ਆਰਐੱਮਪੀਆਈ ਕੇਂਦਰ ਖ਼ਿਲਾਫ਼ ਵਿਢੇਗੀ ਘੋਲ
ਪੱਤਰ ਪ੍ਰੇਰਕ
ਜਲੰਧਰ, 9 ਜੁਲਾਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਹਰਕੰਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਦੀਆਂ ਵੰਡਵਾਦੀ ਸਾਜ਼ਿਸ਼ਾਂ ਨੂੰ ਪੂਰ ਚੜ੍ਹਾਉਣ ਅਤੇ ਬੇਰਹਿਮ ਕਾਰਪੋਰੇਟੀ ਲੁੱਟ ਹੋਰ ਤਿੱਖੀ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਵਿਰੁੱਧ ਦੇਸ਼ ਪੱਧਰ ’ਤੇ ਪ੍ਰਚੰਡ ਜਨ ਸੰਘਰਸ਼ ਵਿੱਢਣ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਇਸ ਲੋਕ ਮਾਰੂ ਦੇਸ਼ ਵਿਰੋਧੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ ਹੈ। ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਉਪਰੋਕਤ ਸੇਧ ਵਿੱਚ ਵਿਸ਼ਾਲ ਲੋਕ ਲਾਮਬੰਦੀ ਦੇ ਉਦੇਸ਼ ਤਹਿਤ 28 ਜੁਲਾਈ ਨੂੰ ਬਰਨਾਲਾ ਅਤੇ 6 ਅਗਸਤ ਨੂੰ ਜਲੰਧਰ ਵਿੱਚ ਭਰਵੀਆਂ ਕਨਵੈਨਸ਼ਨਾਂ ਸੱਦੀਆਂ ਜਾਣਗੀਆਂ। ਸਾਥੀ ਜਾਮਾਰਾਏ ਨੇ ਦੱਸਿਆ ਕਿ ਲੋਕਾਈ ਨੂੰ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀ ਸੱਤਾ ਦੇ ਤਬਾਹਕੁਨ ਮਨਸੂਬਿਆਂ ਤੋਂ ਜਾਣੂ ਕਰਵਾਉਣ ਲਈ ਪਾਰਟੀ ਦੇ ਦੋ ਜਥੇ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।