ਲੁਧਿਆਣਾ ਕਾਂਗਰਸ ਵਿੱਚ ਧੜੇਬਾਜ਼ੀ ਮੁੜ ਜੱਗ ਜ਼ਾਹਿਰ
ਗਗਨਦੀਪ ਅਰੋੜਾ
ਲੁਧਿਆਣਾ, 19 ਜੁਲਾਈ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਕਾਂਗਰਸ ਪ੍ਰਧਾਨ ਦੀ ਜਿੱਤ ਮਗਰੋਂ ਆਸ਼ੂ, ਵੜਿੰਗ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਸਮਾਗਮ ਵਿੱਚ ਨਜ਼ਰ ਨਹੀਂ ਆਏ। ਅੱਜ ਵੜਿੰਗ ਦੇ ਦਫ਼ਤਰ ਦੇ ਉਦਘਾਟਨ ਵੇਲੇ ਵੀ ਆਸ਼ੂ ਗੈਰਹਾਜ਼ਰ ਰਹੇ। ਇਸ ਸਮਾਗਮ ਦੌਰਾਨ ਵੀ ਕਾਂਗਰਸ ਦੀ ਧੜੇਬੰਦੀ ਸਾਫ਼ ਤੌਰ ’ਤੇ ਨਜ਼ਰ ਆਈ। ਦਫ਼ਤਰ ਦੇ ਉਦਘਾਨਟੀ ਸਮਾਗਮ ’ਚ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਗੈਰਹਾਜ਼ਰੀ ਸਾਰਿਆਂ ਨੂੰ ਰੜਕਦੀ ਰਹੀ। ਦਫ਼ਤਰ ਦਾ ਉਦਘਾਟਨ ਹੋਣ ਤੋਂ ਬਾਅਦ ਰਾਜਾ ਵੜਿੰਗ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ।
ਬੱਚਤ ਭਵਨ ਸਥਿਤ ਸੰਸਦ ਮੈਂਬਰ ਦੇ ਸਰਕਾਰੀ ਦਫ਼ਤਰ ਦੇ ਉਦਘਾਟਨੀ ਸਮਾਗਮ ਦੌਰਾਨ ਜਦੋਂ ਸਾਬਕਾ ਮੰਤਰੀ ਆਸ਼ੂ ਦੇ ਗੈਰਹਾਜ਼ਰ ਹੋਣ ਬਾਰੇ ਪੁੱਛਿਆ ਗਿਆ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਨਾਲ ਨਾਰਾਜ਼ ਨਹੀਂ ਹਨ। ਕਾਂਗਰਸ ਪਾਰਟੀ ਇੱਕ ਪਰਿਵਾਰ ਹੈ ਤੇ ਪਰਿਵਾਰ ’ਚ ਕਈ ਵਾਰ ਕੁਝ ਗੱਲਾਂ ਹੋ ਜਾਂਦੀਆਂ ਹਨ। ਜੇ ਕੋਈ ਨਾਰਾਜ਼ ਹੈ ਤਾਂ ਉਸ ਨੂੰ ਜਲਦੀ ਮਨਾ ਲਿਆ ਜਾਵੇਗਾ। ਵੜਿੰਗ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਹਾਰ ਦੀ ਜ਼ਿੰਮੇਵਾਰੀ ਉਹ ਖੁਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ’ਚ ਸਰਕਾਰ ਨੇ ਸ਼ਰ੍ਹੇਆਮ ਧੱਕੇਸ਼ਾਹੀ ਕੀਤੀ ਹੈ।
ਇਸ ਦੌਰਾਨ ਜਦੋਂ ਰਾਜਾ ਵੜਿੰਗ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਤਾਂ ਇੱਕ ਸ਼ਿਕਾਇਤਕਰਤਾ ਹਰੀਸ਼ ਛਾਬੜਾ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨੇ ਨੀਟ ਦਾ ਪੇਪਰ ਦਿੱਤਾ ਸੀ ਪਰ ਬਾਅਦ ’ਚ ਪੇਪਰ ਲੋਕ ਹੋਣ ਕਾਰਨ ਵਿਵਾਦ ਹੋ ਗਿਆ ਤੇ ਅਦਾਲਤ ’ਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਉਨ੍ਹਾਂ ਦੇ ਲੜਕੇ ਦਾ ਨਤੀਜਾ ਵੀ ਰੁਕਿਆ ਹੋਇਆ ਹੈ। ਰਾਜਾ ਵੜਿੰਗ ਨੇ ਲੋਕ ਸਭਾ ’ਚ ਇਹ ਮੁੱਦਾ ਚੁੱਕਿਆ ਸੀ ਜਿਸ ’ਤੇ ਉਸ ਨੇ ਰਾਜਾ ਵੜਿੰਗ ਨੂੰ ਸਾਰੀ ਗੱਲ ਫੋਨ ’ਤੇ ਦੱਸੀ ਸੀ। ਇਸ ਤੋਂ ਬਾਅਦ ਸੰਸਦ ਮੈਂਬਰ ਨੇ ਫੋਨ ਹੀ ਨਹੀਂ ਚੁੱਕਿਆ। ਉਨ੍ਹਾਂ ਨੇ ਕਈ ਵਾਰ ਫੋਨ ਕੀਤਾ ਪਰ ਕੋਈ ਜਵਾਬ ਨਹੀਂ ਆਇਆ। ਇਸ ਮਗਰੋਂ ਵੜਿੰਗ ਨੇ ਹਰੀਸ਼ ਛਾਬੜਾ ਤੋਂ ਉਨ੍ਹਾਂ ਦੇ ਘਰ ਆ ਕੇ ਲੜਕੇ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਵੜਿੰਗ ਨੇ ਸਿਵਲ ਹਸਪਤਾਲ ਦਾ ਵੀ ਅਚਨਚੇਤ ਦੌਰਾ ਕੀਤਾ। ਹਸਪਤਾਲ ਪਹੁੰਚੇ ਲੋਕ ਸਭਾ ਮੈਂਬਰ ਵੜਿੰਗ ਨੇ ਮਾੜੇ ਪ੍ਰਬੰਧਾਂ ਸਬੰਧੀ ਮਿਲੀਆਂ ਕਈ ਸ਼ਿਕਾਇਤਾਂ ’ਤੇ ਵਿਚਾਰ ਕਰਨ ਲਈ ਤੁਰੰਤ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕੀਤੀ।