ਸੜਕ ਹਾਦਸਾ: ਚਾਰੋਂ ਦੋਸਤਾਂ ਦਾ ਇਕੱਠਿਆਂ ਹੋਇਆ ਸਸਕਾਰ
ਹਤਿੰਦਰ ਮਹਿਤਾ
ਜਲੰਧਰ, 28 ਜਨਵਰੀ
ਕੌਮੀ ਮਾਰਗ ’ਤੇ ਦਸੂਹਾ ਨੇੜੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਮਾਰੇ ਗਏ ਪੰਜ ਦੋਸਤਾਂ ’ਚੋਂ ਚਾਰ ਦਾ ਅੱਜ ਇੱਥੋਂ ਦੇ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਇਕੱਠਿਆਂ ਸਸਕਾਰ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਇੰਦਰਜੀਤ ਦੀ ਚਿਖਾ ਨੂੰ ਅਗਨੀ ਦਿਖਾਈ। ਫਿਰ ਇੱਕ-ਇੱਕ ਕਰ ਕੇ ਅਭੀ, ਰਾਜੂ ਅਤੇ ਅੰਕਿਤ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਪੰਜਵੇਂ ਦੋਸਤ ਰਿਸ਼ਭ ਮਿਨਹਾਸ ਦਾ ਸਸਕਾਰ ਸ਼ੁੱਕਰਵਾਰ ਦੇਰ ਸ਼ਾਮ ਹਰਨਾਮਦਾਸਪੁਰਾ ਵਿੱਚ ਕਰ ਦਿੱਤਾ ਗਿਆ ਸੀ।
ਇੰਦਰਜੀਤ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਸ਼ਮਸ਼ਾਨਘਾਟ ਲਿਆਂਦਾ ਗਿਆ। ਉਸ ਦੇ ਪਰਿਵਾਰਕ ਮੈਂਬਰ ਇੰਦਰਜੀਤ ਲਈ ਸਿਹਰਾ ਲੈ ਕੇ ਆਏ ਸਨ। ਚਾਰਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਮਹਿੰਦਰ ਭਗਤ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।
ਜਾਣਕਾਰੀ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਸੜ ਗਈ। ਟਰੱਕ ਵੀ ਕਰੀਬ 500 ਮੀਟਰ ਦੂਰ ਸੜਕ ਤੋਂ ਹੇਠਾਂ ਖੱਡੇ ਵਿੱਚ ਡਿੱਗਣ ਕਾਰਨ ਨੁਕਸਾਨਿਆ ਗਿਆ। ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਵਾਲੀ ਕਾਰ ਰਿਸ਼ਭ ਦੀ ਸੀ ਅਤੇ ਕਾਰ ਚਲਾ ਵੀ ਉਹੀ ਰਿਹਾ ਸੀ। ਟੱਕਰ ਤੋਂ ਬਾਅਦ ਕਾਰ ਦਾ ਸੀਐੱਨਜੀ ਸਿਲੰਡਰ ਫਟ ਗਿਆ ਜਿਸ ਕਾਰਨ ਉਸ ਵਿੱਚ ਸਵਾਰ ਪੰਜ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ’ਚੋਂ ਤਿੰਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਚੌਥੇ ਦੀ ਰਸਤੇ ਵਿੱਚ ਅਤੇ ਪੰਜਵੇਂ ਦੀ ਹਸਪਤਾਲ ਵਿੱਚ ਮੌਤ ਹੋਈ। ਪੁਲੀਸ ਨੇ ਜ਼ਖ਼ਮੀ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਾਦਸੇ ਤੋਂ 20 ਕੁ ਮਿੰਟ ਪਹਿਲਾਂ ਰਿਸ਼ਭ ਨੇ ਬਣਾਈ ਸੀ ਵੀਡੀਓ
ਹਾਦਸੇ ਤੋਂ 20 ਕੁ ਮਿੰਟ ਪਹਿਲਾਂ ਰਿਸ਼ਭ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਜਲੰਧਰ-ਪਠਾਨਕੋਟ ਹਾਈਵੇਅ ’ਤੇ ਜਾ ਰਹੇ ਹਨ ਅਤੇ ਕਾਰ ਕਰੀਬ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ’ਤੇ ਚੱਲ ਰਹੀ ਹੈ। ਵੀਡੀਓ ਵਿੱਚ ਪੰਜਾਬੀ ਗੀਤ ਉੱਚੀ ਆਵਾਜ਼ ’ਚ ਚੱਲ ਰਿਹਾ ਸੀ। ਇਸ ਤੋਂ ਬਾਅਦ ਹਾਦਸਾ ਵਾਪਰ ਗਿਆ। ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।