ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੁੱਸੀ ਬੰਨ੍ਹ ਦੇ ਕੰਢੇ ਵਸੇ ਲੋਕਾਂ ਦੇ ਘਰਾਂ ’ਚ ਦਾਖਲ ਹੋਇਆ ਦਰਿਆ ਦਾ ਪਾਣੀ

07:12 AM Jul 11, 2023 IST
ਸ਼ਾਹਕੋਟ ਬਲਾਕ ’ਚ ਬੰਨ੍ਹ ਨੂੰ ਮਜ਼ਬੂਤ ਕਰਦੇ ਹੋਏ ਪਿੰਡ ਵਾਸੀ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 10 ਜੁਲਾਈ
ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਬਲਾਕ ਦੇ ਪਿੰਡ ਬੂੜੇਵਾਲ, ਦਾਨੇਵਾਲ, ਬਾਊਪੁਰ, ਚੱਕ ਹਾਥੀਆਨਾ, ਰਾਮੇ, ਚੱਕ ਬਾਹਮਣੀਆਂ, ਤਾਹਰਪੁਰ, ਪਿੱਪਲੀ, ਥੰਮੂਵਾਲ ਮਿਆਣੀ ਤੋਂ ਇਲਾਵਾ ਹੋਰ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਇਹ ਪਿੰਡ ਧੁੱਸੀ ਬੰਨ੍ਹ ਦੇ ਕੰਢੇ ਉੱਪਰ ਵਸੇ ਹਨ। ਪ੍ਰਸ਼ਾਸਨ ਵੱਲੋਂ ਤਹਿਸੀਲ ਦੇ ਕਰੀਬ 50 ਪਿੰਡਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਗਏ ਸਨ। ਫਿਲਹਾਲ ਧੁੱਸੀ ਬੰਨ੍ਹ ਦੇ ਕੰਢੇ ਅਤੇ ਅੰਦਰਲੇ ਪਾਸੇ ਵਾਲੇ ਲੋਕਾਂ ਨੇ ਹੀ ਘਰਾਂ ਦਾ ਸਮਾਨ ਸੁਰੱਖਿਅਤ ਥਾਵਾਂ ’ਤੇ ਰੱਖਿਆ ਹੈ। ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਕਮੇਟੀ ਦੇ ਜ਼ਿਲ੍ਹਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਸਕੱਤਰ ਜਰਨੈਲ ਸਿੰਘ ਰਾਮੇ ਨੇ ਕਿਹਾ ਕਿ ਦਰਿਆ ਸਤਲੁਜ ਵਿਚ ਬੰਨ੍ਹਾਂ ਦੀ ਸਮਰੱਥਾ ਤੋਂ ਜ਼ਿਆਦਾ ਸਵਾ ਤਿੰਨ ਲੱਖ ਕਿਊਸਕ ਪਾਣੀ ਛੱਡ ਕੇ ਜ਼ਿਲ੍ਹੇ ਦੇ ਮੰਡ ਵਾਸੀਆਂ ਨੂੰ ਡੋਬਣ ਵਾਲਾ ਕੰਮ ਕੀਤਾ ਗਿਆ ਹੈ।

Advertisement

ਕਾਲਾ ਸੰਘਿਆਂ ਡਰੇਨ ਨੇੜਿਉਂ ਆਪਣਾ ਸਾਮਾਨ ਸੁਰੱਖਿਅਤ ਥਾਂ ਲਿਜਾਂਦੇ ਹੋਏ ਪਰਵਾਸੀ।-ਫੋਟੋ: ਸਰਬਜੀਤ

ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਭਾਰੀ ਬਰਸਾਤ ਕਾਰਨ ਬੇਟ ਖੇਤਰ ਦੇ ਕਿਸਾਨਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅੱਜ ਖੇਤੀਬਾੜੀ ਵਿਭਾਗ ਦੀ ਟੀਮ ਵਲ਼ੋਂ ਬਲਾਕ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਭੱਟੀ ਤੇ ਕਮਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਭੈਣੀ ਮੀਆਂ ਖਾਂ, ਨਾਨੋਵਾਲ ਕਲਾਂ, ਨਾਨੋਵਾਲ ਖੁਰਦ ਸਮੇਤ ਹੋਰ ਦਰਜਨ ਤੋਂ ਵੱਧ ਪਿੰਡਾ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਬੇਟ ਖੇਤਰ ਦੇ ਬਹੁਤੇ ਪਿੰਡਾਂ ਵਿਚ ਪਾਣੀ ਭਰਨ ਕਾਰਨ ਝੋਨੇ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਰਾਜ ਸਭਾ ਮੈਂਬਰ ਨੇ ਰਾਹਤ ਕਾਰਜਾਂ ਦਾ ਮੋਰਚਾ ਸੰਭਾਲਿਆ
ਜਲੰਧਰ (ਪੱਤਰ ਪ੍ਰੇਰਕ): ਭਾਰੀ ਮੀਂਹ ਪੈਣ ਕਾਰਨ ਹੜ੍ਹ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਰਾਹਤ ਕਾਰਜਾਂ ਦਾ ਮੋਰਚਾ ਸੰਭਾਲ ਲਿਆ ਹੈ। ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਦੋ ਵੱਡੀਆਂ ਕਰੇਨਾਂ, ਇੱਕ ਜੇਸੀਬੀ ਮਸ਼ੀਨ, ਟਿੱਪਰ, ਦੋ ਕਿਸ਼ਤੀਆਂ ਤੇ ਮਿੱਟੀ ਦੇ ਬੋਰ ਭਰਨ ਦਾ ਸਾਰਾ ਸਮਾਨ ਪਹੁੰਚਾ ਦਿੱਤਾ ਹੈ ਤਾਂ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਧੁੱਸੀ ਬੰਨ੍ਹ ’ਤੇ ਪਹਿਰਾ ਦੇ ਰਹੇ ਪਿੰਡਾਂ ਦੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਰਜਨ ਤੋਂ ਵੱੱਧ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਚੌਕਸ ਕੀਤਾ ਜਿਹੜੇ ਇਲਾਕੇ ਅਤੇ ਪਿੰਡਾਂ ਵਿੱਚ ਸੰਤ ਸੀਚੇਵਾਲ ਨੇ ਲੋਕਾਂ ਦੀ ਲਾਮਬੰਦੀ ਕੀਤੀ ਉਨ੍ਹਾਂ ਵਿੱਚ ਫਿਲੌਰ, ਮਾਓਸਾਹਿਬ, ਮੀਊਵਾਲ, ਪਿੱਪਲੀ ਮਿਆਣੀ, ਰਾਮੇ, ਫਹਿਤੇਪੁਰ, ਗੱਟੀ ਕਾਸੂ ਮੁੰਡੀ, ਮੰਡਾਲਾ ਅਤੇ ਗਿੱਦੜਪਿੰਡੀ ਸਮੇਤ ਹੋਰ ਪਿੰਡ ਵੀ ਸ਼ਾਮਿਲ ਸਨ। ਉਨ੍ਹਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਹੜ੍ਹ ਦੀ ਬਣ ਰਹੀ ਸਥਿਤੀ ’ਤੇ ਲਗਾਤਾਰ ਚੌਕਸੀ ਵਰਤਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਤੋਂ ਇਲਾਵਾ ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਮੌਓ ਸਾਹਿਬ ਵਿਖੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ ਤੇ ਉਥੇ ਢਾਹ ਮਾਰ ਰਹੇ ਦਰਿਆ ਦਾ ਰੁੱਖ ਮੋੜਨ ਲਈ ਨੋਚ ਲਗਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕੀਤੀ। ਹੜ੍ਹ ਰੋਕੂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਦੜਪਿੰਡੀ ਨੇ ਦੱਸਿਆ ਕਿ ਸੰਤ ਸੀਚੇਵਾਲ ਨੇ ਸਾਲ 2019 ਦੇ ਹੜ੍ਹਾਂ ਵਾਂਗ ਇਸ ਵਾਰ ਵੀ ਮੋਰਚਾ ਸੰਭਾਲ ਲਿਆ ਹੈ ਜਿਸ ਕਾਰਨ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹੋਰ ਖੇਤਰਾਂ ਵਿਚ ਵੀ ਮੀਂਹ ਦੇ ਪਾਣੀ ਨੇ ਕਾਫੀ ਮਾਰ ਮਾਰੀ ਹੈ ਜਿਸ ਕਾਰਨ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਅੰਦੇਸ਼ਾ ਹੈ।

Advertisement
Advertisement
Tags :
ਹੋਇਆਕੰਢੇਘਰਾਂਦਰਿਆਦਰਿਆ ਦਾ ਪਾਣੀਦਾਖਲਧੁੱਸੀਪਾਣੀ:ਬੰਨ੍ਹਲੋਕਾਂ