ਡੰਕੀ ਰੂਟ ਦੇ ਜੋਖ਼ਮ
ਸਮਾਣਾ ਦੇ ਚਾਰ ਨੌਜਵਾਨਾਂ ਨੇ ਹਰੇਕ ਪੰਜਾਬੀ ਨੂੰ ਦਿਲੋਂ ਬੇਨਤੀ ਕੀਤੀ ਹੈ ਕਿ ਉਹ ਪੱਛਮੀ ਮੁਲਕਾਂ ਨੂੰ ਜਾਣ ਲਈ ਕਦੇ ਵੀ ਨਾਜਾਇਜ਼ ਰਾਹ ਨਾ ਫੜਨ। ਇੱਕ ਵਾਰ ਦਾ ਡੰਗਿਆ, ਫੇਰ ਕਈ ਵਾਰ ਸੋਚਦਾ ਹੈ, ਦੀ ਇਹ ਇਕ ਕੌੜੀ ਉਦਾਹਰਨ ਹੈ। ਉਹ ਖ਼ੁਸ਼ਕਿਸਮਤ ਹਨ ਜੋ ਖ਼ਤਰਨਾਕ ਤੇ ਬਦਨਾਮ ‘ਡੰਕੀ ਰੂਟ’ ਵਿੱਚੋਂ ਬਚ ਨਿਕਲੇ ਹਨ। ਉਨ੍ਹਾਂ ਨੂੰ ਲੁੱਟ ਲਿਆ ਗਿਆ, ਕਈ ਦਿਨ ਉਹ ਭੁੱਖੇ ਰਹੇ ਤੇ ਨੰਗੇ ਪੈਰੀਂ ਮੀਲਾਂ ਤੱਕ ਚੱਲਦੇ ਰਹੇ। ਉਨ੍ਹਾਂ ਦੀ ਇਸ ਹੋਣੀ ਦਾ ਜ਼ਿੰਮੇਵਾਰ ਇੱਕ ਧੋਖੇਬਾਜ਼ ਟਰੈਵਲ ਏਜੰਟ ਹੈ ਜਿਸ ਨੇ ਉਨ੍ਹਾਂ ਨੂੰ ਅਮਰੀਕਾ ਦਾ ਵਰਕ ਪਰਮਿਟ (ਕੰਮ ਕਰਨ ਲਈ ਵੀਜ਼ਾ) ਲੈ ਕੇ ਦੇਣ ਦਾ ਭਰੋਸਾ ਦਿਵਾਇਆ ਸੀ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਜ਼ਮੀਨ ਵੇਚ ਕੇ ਤੇ ਗਹਿਣੇ ਗਿਰਵੀ ਰੱਖ ਕੇ ਕਰੀਬ 35 ਲੱਖ ਰੁਪਏ ਇਕੱਠੇ ਕੀਤੇ ਸਨ। ਪਰ ਉਹ ਕਈ ਹਫ਼ਤਿਆਂ ਲਈ ਸਪੇਨ ਵਿਚ ਫਸੇ ਰਹੇ ਤੇ ਅਖੀਰ ’ਚ ਇੱਕ ਹੋਰ ਏਜੰਟ ਨੂੰ 25 ਲੱਖ ਰੁਪਏ ਹੋਰ ਦੇ ਕੇ ਕਿਸੇ ਤਰ੍ਹਾਂ ਅਮਰੀਕਾ ਪਹੁੰਚੇ।
ਇਹ ਕੋਈ ਨਵੀਂ ਕਹਾਣੀ ਨਹੀਂ ਹੈ ਤੇ ਵਾਰ-ਵਾਰ ਸੁਣਨ ਨੂੰ ਮਿਲਦੀ ਰਹਿੰਦੀ ਹੈ। ਲਾਚਾਰ ਪ੍ਰਵਾਸੀਆਂ ਵੱਲੋਂ ਆਪਣੀ ਕਿਸਮਤ ਨੂੰ ਆਖ਼ਰੀ ਸਿਰੇ ਤੱਕ ਅਜ਼ਮਾਉਣ ਦੀਆਂ ਕਈ ਖ਼ਬਰਾਂ ਸਾਹਮਣੇ ਆਉਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇੱਥੇ ਦੋ ਅਹਿਮ ਸਵਾਲ ਹਨ: ਕੀ ਅਜਿਹੇ ਰਸਤਿਆਂ ਰਾਹੀਂ ਅਮਰੀਕਾ ਜਾਣ ਦਾ ਕੋਈ ਮੁੱਲ ਹੈ, ਜਿੱਥੇ ਤੁਹਾਡੀ ਆਪਣੀ ਜਾਨ ਹੀ ਜੋਖ਼ਿਮ ਵਿੱਚ ਹੋਵੇ ਤੇ ਜ਼ਿੰਦਗੀ ਭਰ ਦੀ ਪੂੰਜੀ ਵੀ ਖ਼ਰਚ ਹੋ ਜਾਵੇ? ਅਤੇ ਭਾਰਤ ਤੇ ਬਾਕੀ ਮੁਲਕ ਇਸ ਨਿਰੰਤਰ ਵਧ-ਫੁੱਲ ਰਹੇ ਰੈਕੇਟ ’ਤੇ ਸ਼ਿਕੰਜਾ ਕਸਣ ਲਈ ਕੀ ਕਰ ਰਹੇ ਹਨ? ਵੱਖ-ਵੱਖ ਮਹਾਦੀਪਾਂ ਦੇ ਮੁਲਕ ਜਦੋਂ ਤੱਕ ਰਲ ਕੇ ਪੂਰੇ ਤਾਲਮੇਲ ਨਾਲ ਕਾਰਵਾਈ ਨਹੀਂ ਕਰਦੇ, ਇਹ ਕੌਮਾਂਤਰੀ ਨੈੱਟਵਰਕ ਖ਼ਤਮ ਨਹੀਂ ਹੋ ਸਕੇਗਾ। ਇਹ ਰੈਕੇਟ ਚਲਾਉਣ ਵਾਲੇ ਹਰ ਜਗ੍ਹਾ ਬੈਠੇ ਹਨ- ਜੋ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਤੇ ਅੱਗੇ ਕੇਂਦਰੀ ਅਮਰੀਕਾ ਤੱਕ ਫੈਲੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਹਰ ਕੋਈ ਰਾਹ ’ਚ ਆਪਣਾ-ਆਪਣਾ ਹਿੱਸਾ ਵਸੂਲਦਾ ਹੈ।
ਇਸ ਤਰ੍ਹਾਂ ਦੀ ਹਰ ਘਟਨਾ ਤੋਂ ਬਾਅਦ ਹੋਣ ਵਾਲੀਆਂ ਗ੍ਰਿਫ਼ਤਾਰੀਆਂ ਨਾਲ ਇਸ ਅਲਾਮਤ ਨੂੰ ਨੱਥ ਨਹੀਂ ਪਏਗੀ। ਚੁਸਤ ਏਜੰਟ ਕੁਝ ਸਮੇਂ ਲਈ ਤਾਂ ਲੁੱਕ ਜਾਣਗੇ ਪਰ ਮਗਰੋਂ ਫੇਰ ਆਪਣੇ ਸ਼ੈਤਾਨੀ ਕਾਰੋਬਾਰ ਨੂੰ ਅੰਜਾਮ ਦੇਣਾ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ ਗਲਤੀ ਉਨ੍ਹਾਂ ਦੀ ਵੀ ਹੈ ਜਿਹੜੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਇੱਕ ਜ਼ੋਰਦਾਰ ਜਨ ਜਾਗਰੂਕਤਾ ਮੁਹਿੰਮ ਦੀ ਬਹੁਤ ਲੋੜ ਜਿਸ ਰਾਹੀਂ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਅਧਿਕਾਰਤ ਮਾਧਿਅਮਾਂ ਨੂੰ ਬਾਈਪਾਸ ਕਰਨ ਦੇ ਖ਼ਤਰੇ ਸਮਝਾਏ ਜਾ ਸਕਣ। ਭਾਵੇਂ ‘ਆਜਾ ਮੈਕਸੀਕੋ ਚੱਲੀਏ’ ਤੇ ‘ਡੰਕੀ’ ਵਰਗੀਆਂ ਫਿਲਮਾਂ ਨੇ ਜਾਗਰੂਕ ਕਰਨ ’ਚ ਕੁਝ ਯੋਗਦਾਨ ਜ਼ਰੂਰ ਪਾਇਆ ਹੈ; ਪਰ ਇਸ ਲੜਾਈ ਨੂੰ ਇਕੱਠੇ ਹੋ ਕੇ ਲੜਨ ਦੀ ਜ਼ਿੰਮੇਵਾਰੀ ਵੱਖ-ਵੱਖ ਹਿੱਤਧਾਰਕਾਂ ਦੀ ਹੈ, ਤਾਂ ਹੀ ਇਸ ਸਮੱਸਿਆ ਨੂੰ ਕੁਝ ਠੱਲ੍ਹ ਪਏਗੀ।