ਆਰਐੱਮਪੀਆਈ ਦੇ ਵਰਕਰਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ
ਅਜਨਾਲਾ, 30 ਜੁਲਾਈ
ਕੇਂਦਰੀ ਬਜਟ ਵਿੱਚ ਮਜ਼ਦੂਰਾਂ, ਕਿਸਾਨਾਂ, ਗਰੀਬਾਂ, ਦੁਕਾਨਦਾਰਾਂ, ਵਿਦਿਆਰਥੀਆਂ ਦੇ ਮਸਲਿਆਂ ਦਾ ਕੋਈ ਹੱਲ ਨਾ ਕਰਨ ਵਿਰੁੱਧ ਅਤੇ ਇਸ ਬਜਟ ਵਿੱਚ ਪੰਜਾਬ ਨੂੰ ਅਣਗੌਲਿਆ ਰੱਖਣ ਬਾਰੇ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਝੰਡੇ ਹੇਠ ਪਾਰਟੀ ਦੇ ਸੀਨੀਅਰ ਆਗੂ ਅਤੇ ਜਮਹੂਰੀ ਕਿਸਾਨ ਸਭਾ ਤੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਨੇ ਅਜਨਾਲਾ ਤੋਂ ਅੰਮ੍ਰਿਤਸਰ ਮੁੱਖ ਸੜਕ ’ਤੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸੀਤਾਰਮਨ ਦੇ ਪੁਤਲੇ ਸਾੜੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਇਸ ਬਜਟ ਵਿੱਚ ਗਰੀਬਾਂ ਨੂੰ ਰਾਹਤ ਦੇਣ ਦੀ ਬਜਾਏ ਪਿਛਲੇ 3 ਸਾਲਾਂ ਵਿੱਚ 23 ਕਾਰਪੋਰੇਟ ਘਰਾਣਿਆਂ ਦੀ ਆਮਦਨ 4 ਗੁਣਾਂ ਵਧਣ ਦੇ ਬਾਵਜੂਦ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਵਿੱਚ ਹੋਰ ਰਿਆਇਤ ਦਿੱਤੀ ਗਈ ਹੈ ਜਦ ਕਿ ਗਰੀਬ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿੱਸ ਰਹੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਆਰਐੱਮਪੀਆਈ ਵੱਲੋਂ ਮੋਦੀ ਸਰਕਾਰ ਦੇ ਤੀਸਰੇ ਕਾਲ ਦੇ ਪਹਿਲੇ ਬਜਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕਾਮਰੇਡ ਸ਼ਿਵ ਕੁਮਾਰ, ਬਲਵੰਤ ਸਿੰਘ ਘੋਹ, ਰਘਬੀਰ ਸਿੰਘ ਧਲੌਰੀਆਂ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਲਾ ਲਾਹੜੀ ਤੇ ਰਣਜੋਧ ਸਿੰਘ ਆਦਿ ਸ਼ਾਮਲ ਸਨ।