ਰਿਆ ਸ਼ੁਕਲਾ ਦੀ ‘ਰੂਜ਼’ ਦੀ ਬਰਲਿਨ ਫਿਲਮ ਫੈਸਟੀਵਲ ਲਈ ਚੋਣ
ਨਵੀਂ ਦਿੱਲੀ:
ਵਿਦਿਆਰਥਣ ਫਿਲਮ ਨਿਰਮਾਤਾ ਰਿਆ ਸ਼ੁਕਲਾ ਦੀ ਛੋਟੀ ਫਿਲਮ ‘ਰੂਜ਼’ ਦਾ 75ਵੇਂ ਬਰਲਿਨ ਕੌਮਾਂਤਰੀ ਫਿਲਮ ਮਹਾਉਤਸਵ ਦੇ ਜੈਨਰੇਸ਼ਨ ਕੇਪਲਜ਼ ਵਰਗ ਵਿੱਚ ਵਿਸ਼ਵ ਪ੍ਰੀਮੀnਰ ਹੋਵੇਗਾ। ਨਵੀਂ ਦਿੱਲੀ ਵਿੱਚ ਜੰਮੀ ਰਿਆ ਸ਼ੁਕਲਾ ਦੇ ਨਿਰਦੇਸ਼ਨ ਵਾਲੀ ਇਹ ਫਿਲਮ 13 ਤੋਂ 23 ਫਰਵਰੀ ਤਕ ਬਰਲਿਨ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਦਿਖਾਈਆਂ ਜਾਣ ਵਾਲੀਆਂ 15 ਫਿਲਮਾਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਸ਼ੁਕਲਾ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਕਹਾਣੀ ਅਤੇ ਨਿਰਦੇਸ਼ਨ ਸਬੰਧੀ ਸਿੱਖਿਆ ਹਾਸਲ ਕਰ ਰਹੀ ਹੈ। 29 ਸਾਲਾ ਫਿਲਮ ਨਿਰਮਾਤਾ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ‘ਰੂਜ਼’ ਦਾ ਸਫ਼ਰ ਬੇਹੱਦ ਸ਼ਾਨਦਾਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਉਸ ਨੂੰ ਫਿਲਮ ਦੌਰਾਨ ਚੰਗੇ ਲੋਕਾਂ ਦਾ ਸਾਥ ਮਿਲਿਆ ਹੈ। ਇਹ ਜਵਾਨ ਤੇ ਦਲੇਰ ਸਨ ਜਿਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੀ ਸ਼ੂਟਿੰਗ ਦੌਰਾਨ ਜ਼ਿੰਮੇਵਾਰੀ ਨਾਲ ਕੰਮ ਕੀਤਾ। ਇਹ ਫਿਲਮ ਤਿੰਨ ਨਾਬਾਲਗ ਕੁੜੀਆਂ ਦੀ ਕਹਾਣੀ ਹੈ। ਉਹ ਬਰਸਾਤ ਵਾਲੇ ਦਿਨ ਦੁਪਹਿਰ ਵੇਲੇ ਨੱਚਣ ਦਾ ਅਭਿਆਸ ਕਰਦੀਆਂ ਹਨ। ਸਮਾਗਮ ਦੇ ਜੈਨਰੇਸ਼ਨ ਕੇਪਲਜ਼ ਵਰਗ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੀ ਦੁਨੀਆਂ ਨਾਲ ਸਬੰਧਤ ਫਿਲਮਾਂ ਨੂੰ ਦਿਖਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸ਼ੁਕਲਾ ਨੇ ‘ਮਧੂ’ ਫਿਲਮ ਵਿੱਚ ਕ੍ਰੀਏਟਿਵ ਪ੍ਰੋਡਿਊਸਰ ਵਜੋਂ ਵੀ ਕੰਮ ਕੀਤਾ ਸੀ। ਇਸ ਨੇ ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ‘ਸਪੈਸ਼ਲ ਮੈਨਸ਼ਨ ਜਯੂਰੀ ਐਵਾਰਡ’ ਹਾਸਲ ਕੀਤਾ ਸੀ। -ਪੀਟੀਆਈ