For the best experience, open
https://m.punjabitribuneonline.com
on your mobile browser.
Advertisement

ਦਰਿਆਈ ਪਾਣੀ ਨੇ ਹਜ਼ਾਰਾਂ ਏਕੜ ਰਕਬੇ ’ਚ ਵਿਛਾਈ ਰੇਤ

07:06 AM Jul 18, 2023 IST
ਦਰਿਆਈ ਪਾਣੀ ਨੇ ਹਜ਼ਾਰਾਂ ਏਕੜ ਰਕਬੇ ’ਚ ਵਿਛਾਈ ਰੇਤ
ਪਿੰਡ ਆਸਪੁਰ ਅਤੇ ਰਣਜੀਤਪੁਰਾ ਵਿਚਾਲੇ ਪੈਂਦੇ ਖੇਤਾਂ ਵਿੱਚ ਹਡ਼੍ਹ ਦੇ ਪਾਣੀ ਕਾਰਨ ਵਿਛੀ ਰੇਤ।
Advertisement

ਜਗਮੋਹਨ ਸਿੰਘ
ਘਨੌਲੀ, 17 ਜੁਲਾਈ
ਪਿਛਲੇ ਦਨਿੀਂ ਆਏ ਹੜ੍ਹ ਨੇ ਸਿਰਸਾ ਨਦੀ ਕਨਿਾਰੇ ਵੱਸੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਸਿਰਸਾ ਨਦੀ ਦੇ ਆਲੇ-ਦੁਆਲੇ ਵਸੇ ਪਿੰਡ ਮੰਗੂਵਾਲ, ਦੀਵਾੜੀ, ਸਿਰਸਾ ਨੰਗਲ, ਮਾਜਰੀ ਗੁੱਜਰਾਂ, ਆਸਪੁਰ ਤੇ ਕੋਟਬਾਲਾ ਦੀਆਂ ਜ਼ਮੀਨਾਂ ਵਿੱਚ ਬੀਜੀ ਝੋਨੇ ਦੀ ਫ਼ਸਲ ’ਤੇ ਜਿੱਥੇ ਨਦੀ ’ਚ ਚੜ੍ਹੇ ਪਾਣੀ ਕਾਰਨ ਕਈ-ਕਈ ਫੁੱਟ ਰੇਤ ਚੜ੍ਹ ਗਈ ਹੈ, ਉੱਥੇ ਹੜ੍ਹ ਦੇ ਪਾਣੀ ਕਾਰਨ ਖੇਤਾਂ ਵਿੱਚੋਂ ਝੋਨੇ ਦੀ ਪੂਰੀ ਫ਼ਸਲ ਰੁੜ ਗਈ ਹੈ। ਕਿਸਾਨ ਆਗੂ ਗੁਰਮੇਲ ਸਿੰਘ ਕੋਟਬਾਲਾ, ਸਰਪੰਚ ਰਣਬੀਰ ਸਿੰਘ ਆਸਪੁਰ ਤੇ ਸਰਪੰਚ ਰਣਜੀਤ ਸਿੰਘ ਅਵਾਨਕੋਟ ਨੇ ਦੱਸਿਆ ਕਿ ਪਿੰਡ ਅਵਾਨਕੋਟ, ਆਲੋਵਾਲ, ਆਸਪੁਰ ਤੇ ਕੋਟਬਾਲਾ ਦੇ ਕਿਸਾਨਾਂ ਦੇ ਪਿੰਡ ਆਸਪੁਰ ਦੇ ਚੜ੍ਹਦੇ ਵਾਲੇ ਪਾਸੇ ਸਥਿਤ ਖੇਤਾਂ ਵਿੱਚ ਕਈ-ਕਈ ਫੁੱਟ ਬਰਸਾਤੀ ਪਾਣੀ ਖੜ੍ਹਾ ਹੋਣ ਨਾਲ ਲਗਭਗ 200 ਏਕੜ ਰਕਬੇ ’ਚ ਬੀਜੀ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦਾ ਚਾਰਾ ਬਰਬਾਦ ਹੋ ਗਏ ਹਨ ਕਿਉਂਕਿ ਸਿਰਸਾ ਨਦੀ ਦੇ ਕੰਢੇ ਰੇਤੇ ਨਾਲ ਉੱਚੇ ਹੋ ਜਾਣ ਕਾਰਨ ਅਤੇ ਬਰਸਾਤੀ ਨਾਲੇ ਵਿੱਚ ਰੇਤਾ ਭਰ ਕੇ ਨਾਲਾ ਬੰਦ ਹੋ ਜਾਣ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ 2019 ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਏ ਰੇਤੇ ਨੂੰ ਸੰਤ ਅਵਤਾਰ ਸਿੰਘ ਟਿੱਬੀ ਸਾਹਬਿ ਵਾਲਿਆਂ ਨੇ ਸਾਫ ਕਰਵਾ ਕੇ ਜ਼ਮੀਨਾਂ ਪੱਧਰੀਆਂ ਕਰਨ ਉਪਰੰਤ ਵਾਹੀਯੋਗ ਬਣਾ ਦਿੱਤੀਆਂ ਸਨ, ਪਰ ਇਸ ਵਾਰ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਲਗਭਗ 1000 ਏਕੜ ਤੋਂ ਵਧੇਰੇ ਫਸਲ ਜ਼ਮੀਨਾਂ ਵਿੱਚ ਨਦੀ ਦਾ ਰੇਤਾ ਜਮ੍ਹਾਂ ਹੋਣ ਕਾਰਨ ਬਰਬਾਦ ਹੋ ਗਈ ਹੈ ਤੇ ਲਗਭਗ 200 ਏਕੜ ਜ਼ਮੀਨਾਂ ਵਿੱਚ ਖੜ੍ਹੇ ਪਾਣੀ ਨੇ ਬਰਬਾਦ ਕਰ ਦਿੱਤੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਰੇਤ ਕੱਢਣ ਦੀ ਖੁੱਲ੍ਹ ਦਿੱਤੀ ਜਾਵੇ ਤੇ 200 ਏਕੜ ਰਕਬੇ ਵਿੱਚ ਖੜ੍ਹੇ ਪਾਣੀ ਨੂੰ ਬਾਹਰ ਕੱਢਣ ਲਈ ਡਰੇਨ ਖੋਦੀ ਜਾਵੇ।

Advertisement

ਘੱਗਰ ਦੀ ਮਾਰ ਕਾਰਨ ਪਿੰਡ ਅਮਰਾਲਾ ਦੇ 150 ਏਕੜ ਰਕਬੇ ’ਚ ਫ਼ਸਲ ਤਬਾਹ

Advertisement

ਡੇਰਾਬੱਸੀ (ਅਤਰ ਸਿੰਘ): ਡੇਰਾਬੱਸੀ ਬਲਾਕ ਦੇ ਪਿੰਡ ਅਮਲਾਲਾ ਵਿੱਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪਿੰਡ ਦੇ ਨੇੜਿਓਂ ਲੰਘਦੇ ਘੱਗਰ ਦਰਿਆ ਨੇ ਕਿਸਾਨਾਂ ਦੀ 150 ਏਕੜ ਫਸਲ ਤਬਾਹ ਕਰ ਦਿੱਤੀ ਹੈ। ਇਸੇ ਤਰ੍ਹਾਂ ਦੋ ਹਲਕਿਆਂ ਨੂੰ ਜੋੜਨ ਵਾਲੀ ਸੜਕ ਅਮਲਾਲਾ ਤੋਂ ਕਰਾਲਾ ਅਤੇ ਘੱਗਰ ਦਰਿਆ ’ਤੇ ਬਣਿਆ ਪੁਲ ਵੀ ਨੁਕਸਾਨਿਆ ਗਿਆ ਹੈ। ਕਈ ਥਾਵਾਂ ਤੋਂ ਘੱਗਰ ਦੇ ਬੰਨ੍ਹ ਵੀ ਨੁਕਸਾਨੇ ਗਏ। ਪਿੰਡ ਵਾਸੀਆਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।‌ ਪਿੰਡ ਅਮਲਾਲਾ ਦੇ ਸਰਪੰਚ ਬਲਿਹਾਰ ਸਿੰਘ ਬੱਲੀ, ਹਰਜੀਤ ਸਿੰਘ, ਲਾਭ ਸਿੰਘ, ਧਰਮ ਸਿੰਘ, ਗੁਰਬਚਨ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵੱਖ ਵੱਖ ਕਿਸਾਨਾਂ ਦੀ 150 ਏਕੜ ਤੋਂ ਵਧੇਰੇ ਝੋਨੇ ਦੀ ਫ਼ਸਲ ਘੱਗਰ ਦੇ ਪਾਣੀ ਦੀ ਭੇਟ ਚੜ੍ਹ ਗਈ ਹੈ, ਘੱਗਰ ਦੇ ਪਾਣੀ ਕਾਰਨ ਹੜ੍ਹ ਕੇ ਆਏ ਰੇਤ ਅਤੇ ਗਾਰ ਨੇ ਜਿੱਥੇ ਖੇਤ ਉੱਚੇ ਨੀਵੇਂ ਕਰ ਦਿੱਤੇ ਹਨ, ਉੱਥੇ ਖੇਤਾਂ ’ਚੋਂ ਝੋਨੇ ਦੀ ਫ਼ਸਲ ਦਾ ਨਾਮੋਂ ਨਿਸ਼ਾਨ ਮਿਟ ਗਿਆ ਹੈ। ਕਈ ਥਾਵਾਂ ’ਤੇ ਖੇਤਾਂ ਵਿੱਚ ਡੂੰਘੇ ਪਾੜ ਪੈ ਗਏ ਹਨ। ਪਿੰਡ ਦੇ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।
ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਹੜ੍ਹ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਇੱਥੇ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਫ਼ਸਲਾਂ ਤਬਾਹ ਹੋ ਗਈਆਂ, ਵੱਡੀ ਗਿਣਤੀ ਪਸ਼ੂਆਂ ਦੀ ਜਾਨ ਗਈ ਅਤੇ ਕਈ ਲੋਕਾਂ ਦੇ ਮਕਾਨ ਢਹਿ ਗਏ। ਬੁਲਾਰਿਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਦੁੱਧ ਦਾ ਸਹਾਇਕ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਮੀਂਹ ਦੇ ਪਾਣੀ ਨੇ ਸੁੱਕਾ ਅਤੇ ਹਰਾ ਚਾਰਾ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਦੁਧਾਰੂ ਪਸ਼ੂ ਭੁੱਖੇ-ਭਾਣੇ ਖੜੇ ਹਨ। ਦੋਧੀਆਂ ਨੇ ਮੰਗ ਕੀਤੀ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਲਦੀ ਸਰਵੇ ਕਰਵਾ ਕੇ ਪੀੜਤ ਲੋਕਾਂ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਅੰਬਾਲਾ ਨੂੰ ਹੜ੍ਹ ਪੀੜਤ ਇਲਾਕਾ ਐਲਾਨਣ ਦੀ ਮੰਗ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਨੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਵਿੱਤ ਸਕੱਤਰ ਐਡਵੋਕੇਟ ਰੋਹਿਤ ਜੈਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ.ਸ਼ਾਲੀਨ ਨੂੰ ਮੰਗ ਪੱਤਰ ਸੌਂਪ ਕੇ ਅੰਬਾਲਾ ਜ਼ਿਲ੍ਹੇ ਨੂੰ ਹੜ੍ਹ ਪੀੜਤ ਇਲਾਕਾ ਐਲਾਨਣ ਅਤੇ ਕੁਦਰਤੀ ਆਫ਼ਤ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਤੇ ਹੋਰ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਐਡਵੋਕੇਟ ਜੈਨ ਨੇ ਕਿਹਾ ਕਿ ਬਰਸਾਤੀ ਪਾਣੀ ਕਰਕੇ 10 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਕਈ ਪਿੰਡ ਅਤੇ ਰਿਹਾਇਸ਼ੀ ਕਾਲੋਨੀਆਂ ਪਾਣੀ ਵਿਚ ਡੁੱਬ ਗਈਆਂ, ਕਈ ਪਸ਼ੂ ਪਾਣੀ ਵਿਚ ਰੁੜ੍ਹ ਗਏ ਹਨ। ਕਈ ਲੋਕਾਂ ਨੂੰ ਆਪਣੇ ਘਰਾਂ ਤੋਂ ਸੁਰੱਖਿਅਤ ਸਥਾਨਾਂ ਤੇ ਜਾਣਾ ਪਿਆ ਹੈ ਅਤੇ ਕਈ ਅਜੇ ਵੀ ਛੱਤਾਂ ਤੇ ਰਹਿਣ ਲਈ ਮਜਬੂਰ ਹਨ। ਤਬਾਹੀ ਦੇ ਬਾਵਜੂਦ ਅਜੇ ਤੱਕ ਅੰਬਾਲਾ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਨਹੀਂ ਐਲਾਨਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਅੰਬਾਲਾ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨ ਕਰਕੇ ਪੀੜਤ ਲੋਕਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ। ਕਾਂਗਰਸੀਆਂ ਆਗੂਆਂ ਨੇ ਕਿਹਾ ਕਿ ਜਨਿ੍ਹਾਂ ਕਲੋਨੀਆਂ ਵਿੱਚੋਂ ਪਾਣੀ ਉੱਤਰ ਗਿਆ ਹੈ, ਉੱਥੇ ਸਫ਼ਾਈ ਕਰਵਾ ਕੇ ਸਿਹਤ ਜਾਂਚ ਕੈਂਪ ਲਗਾਏ ਜਾਣ।
ਅੰਬਾਲਾ ਸਮੇਤ ਹਰਿਆਣਾ ਦੇ ਚਾਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਵਿੱਚ ਮੌਨਸੂਨ ਅੱਜ ਮੁੜ ਸਰਗਰਮ ਹੋ ਗਈ ਹੈ। ਮੌਸਮ ਵਿਭਾਗ ਨੇ ਉੱਤਰ ਹਰਿਆਣਾ ਦੇ ਚਾਰ ਜ਼ਿਲ੍ਹਿਆਂ ਅੰਬਾਲਾ, ਪੰਚਕੂਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 20 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪਿਛਲੇ 24 ਘੰਟਿਆਂ ਦੌਰਾਨ ਅੰਬਾਲਾ ਜ਼ਿਲ੍ਹੇ ਵਿਚ 16 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਅੰਬਾਲਾ ਜ਼ਿਲ੍ਹੇ ਵਿਚ 1 ਤੋਂ 13 ਜੁਲਾਈ ਤੱਕ ਸਭ ਤੋਂ ਵੱਧ 465.1 ਐੱਮਐੱਮ ਬਾਰਸ਼ ਰਿਕਾਰਡ ਕੀਤੀ ਗਈ ਹੈ ਜੋ ਆਮ ਨਾਲੋਂ 91 ਫ਼ੀਸਦੀ ਜ਼ਿਆਦਾ ਹੈ। ਪਿਛਲੇ ਦਨਿੀਂ ਆਏ ਹੜ੍ਹ ਨੇ ਅੰਬਾਲਾ ਜ਼ਿਲ੍ਹੇ ਵਿਚ ਤਬਾਹੀ ਮਚਾਈ ਸੀ। ਪਾਣੀ ਵਿਚ ਡੁੱਬਣ ਅਤੇ ਕਰੰਟ ਲੱਗਣ ਨਾਲ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਅਜੇ ਡਾਟਾ ਇਕੱਠਾ ਕਰਨ ਵਿਚ ਲੱਗਾ ਹੋਇਆ ਹੈ।

Advertisement
Tags :
Author Image

Advertisement