰਘ

ਵਿਗਿਆਨਕ ਯੁਗ ‘ਚ ਤਕਨਾਲੋਜੀ ਦੇ ਬੇਹੱਦ ਵਿਕਾਸ ਨੇ ਬਿਹਤਰ ਜ਼ਿੰਦਗੀ ਜਿਉਣ ਦੇ ਹੀਲੇ ਜੁਟਾਏ ਹਨ। ਹੋਰ ਸੁੱਖ ਸਹੂਲਤਾਂ ਦੇ ਨਾਲ ਮਹੀਨਿਆਂ ਦੇ ਸਫ਼ਰ ਨੂੰ ਘੰਟਿਆਂ ‘ਚ ਸਮੇਟ ਦਿੱਤਾ ਹੈ। ਇਸ ਸਹੂਲਤ ਨੇ ਸੜਕ ਹਾਦਸਿਆਂ ਨੂੰ ਜਨਮ ਵੀ ਦਿੱਤਾ ਹੈ, ਜਿਨ੍ਹਾਂ ਵਿਚ ਰੋਜ਼ਾਨਾ ਅਣਗਿਣਤ ਕੀਮਤੀ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ। ਸੜਕ ‘ਤੇ ਚਲਦੇ ਸਮੇਂ ਹਰ ਵੇਲੇ ਦਿਲ ਡਰਿਆ ਮਹਿਸੂਸ ਕਰਦਾ ਹੈ ਕਿ ਕਿਤੇ ਕੋਈ ਅਣਜਾਣ ਵਿਅਕਤੀ ਫੇਟ ਹੀ ਨਾ ਮਾਰ ਦੇਵੇ। ਕਈ ਜਗ੍ਹਾ ਬਿਨਾਂ ਜਾਂਚ ਪੜਤਾਲ ਦੇ ਟਰੈਫਿਕ ਲਾਈਸੈਂਸ ਲੋਕਾਂ ਨੂੰ ਜਾਰੀ ਹੋ ਰਹੇ ਹਨ ਜਿਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਤੱਕ ਨਹੀਂ ਹੁੰਦੀ। ਨਿੱਜੀ ਟਰਾਂਸਪੋਰਟ ਕੰਪਨੀਆਂ ਕਈ ਵਾਰ ਮੁਨਾਫ਼ੇ ਦੀ ਖ਼ਾਤਰ ਅਨਜਾਣ ਲੋਕਾਂ ਨੂੰ ਭਰਤੀ ਕਰ ਲੈਂਦੀਆਂ ਹਨ ਤੇ ਉਹ ਭਾਰੇ ਵਾਹਨਾਂ ਨੂੰ ਸੜਕਾਂ ‘ਤੇ ਬੇਖੌਫ਼ ਦੌੜਾਉਂਦੇ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਵਾਰ ਵਾਹਨ ਮਾਲਕਾਂ ਦੀ ਉੱਚੀ ਪਹੁੰਚ ਵੀ ਆਮ ਲੋਕਾਂ ਲਈ ਸਰਾਪ ਹੋ ਨਿੱਬੜਦੀ ਹੈ। ਪੁਲੀਸ ਕਰਮਚਾਰੀ ਜੇ ਈਮਾਨਦਾਰੀ ਨਾਲ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਰਾਜਨੀਤਕ ਗ਼ਲਬਾ ਉਨ੍ਹਾਂ ਦੇ ਰਾਹ ਦਾ ਅੜਿੱਕਾ ਬਣ ਜਾਂਦਾ ਹੈ।
ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਦੁਰਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੇ ਵਸਦੇ ਘਰਾਂ ਦੇ ਚਿਰਾਗ ਬੁਝਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਹਰ ਸਾਲ ਸੜਕ ਹਾਦਸਿਆਂ ’ਚ 4500 ਤੋਂ ਵੱਧ ਮਨੁੱਖੀ ਜਾਨਾਂ ਜਾਂਦੀਆਂ ਹਨ, ਜੋ ਪ੍ਰਤੀ ਦਿਨ 12 ਲੋਕ ਬਣਦੇ ਹਨ। ਇਹ ਪੱਖ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ 15 ਤੋਂ 25 ਸਾਲ ਉਮਰ ਦੇ ਬੱਚੇ ਵਧੇਰੇ ਜਾਨਾਂ ਗਵਾ ਰਹੇ ਹਨ ਜੋ ਮਾਪਿਆਂ ਲਈ ਅਸਹਿ ਸਦਮਾ ਹੁੰਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ 440042 ਸੜਕ ਹਾਦਸੇ ਹੋਏ ਅਤੇ 139091 ਲੋਕ ਹਾਦਸਿਆਂ ’ਚ ਮਾਰੇ ਗਏ। ਦੇਸ਼ ਪੱਧਰ ‘ਤੇ ਸੜਕ ਹਾਦਸਿਆਂ ‘ਚ ਮੌਤ ਦਰ 32.6 ਫ਼ੀਸਦੀ ਹੈ ਜਦਕਿ ਪੰਜਾਬ ਵਿੱਚ ਇਹ ਦਰ 75.8 ਫ਼ੀਸਦੀ ਹੈ।
‘ਦਿ ਟ੍ਰਿਬਿਊਨ’ ਦੀ 23 ਨਵੰਬਰ, 2022 ਦੀ ਸੰਪਾਦਕੀ ਨੇ ਸੂਬੇ ਦੇ ਸਰਕਾਰੀ ਸਿਹਤ ਖੇਤਰ ਦੇ ਪੰਜ ਟਰੌਮਾ ਕੇਅਰ ਸੈਂਟਰਾਂ ਦੇ ਠੱਪ ਪਏ ਹੋਣ ਦਾ ਗੰਭੀਰ ਨੋਟਿਸ ਲਿਆ ਸੀ। ਇਹ ਦੁੱਖ ਦੀ ਗੱਲ ਹੈ ਕਿ ਸਰਕਾਰੀ ਸਿਹਤ ਖੇਤਰ ਦੀਆਂ ਜ਼ਿਆਦਾਤਰ ਵੱਡੀਆਂ ਸਿਹਤ ਸੰਸਥਾਵਾਂ ਕੋਲ ਅਜੇ ਤੱਕ ਨਿਊਰੋਸਰਜਨ (ਦਿਮਾਗ ਦੇ ਆਪ੍ਰੇਸ਼ਨਾਂ ਦਾ ਮਾਹਿਰ) ਉਪਲਬਧ ਨਹੀਂ ਹੋ ਸਕਿਆ ਜੋ ਸਿਰ ਦੀ ਸੱਟ ਵਾਲੇ ਮਰੀਜ਼ ਦਾ ਸਹੀ ਦਿਸ਼ਾ ‘ਚ ਇਲਾਜ ਕਰਕੇ ਉਸ ਦੀ ਜ਼ਿੰਦਗੀ ਬਚਾਉਣ ਦੇ ਸਮਰੱਥ ਹੁੰਦਾ ਹੈ। ਇਸ ਕਰਕੇ ਸਿਰ ਦੀ ਸੱਟ ਵਾਲੇ ਮਰੀਜ਼ ਨੂੰ ਰੈਫ਼ਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਬਹੁਤੀ ਵਾਰ ਮਰੀਜ਼ ਰਸਤੇ ਵਿੱਚ ਦਮ ਤੋੜ ਜਾਂਦੇ ਹਨ।
ਸੜਕ ਦੁਰਘਟਨਾ ਤੋਂ ਬਾਅਦ ਇਲਾਜ ਲਈ ਲਿਆਂਦੇ ਮਰੀਜ਼ ਦਾ ਸਾਰੇ ਸਿਹਤ ਕੇਂਦਰ ਟਰੌਮਾ ਕੇਅਰ (ਦੁਰਘਟਨਾ ਸਮੇਂ ਲੱਗੀ ਸੱਟ ਦਾ ਸਹੀ ਇਲਾਜ ਕੇਂਦਰ) ਨਹੀਂ ਦੇ ਪਾਉਂਦੇ ਜਾਂ ਇੰਝ ਕਹਿ ਲਈਏ ਕਿ ਉਨ੍ਹਾਂ ਕੋਲ ਉਸ ਸਮੇਂ ਲੋੜੀਂਦੀਆਂ ਸਾਰੀਆਂ ਸਹੂਲਤਾਂ ਜਿਵੇਂ ਪੂਰੀ ਤਰ੍ਹਾਂ ਸਿੱਖਿਅਤ ਨਰਸਿੰਗ ਸਟਾਫ਼, ਡਾਕਟਰਾਂ ਦੀ ਟੀਮ, ਐਮਰਜੈਂਸੀ ਦੌਰਾਨ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ, ਆਧੁਨਿਕ ਉਪਕਰਨਾਂ ਨਾਲ ਲੈਸ ਅਪਰੇਸ਼ਨ ਥੀਏਟਰ, ਐਕਸਰੇ, ਸੀਟੀ ਸਕੈਨ, ਅਲਟਰਾਸਾਊਂਡ, ਦੁਰਘਟਨਾ ਦੌਰਾਨ ਵਹੇ ਖੂਨ ਦੀ ਪੂਰਤੀ ਲਈ ਬਲੱਡ ਬੈਂਕ, ਆਈਸੀਯੂ ਤੇ ਹੋਰ ਡਾਕਟਰੀ ਸਾਜ਼ੋ-ਸਾਮਾਨ ਆਦਿ ਮੌਜੂਦ ਹੀ ਨਹੀਂ ਹੁੰਦੀਆਂ। ਦੁਰਘਟਨਾ ਹੋਣ ਤੋਂ ਬਾਅਦ ਮਰੀਜ਼ ਦੀ ਜ਼ਿੰਦਗੀ ਉਸ ਸਿਹਤ ਕੇਂਦਰ/ਹਸਪਤਾਲ ਦੇ ਸਟਾਫ਼ ਦੇ ਹੱਥਾਂ ਵਿੱਚ ਹੁੰਦੀ ਹੈ। ਜੇ ਉਨ੍ਹਾਂ ਉਸ ਸਮੇਂ ਸਹੀ ਦਿਸ਼ਾ ਵਿੱਚ ਇਲਾਜ ਕੀਤਾ ਤਾਂ ਮਰੀਜ਼ ਦੀ ਜਾਨ ਬਚ ਜਾਂਦੀ ਹੈ ਨਹੀਂ ਤਾਂ ਇਸ ਨੂੰ ਰੱਬ ਦਾ ਭਾਣਾ ਮੰਨ ਲਿਆ ਜਾਂਦਾ ਹੈ।
ਪੰਜਾਬ ਦੇ ਬਹੁਤੇ ਇਲਾਕੇ ਟਰੌਮਾ ਕੇਅਰ ਸੈਂਟਰਾਂ ਨੂੰ ਤਰਸ ਰਹੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਪਹਿਲਾਂ ਕੁੱਲ ਬਜਟ ਦਾ ਘੱਟੋ ਘੱਟ ਦਸ ਫ਼ੀਸਦੀ ਸਿਹਤ ਦਾ ਬਜਟ ਹੋਵੇ। ਸੂਬੇ ਦੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਜੋ ਜ਼ਿਲ੍ਹਾ ਪੱਧਰ ‘ਤੇ ਹਨ, ਉੱਥੇ ਲਾਜ਼ਮੀ ਟਰੌਮਾ ਕੇਅਰ ਸੈਂਟਰ ਹੋਵੇ ਖਾਸ ਕਰਕੇ ਹਰ ਸਮੁਦਾਇਕ ਸਿਹਤ ਕੇਂਦਰ ਦੇ ਨਾਲ ਟਰੌਮਾ ਕੇਅਰ ਕੇਂਦਰ ਬਣਾਉਣਾ ਯਕੀਨੀ ਬਣਾਇਆ ਜਾਵੇ ਤੇ ਸੁਚਾਰੂ ਢੰਗ ਨਾਲ ਚਲਾਉਣ ਨੂੰ ਤਰਜੀਹ ਦਿੱਤੀ ਜਾਵੇ। ਮੁੱਢਲੇ ਸਿਹਤ ਕੇਂਦਰਾਂ ਨੂੰ ਵੀ ਵਧੇਰੇ ਵਿਕਸਿਤ ਕੀਤਾ ਜਾਵੇ। ਨਿਊਰੋਸਰਜਨ ਡਾਕਟਰਾਂ ਦੇ ਨਾਲ ਹੋਰਨਾਂ ਵਿਭਾਗਾਂ ਦੇ ਮਾਹਿਰ ਡਾਕਟਰਾਂ, ਜੂਨੀਅਰ ਡਾਕਟਰਾਂ ਤੇ ਪੈਰਾਮੈਡੀਕਲ ਕਾਮਿਆਂ ਨੂੰ ਸਮੇਂ ਸਿਰ ਰੈਗੂਲਰ ਭਰਤੀ ਕੀਤਾ ਜਾਵੇ ਤੇ ਉਸ ਵਿਸ਼ੇਸ਼ ਸਿਖਲਾਈ ਪ੍ਰਾਪਤ ਸਟਾਫ ਨੂੰ ਹੋਰ ਕਿਸੇ ਜਗ੍ਹਾ ਤਬਦੀਲ ਨਾ ਕੀਤਾ ਜਾਵੇ। ਟਰੌਮਾ ਕੇਂਦਰਾਂ ਨੂੰ ਲੋੜੀਂਦੇ ਸਾਰੇ ਸਾਧਨ ਤੇ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਜੇ ਸੂਬਾ ਸਰਕਾਰ ਆਮ ਆਦਮੀ ਕਲੀਨਿਕ ਦੇ ਨਾਲ ਇਸ ਪਾਸੇ ਪਹਿਲਕਦਮੀ ਕਰੇ ਤਾਂ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਵੇਲੇ ਸਿਰ ਸਹੀ ਇਲਾਜ ਨਾ ਮਿਲਣ ਕਰਕੇ ਮਰਦੇ ਲੋਕਾਂ ਦੀਆਂ ਕੀਮਤੀ ਜਾਨਾਂ ਕਾਫੀ ਹੱਦ ਤੱਕ ਬਚਾਈਆਂ ਜਾ ਸਕਦੀਆਂ ਹਨ।
ਸੰਪਰਕ: 95173-96001

Advertisement

Advertisement
Advertisement
Author Image

joginder kumar

View all posts

Advertisement