Road Accident: ਸੜਕ ਹਾਦਸੇ 'ਚ 5 ਮੈਡੀਕਲ ਵਿਦਿਆਰਥੀਆਂ ਦੀ ਮੌਤ
01:59 PM Dec 03, 2024 IST
ਅਲਾਪੁਜਾ (ਕੇਰਲ), 3 ਦਸੰਬਰ
Road Accident: ਕੇਰਲ ਦੇ ਇਸ ਸਾਹਿਲੀ ਜ਼ਿਲ੍ਹੇ ਦੇ ਪੰਜ ਮੈਡੀਕਲ ਵਿਦਿਆਰਥੀਆਂ ਲਈ ਸੈਰ-ਸਪਾਟੇ ਦੀ ਇੱਕ ਰਾਤ ਤ੍ਰਾਸਦੀ ਵਿੱਚ ਬਦਲ ਗਈ, ਜੋ ਇਕ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਅਤੇ ਪਿੱਛੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਰੋਂਦੇ-ਕੁਰਲਾਉੱਦੇ ਛੱਡ ਗਏ। ਜਿਨ੍ਹਾਂ ਮਾਪਿਆਂ ਨੇ ਇਸ ਦੁਰਘਟਨਾ ਤੋਂ ਕੁਝ ਘੰਟੇ ਪਹਿਲਾਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਸੀ ਅਤੇ ਹੋਸਟਲ ਦੇ ਉਨ੍ਹਾਂ ਦੇ ਰੂਮਮੇਟਸ ਜਿਨ੍ਹਾਂ ਨੇ ਦੁਖਾਂਤ ਤੋਂ ਕੁਝ ਮਿੰਟ ਪਹਿਲਾਂ ਉਨ੍ਹਾਂ ਨਾਲ ਹਾਸੇ ਤੇ ਮੌਜ-ਮਸਤੀ ਦੇ ਪਲ ਸਾਂਝੇ ਕੀਤੇ ਸਨ, ਹੁਣ ਇਸ ਤਬਾਹਕੁਝ ਘਟਨਾ ਦੇ ਸਿੱਟਿਆਂ ਦਾ ਸਾਹਮਣਾ ਕਰਨ ਲਈ ਜੂਝ ਰਹੇ ਹਨ।
ਮਾਰੇ ਗਏ ਵਿਦਿਆਰਥੀ ਇੱਥੋਂ ਦੇ ਵੰਦਨਮ ਸਰਕਾਰੀ ਮੈਡੀਕਲ ਕਾਲਜ (Vandanam Government Medical College) ਦੇ MBBS ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਉਹ ਸੋਮਵਾਰ ਰਾਤ ਨੂੰ ਜਿਸ ਕਾਰ ਵਿਚ ਸੈਰ-ਸਪਾਟੇ ਪਿਛੋਂ ਪਰਤ ਰਹੇ ਸਨ, ਉਸ ਦੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (KSRTC) ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ ਛੇ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਕਨੂਰ ਦੇ ਮੁਹੰਮਦ ਅਬਦੁਲ ਜੱਬਾਰ, ਲਕਸ਼ਦੀਪ ਦੇ ਮੁਹੰਮਦ ਇਬਰਾਹਿਮ, ਮਲਪੁਰਮ ਦੇ ਦੇਵਨੰਦਨ, ਅਲਾਪੁਜਾ ਦੇ ਆਯੂਸ਼ ਸ਼ਾਜੀ ਅਤੇ ਪਲੱਕੜ ਦੇ ਸ੍ਰੀਦੀਪ ਵਜੋਂ ਹੋਈ ਹੈ।
ਟੀਵੀ ਚੈਨਲਾਂ ਦੁਆਰਾ ਪ੍ਰਸਾਰਿਤ ਕੀਤੇ ਗਏ ਸੀਸੀਟੀਵੀ ਵਿਜ਼ੂਅਲ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਕਾਰ ਫਿਸਲ ਕੇ ਬੱਸ ਨਾਲ ਟਕਰਾ ਜਾਂਦੀ ਹੈ ਅਤੇ ਬੱਸ ਦੇ ਹੇਠਾਂ ਦਰੜੀ ਜਾਂਦੀ ਹੈ। ਇਸ ਸਮੇਂ ਬਾਰਸ਼ ਵੀ ਹੋ ਰਹੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਬਾਕੀਆਂ ਨੇ ਹਸਪਤਾਲ ਜਾ ਕੇ ਦਮ ਤੋੜਿਆ। ਪੁਲੀਸ ਨੇ ਦੱਸਿਆ ਕਿ ਭਿਆਨਕ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਨੌਜਵਾਨਾਂ ਨੂੰ ਗੱਡੀ ਦੀ ਭੰਨ-ਤੋੜ ਕਰ ਕੇ ਹੀ ਬਾਹਰ ਕੱਢਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਦੇ ਘੰਟਿਆਂ ਬਾਅਦ ਵੀ ਮਦਦ ਲਈ ਪੁਕਾਰ ਰਹੇ ਪੀੜਤਾਂ ਦੀਆਂ ਚੀਕਾਂ ਦਿਲ ਦਹਿਲਾਉਣ ਵਾਲੀਆਂ ਸਨ। ਉਸ ਨੇ ਟੀਵੀ ਚੈਨਲਾਂ ਨੂੰ ਦੱਸਿਆ, "ਇਹ ਅਜੇ ਵੀ ਸਾਫ਼ ਨਹੀਂ ਹੈ ਕਿ ਹਾਦਸਾ ਕਿਉਂ ਵਾਪਰਿਆ। ਹੋ ਸਕਦਾ ਹੈ ਕਿ ਲਗਾਤਾਰ ਜਾਰੀ ਮੀਂਹ ਕਾਰਨ ਕਾਰ ਡਰਾਈਵਰ ਨੂੰ ਕੋਈ ਪ੍ਰੇਸ਼ਾਨੀ ਆਈ ਹੋਵੇ।"
ਇਸ ਦੌਰਾਨ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਨੇ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਇਸ ਨੂੰ 'ਸਭ ਤੋਂ ਦੁਖਦਾਈ ਘਟਨਾ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, "ਕਾਲਰਕੋਡ ਵਿਖੇ ਅਲਾਪੁਜਾ ਕੌਮੀ ਸ਼ਾਹਰਾਹ 'ਤੇ ਵਾਪਰੀ ਦੁਖਦਾਈ ਘਟਨਾ ਬਹੁਤ ਹੀ ਦੁਖਦਾਈ ਹੈ, ਜਿੱਥੇ ਪੰਜ ਮੈਡੀਕਲ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।" ਉਨ੍ਹਾਂ ਦੁਖੀ ਪਰਿਵਾਰਾਂ ਨਾਲ "ਡੂੰਘੀ ਹਮਦਰਦੀ" ਦਾ ਵੀ ਪ੍ਰਗਟਾਵਾ ਕੀਤਾ ਹੈ। -ਪੀਟੀਆਈ
Advertisement
Advertisement