For the best experience, open
https://m.punjabitribuneonline.com
on your mobile browser.
Advertisement

ਹਲਕਾ ਡੇਰਾਬੱਸੀ ਵਿੱਚ ਮੁੜ ਹੜ੍ਹਾਂ ਦਾ ਖਤਰਾ

05:55 AM Aug 15, 2023 IST
ਹਲਕਾ ਡੇਰਾਬੱਸੀ ਵਿੱਚ ਮੁੜ ਹੜ੍ਹਾਂ ਦਾ ਖਤਰਾ
ਡੇਰਾਬੱਸੀ ਵਿੱਚ ਸੋਮਵਾਰ ਨੂੰ ਘੱਗਰ ਦੇ ਤੇਜ਼ ਵਹਾਅ ਕਾਰਨ ਰੁੜ੍ਹਿਆ ਮੁਬਾਰਕਪੁਰ-ਢਕੌਲੀ ਕਾਜ਼ਵੇਅ। -ਫੋਟੋ: ਨਿਤਿਨ ਮਿੱਤਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 14 ਅਗਸਤ
ਹਿਮਾਚਲ ਵਿੱਚ ਲੰਘੇ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਨੇ ਹਲਕਾ ਡੇਰਾਬੱਸੀ ਵਿੱਚ ਇਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਪੈਦਾ ਕਰ ਦਿੱਤਾ ਹੈ। ਇੱਥੋਂ ਲੰਘਦੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਲੰਘੇ ਕੱਲ੍ਹ ਘੱਗਰ ਦਰਿਆ ਵਿੱਚ ਪਾਣੀ ਦੇ ਤੇਜ਼ ਵਆਹ ਵਿੱਚ ਮੁਬਾਰਕਪੁਰ ਵਿੱਚ ਘੱਗਰ ਦਰਿਆ ’ਤੇ ਉਸਾਰਿਆ ਕਾਜ਼ਵੇਅ ਰੁੜ੍ਹ ਗਿਆ। ਕਾਜ਼ਵੇਅ ਟੁੱਟਣ ਨਾਲ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਘੱਗਰ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਕਾਜ਼ਵੇਅ ਦੇ ਦੋਵੇਂ ਪਾਸੇ ਸੜਕ ਰੁੜ੍ਹ ਗਈ ਹੈ ਜਿਸ ਕਾਰਨ ਇੱਥੋਂ ਆਵਾਜਾਈ ਬੰਦ ਕਰਨੀ ਪਈ ਜਦਕਿ ਇਹ ਕਾਜ਼ਵੇਅ ਜ਼ੀਰਕਪੁਰ ਦੇ ਢਕੋਲੀ ਖੇਤਰ ਨੂੰ ਡੇਰਾਬੱਸੀ ਦੇ ਮੁਬਾਰਕਪੁਰ ਨਾਲ ਜੋੜਦਾ ਹੈ। ਹੁਣ ਇੱਥੋਂ ਆਵਾਜਾਈ ਬੰਦ ਹੋਣ ਨਾਲ ਲੋਕਾਂ ਨੂੰ ਲੰਬਾ ਰਸਤਾ ਤੈਅ ਕਰ ਕੇ ਪਿੰਡ ਭਾਂਖਰਪੁਰ ਤੋਂ ਘੁੰਮ ਕੇ ਜਾਂ ਹਰਿਆਣਾ ਦੇ ਰਾਮਗੜ੍ਹ ਤੋਂ ਘੁੰਮ ਕੇ ਆਉਣਾ-ਜਾਣਾ ਪੈ ਰਿਹਾ ਹੈ। ਕਾਜ਼ਵੇਅ ਦਾ ਜ਼ਿਆਦਾ ਨੁਕਸਾਨ ਜ਼ੀਰਕਪੁਰ ਵਾਲੇ ਪਾਸੇ ਹੋਇਆ ਹੈ ਜਿੱਥੇ ਸੜਕ ਪੂਰੀ ਤਰ੍ਹਾਂ ਰੁੜ੍ਹ ਗਈ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਪਹਿਲਾਂ ਆਏ ਹੜ੍ਹ ਕਾਰਨ ਕਾਜ਼ਵੇਅ ਦੇ ਡੇਰਾਬੱਸੀ ਵਾਲੇ ਪਾਸੇ ਸੜਕ ਦਾ ਨੁਕਸਾਨ ਹੋਇਆ ਸੀ ਜਿਸ ਨੂੰ ਪ੍ਰਸ਼ਾਸ਼ਨ ਵੱਲੋਂ ਰੇਤੇ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਇਸ ਦੀ ਆਰਜ਼ੀ ਮੁਰੰਮਤ ਕੀਤੀ ਗਈ ਸੀ ਪਰ ਇਸ ਵਾਰ ਜ਼ੀਰਕਪੁਰ ਵਾਲੇ ਪਾਸੇ ਸੜਕ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਕਾਜ਼ਵੇਅ ’ਤੇ ਆਵਾਜਾਈ ਬੰਦ ਹੋਣ ਨਾਲ ਹੁਣ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਜਾਮ ਵਧੇਗਾ। ਲੋਕਾਂ ਨੇ ਦੱਸਿਆ ਕਿ ਕਾਜ਼ਵੇਅ ਹੇਠਾਂ ਸਫਾਈ ਨਾ ਹੋਣ ਕਾਰਨ ਉੱਥੇ ਗੰਦਗੀ ਫਸੀ ਹੋਈ ਹੈ। ਸੋਮਵਾਰ ਪਿੱਛੋਂ ਆਏ ਤੇਜ਼ ਪਾਣੀ ਦੇ ਵਹਾਅ ਨੂੰ ਲੰਘਣ ਦਾ ਰਾਹ ਨਹੀਂ ਮਿਲਿਆ ਜਿਸ ਕਾਰਨ ਸੜਕ ਦੀ ਮਿੱਟੀ ਹੀ ਹੜ੍ਹ ਗਈ ਤੇ ਸੜਕ ਵਹਿ ਗਈ। ਜਾਣਕਾਰੀ ਅਨੂਸਾਰ ਸਾਲ 2017 ਵਿੱਚ ਲੋਕਾਂ ਦੀ ਲੰਬੀ ਮੰਗ ਮਗਰੋਂ ਇਸ ਕਾਜ਼ਵੇਅ ਦੀ ਉਸਾਰੀ ਕੀਤੀ ਗਈ ਸੀ ਜਿਸ ਨਾਲ ਦਰਜਨਾਂ ਪਿੰਡਾਂ ਦੇ ਵਸਨੀਕਾਂ ਸਣੇ ਰਾਹਗੀਰਾਂ ਨੂੰ ਵੱਡੀ ਸਹੂਲਤ ਮਿਲੀ ਸੀ।

Advertisement

Advertisement
Author Image

Advertisement
Advertisement
×