ਚੜ੍ਹਦੇ ਸਾਵਣ ਮੀਂਹ ਬਰਸਾਵਣ...
ਹਰਮਨਪ੍ਰੀਤ ਸਿੰਘ
ਪੁਰਾਤਨ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿੱਚ ਸਾਉਣ ਮਹੀਨੇ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਜਿਵੇਂ ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਤੇ ਕਈ ਖ਼ਾਸ ਤਿੱਥ ਤਿਓਹਾਰ ਲੈ ਕੇ ਆਉਂਦਾ ਹੈ, ਉਸੇ ਤਰ੍ਹਾਂ ਸਾਉਣ ਮਹੀਨਾ ਵੀ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦਾ ਹੈ। ਸਾਉਣ ਮਹੀਨਾ ਨਾਨਕਸ਼ਾਹੀ ਜੰਤਰੀ ਅਨੁਸਾਰ ਸਾਲ ਦੇ ਦੇਸੀ ਮਹੀਨਿਆਂ ਦਾ ਪੰਜਵਾਂ ਮਹੀਨਾ ਬਣਦਾ ਹੈ। ਇਹ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ। ਇਸ ਮਹੀਨੇ ਤਕਰੀਬਨ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਾ ਹੁੰਦਾ ਹੈ ਤੇ ਸੁਹਾਵਣੇ ਮੌਸਮ ਵਿੱਚ ਕੁਦਰਤ ਚਾਰੇ ਪਾਸੇ ਹਰਿਆਵਲ ਬਿਖੇਰਦੀ ਨਜ਼ਰ ਆਉਂਦੀ ਹੈ। ਮੱਠੀ-ਮੱਠੀ ਬਾਰਸ਼ ਦੀ ਕਿਣ-ਮਿਣ ਮਗਰੋਂ ਅਸਮਾਨੀ ਪਈ ਸਤਰੰਗੀ ਪੀਂਘ ਦੀ ਝਲਕ, ਮੋਰਾਂ ਦਾ ਪੈਲਾਂ ਪਾਉਣਾ ਤੇ ਅੰਬਾਂ ਦੇ ਬਾਗ਼ਾਂ ’ਚ ਕੋਇਲ ਦਾ ਗੂੰਜਣਾ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਇਹ ਖ਼ੁਸ਼ਨੁਮਾ ਮਾਹੌਲ ਸਾਉਣ ਮਹੀਨੇ ਦੇ ਹਿੱਸੇ ਸਾਲ ਦੇ ਦੂਸਰੇ ਮਹੀਨਿਆਂ ਨਾਲੋਂ ਵਧੇਰੇ ਆਇਆ ਹੈ। ਅਸਮਾਨੀ ਪਈ ਸਤਰੰਗੀ ਪੀਂਘ ਦੀ ਝਲਕ ਵੇਖ ਇਸ ਮਹੀਨੇ ਮਨ ਸੱਤਾਂ ਰੰਗਾਂ ਵਿੱਚ ਰੰਗਿਆ ਜਾਂਦਾ ਹੈ। ਬਾਰਹ ਮਾਹ ’ਚ ਹਿਦਾਇਤਉਲਾ ਜੀ ਸਾਉਣ ਮਹੀਨੇ ਬਾਰੇ ਇਸ ਤਰ੍ਹਾਂ ਫੁਰਮਾਉਂਦੇ ਹਨ:
ਚੜ੍ਹਦੇ ਸਾਵਣ ਮੀਂਹ ਬਰਸਾਵਣ
ਸਈਆਂ ਪੀਂਘਾਂ ਪਾਈਆਂ ਨੀ।
ਕਾਲੀ ਘਟਾ ਸਿਰੇ
ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ।
ਬਿਜਲੀ ਚਮਕੇ ਬਿਰਹੋਂ ਵਾਲੀ
ਨੈਣਾਂ ਝੜੀਆਂ ਲਾਈਆਂ ਨੀ।
ਸੌਖਾ ਇਸ਼ਕ ਹਿਦਾਇਤ ਦਿੱਸੇ
ਇਸ ਵਿੱਚ ਸਖ਼ਤ ਬਲਾਈਆਂ ਨੀ।
ਸਾਉਣ ਦਾ ਮਹੀਨਾ ਕਿਸਾਨਾਂ ਦੀਆਂ ਬਰੂਹਾਂ ’ਤੇ ਖ਼ੁਸ਼ਹਾਲੀ ਦੀ ਦਸਤਕ ਦਿੰਦਾ ਹੈ ਤੇ ਮਾਨਸੂਨ ਦੀ ਇਹ ਬਾਰਸ਼ ਸਾਉਣੀ ਦੀ ਭਰਪੂਰ ਫ਼ਸਲ ਲਈ ਕਿਸਾਨਾਂ ਦੇ ਮਨਾਂ ਅੰਦਰ ਉਮੀਦ ਉਤਸ਼ਾਹ ਤੇ ਉਮੰਗ ਪੈਦਾ ਕਰਦੀ ਨਜ਼ਰ ਆਉਂਦੀ ਹੈ। ਸਾਉਣ ਦੇ ਛਰਾਟੇ, ਸਾਉਣ ਦੀਆਂ ਝੜੀਆਂ ਤੇ ਠੰਢੀਆਂ ਵਗਦੀਆਂ ਹਵਾਵਾਂ ਮੌਸਮ ਨੂੰ ਖ਼ੁਸ਼ਗਵਾਰ ਬਣਾ ਦਿੰਦੀਆਂ ਹਨ। ਪੁਰਾਤਨ ਸਮੇਂ ’ਚ ਜਦੋਂ ਪਿੰਡਾਂ ਵਿੱਚ ਜ਼ਿਆਦਾਤਰ ਘਰ ਕੱਚੇ ਹੁੰਦੇ ਸਨ ਤਾਂ ਉਸ ਸਮੇਂ ਪਿੰਡਾਂ ਦੇ ਲੋਕ ਸਾਉਣ ਮਹੀਨੇ ਦੀ ਆਮਦ ਤੋਂ ਪਹਿਲਾਂ ਆਪਣੇ ਘਰਾਂ ਦੀਆਂ ਕੱਚੀਆਂ ਕੰਧਾਂ ਤੇ ਕੋਠਿਆਂ ਨੂੰ ਚੀਕਣੀ ਮਿੱਟੀ ’ਚ ਤੂੜੀ ਰਲਾ ਲਿੱਪ ਕੇ ਸਾਉਣ ਦੀ ਝੜੀ ਲੱਗਣ ਤੋਂ ਪਹਿਲਾਂ ਬਚਾਅ ਲਈ ਤਿਆਰ ਕਰ ਲੈਂਦੇ ਸਨ ਤਾਂ ਜੋ ਬਰਸਾਤੀ ਮੌਸਮ ’ਚ ਕੱਚੇ ਕੋਠੇ ਚੋਣ ਤੋਂ ਬਚਾਏ ਜਾ ਸਕਣ। ਕਈ ਵਾਰ ਇਉਂ ਵੀ ਹੋ ਜਾਂਦਾ ਸੀ ਜਦੋਂ ਸਾਉਣ ਮਹੀਨਾ ਸੁੱਕਾ ਹੀ ਲੰਘ ਜਾਂਦਾ ਸੀ, ਭਾਵ ਬਿਨਾਂ ਮੀਂਹ ਪਏ ਤੋਂ ਹੀ। ਇਸ ਲਈ ਪੁਰਾਤਨ ਸਮਿਆਂ ’ਚ ਗੁੱਡੀ ਫੂਕਣ ਦਾ ਰਿਵਾਜ ਵੀ ਪ੍ਰਚੱਲਿਤ ਸੀ। ਜੇ ਕਿਧਰੇ ਸਾਉਣ ਦੀ ਝੜੀ ਲੱਗ ਜਾਣੀ ਤਾਂ ਲੋਕਾਂ ਨੇ ਮੁਸਾਫ਼ਰ ਬਣਾ ਕੇ ਬਨੇਰੇ ’ਤੇ ਰੱਖ ਦੇਣਾ ਤਾਂ ਕਿ ਇੰਦਰ ਦੇਵਤਾ ਮੁਸਾਫ਼ਰ ਨੂੰ ਰੁਕੇ ਹੋਏ ਨੂੰ ਦੇਖ ਕੇ ਮੀਂਹ ਬੰਦ ਕਰ ਦੇਵੇ। ਉਹ ਵੀ ਸਮਾਂ ਸੀ ਜਦੋਂ ਕੱਪੜੇ ਦੀਆਂ ਲੀਰਾਂ ਦੀ ਗੁੱਡੀ ਬਣਾ ਕੇ ਫੂਕਣੀ ਤਾਂ ਬੱਚਿਆਂ ਨੇ ਮਸਤੀ ਵਿੱਚ ਗਲੀਆਂ ’ਚ ਨੱਚ-ਨੱਚ ਗਾਉਣਾ:
* ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ
* ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਕਹਿੰਦੇ ਹਨ ਕਿ ਸਾਉਣ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਖ਼ੁਸ਼ ਕਰਨਾ ਸੌਖਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਾਉਣ ਦਾ ਮਹੀਨਾ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੈ। ਇਸ ਦੇ ਨਾਲ ਹੀ ਸਾਉਣ ਨੂੰ ਪੂਜਾ ਪੱਖੋਂ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਮਹੀਨੇ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਬਹੁਤ ਹੀ ਸ਼ਰਧਾ ਭਾਵ ਨਾਲ ਕਰਦੇ ਹਨ। ਕੋਈ ਸਾਉਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ, ਕੋਈ 16 ਸੋਮਵਾਰ ਦੇ ਵਰਤ ਰੱਖਦਾ ਹੈ, ਖ਼ਾਸਕਰ ਇਸ ਮਹੀਨੇ ਔਰਤਾਂ ਅਤੇ ਕੁਆਰੀਆਂ ਕੁੜੀਆਂ ਭਗਵਾਨ ਸ਼ਿਵ ਦੀ ਪੂਜਾ ਵਧੇਰੇ ਕਰਦੀਆਂ ਹਨ। ਇਹ ਵੀ ਮਾਨਤਾ ਹੈ ਕਿ ਜੇਕਰ ਕੁਆਰੀ ਕੁੜੀ ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਦੀ ਹੈ ਤਾਂ ਉਸ ਨੂੰ ਉਸ ਦੇ ਮਨਪਸੰਦ ਵਰ ਦੀ ਪ੍ਰਾਪਤੀ ਹੁੰਦੀ ਹੈ। ਸਾਉਣ ਮਹੀਨਾ ਸੁਹਾਗਣ ਔਰਤਾਂ ਲਈ ਬੇਹੱਦ ਖ਼ਾਸ ਹੁੰਦਾ ਹੈ। ਇਸ ਦੇ ਨਾਲ ਹੀ ਭਗਵਾਨ ਸ਼ਿਵ ਨੂੰ ਸਮਰਪਿਤ ਇਸ ਮਹੀਨੇ ਵਿੱਚ ਸੁਹਾਗਣਾਂ ਆਪਣੇ ਹੱਥਾਂ ’ਤੇ ਮਹਿੰਦੀ ਵੀ ਰਚਾਉਂਦੀਆਂ ਹਨ। ਇਸ ਮਹੀਨੇ ਹਰਾ ਰੰਗ ਵੀ ਆਪਣੇ ਆਪ ’ਚ ਖ਼ਾਸ ਮੰਨਿਆ ਜਾਂਦਾ ਹੈ, ਔਰਤਾਂ ਹਰੇ ਰੰਗ ਦੇ ਸੂਟ, ਦੁਪੱਟੇ ਤੇ ਚੂੜੀਆਂ ਪਾਉਣ ਨੂੰ ਪਹਿਲ ਦਿੰਦੀਆਂ ਹਨ। ਉਂਜ ਵੀ ਹਰਾ ਰੰਗ ਹੁੰਦਾ ਹੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਇਹ ਵੀ ਮਾਨਤਾ ਹੈ ਕਿ ਇਸ ਮਹੀਨੇ ਹਰੇ ਰੰਗ ਦੇ ਕੱਪੜੇ ਪਾਉਣ ਨਾਲ ਭਗਵਾਨ ਸ਼ਿਵ ਖ਼ੁਸ਼ ਹੁੰਦੇ ਹਨ।
ਸਾਡੇ ਸੱਭਿਆਚਾਰ ਦਾ ਸ਼ਿੰਗਾਰ ਲੋਕ ਗੀਤ, ਟੱਪੇ ਤੇ ਬੋਲੀਆਂ ਜਿੰਨੀਆਂ ਸਾਉਣ ਮਹੀਨੇ ਦੀ ਝੋਲੀ ਪਈਆਂ ਹਨ, ਉਹ ਹੋਰ ਕਿਸੇ ਮਹੀਨੇ ਦੇ ਹਿੱਸੇ ਨਹੀਂ ਆਈਆਂ। ਸਾਉਣ ਮਹੀਨਾ ਖ਼ਾਸ ਕਰ ਗਿੱਧਿਆਂ ਦੀ ਰੁੱਤ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਅਜਿਹਾ ਮਹੀਨਾ ਹੈ ਜੋ ਸਾਡੇ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਰੰਗ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਇਸ ਮਹੀਨੇ ਦੀਆਂ ਬੋਲੀਆਂ ਵਿੱਚ ਵਿਆਹੀਆਂ ਮੁਟਿਆਰਾਂ ਵੱਲੋਂ ਜ਼ਿਆਦਾਤਰ ਬੋਲੀਆਂ ਪੇਕਿਆਂ ਤੇ ਸਹੁਰਿਆਂ ਦੇ ਰਿਸ਼ਤਿਆਂ ਦੇ ਇਰਦ ਗਿਰਦ ਹੀ ਪਾਈਆਂ ਜਾਂਦੀਆਂ ਹਨ। ਜੇ ਕਿਤੇ ਸਾਉਣ ਮਹੀਨੇ ’ਚ ਪੇਕੇ ਆਈ ਮੁਟਿਆਰ ਨੂੰ ਉਸ ਦਾ ਮਾਹੀ ਲੈਣ ਲਈ ਆ ਜਾਵੇ ਤਾਂ ਉਹ ਆਪਣੇ ਮਾਹੀ ਨੂੰ ਬੜੇ ਹੀ ਨਖਰੇ ਭਰੇ ਅੰਦਾਜ਼ ’ਚ ਲੋਕ ਬੋਲੀ ਰਾਹੀਂ ਕਹਿੰਦੀ ਹੈ;
ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ
ਅਸਾਂ ਨਹੀਓਂ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ।
ਇਸੇ ਤਰ੍ਹਾਂ ਪੁਰਾਣੇ ਰੀਤੀ-ਰਿਵਾਜਾਂ ਅਨੁਸਾਰ ਮਾਪੇ ਜਦੋਂ ਆਪਣੀ ਸੱਜ ਵਿਆਹੀ ਧੀ ਨੂੰ ਸਾਉਣ ਦਾ ਸੰਧਾਰਾ ਦੇਣ ਜਾਂਦੇ ਤਾਂ ਮੁਟਿਆਰ ਨੂੰ ਆਪਣੇ ਮਾਪੇ, ਭਰਾ, ਭਤੀਜੇ ਵੇਖ ਚਾਅ ਚੜ੍ਹ ਜਾਂਦਾ ਤੇ ਉਹ ਪੇਕੇ ਘਰੋਂ ਆਏ ਸੰਧਾਰੇ ਦਾ ਜ਼ਿਕਰ ਇਉਂ ਕਰਦੀ;
ਆਇਆ ਸਾਉਣ ਮਹੀਨਾ ਕੁੜੀਓ
ਲੈ ਕੇ ਠੰਢੀਆਂ ਹਵਾਵਾਂ।
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ
ਮਾਰ ਅੱਡੀ ਛਣਕਾਵਾਂ।
ਖੱਟਾ ਡੋਰੀਆ ਉੱਡ-ਉੱਡ ਜਾਂਦਾ
ਜਦ ਮੈਂ ਪੀਂਘ ਚੜ੍ਹਾਵਾਂ।
ਸਾਉਣ ਦਿਆ ਬੱਦਲਾ ਵੇ
ਮੈਂ ਤੇਰਾ ਜਸ ਗਾਵਾਂ।
ਵਿਆਹੀਆਂ ਮੁਟਿਆਰਾਂ ਦੀਆਂ ਬੋਲੀਆਂ ’ਚ ਆਪਣੇ ਵੀਰਾਂ ਪ੍ਰਤੀ ਮੋਹ ਇਉਂ ਝਲਕਦਾ ਹੈ;
* ਮੇਰਾ ਵੀਰ ਨੀਂ ਸਰੂ ਦਾ ਬੂਟਾ
ਵਿਹੜੇ ਵਿੱਚ ਲਾ ਰੱਖਦੀ।
* ਪੁੱਤ ਵੀਰ ਦਾ ਭਤੀਜਾ ਮੇਰਾ
ਨਿਓਂ ਜੜ੍ਹ ਬਾਬਲ ਦੀ।
* ਪੰਜ ਪੌੜੀਆਂ ਚੁਬਾਰਾ ਟੱਪ ਜਾਵਾਂ
ਚੱਕ ਕੇ ਭਤੀਜੇ ਨੂੰ।
* ਵੀਰ ਲੈ ਗਿਆ ਭਜਾ ਕੇ ਬੋਤਾ
ਖੜ੍ਹੀ ਵੇਖਾਂ ਨਿੰਮ ਵਿੱਚ ਦੀ।
* ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ।
ਇਸੇ ਤਰ੍ਹਾਂ ਸਾਉਣ ਮਹੀਨੇ ’ਤੇ ਪੰਜਾਬੀ ਦੇ ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਫੁਰਮਾਉਂਦੇ ਹਨ;
ਲੰਘ ਗਿਆ ਵੇ ਮਾਹੀਆ ਸਾਵਣ ਲੰਘ ਗਿਆ
ਸਾਰੀ ਧਰਤ ਲਲਾਰੀ ਸਾਵੀ ਰੰਗ ਗਿਆ
ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ
ਬਾਗ਼ੀਂ ਪੀਂਘਾਂ ਪਾਈਆਂ
ਮੈਂ ਤੱਤੜੀ ਪਈ ਯਾਦ ਤੇਰੀ ਸੰਗ ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ ਸਾਵਣ ਲੰਘ ਗਿਆ।
ਸਾਉਣ ਮਹੀਨੇ ਵਿੱਚ ਆਉਣ ਵਾਲਾ ਤੀਜ ਦਾ ਤਿਓਹਾਰ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਲਈ ਬਹੁਤ ਚਾਵਾਂ ਭਰਿਆ ਹੁੰਦਾ ਹੈ। ਕੁੜੀਆਂ-ਚਿੜੀਆਂ ’ਕੱਠੀਆ ਹੋ ਕੇ ਬੜੇ ਚਾਵਾਂ ਨਾਲ ਇਹ ਤਿਓਹਾਰ ਮਨਾਉਂਦੀਆਂ ਹਨ। ਇਸ ਦੌਰਾਨ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਕੱਪੜੇ, ਬਿਸਕੁਟ ਤੇ ਹੋਰ ਮਠਿਆਈਆਂ ਦਿੰਦੇ ਹਨ, ਉੱਥੇ ਹੀ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੇ ਹਾਣ ਦੀਆਂ ਕੁੜੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਪੁਰਾਣੇ ਸਮਿਆਂ ’ਚ ਰਿਵਾਜ ਅਨੁਸਾਰ ਨਵੀਆਂ ਵਿਆਹੀਆਂ ਨੇ ਵਿਆਹ ਮਗਰੋਂ ਪਹਿਲੇ ਸਾਲ ਦਾ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਤੀਆਂ ਨੂੰ ਕੁੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ, ਚੂੜੀਆਂ ਚੜ੍ਹਾਉਂਦੀਆਂ ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ’ਤੇ ਜਾਂਦੀਆਂ ਤੇ ਪਿੱਪਲਾਂ, ਟਾਹਲੀਆਂ ’ਤੇ ਪੀਘਾਂ ਚੜ੍ਹਾਉਂਦੀਆਂ, ਗੀਤ ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਸਨ।
ਇਹ ਤਿਓਹਾਰ ਰੁੱਖ ਤੇ ਮਨੁੱਖ ਦਾ ਜੋ ਗੂੜ੍ਹਾ ਰਿਸ਼ਤਾ ਹੈ, ਉਸ ਦੀ ਵੀ ਗਵਾਹੀ ਭਰਦਾ ਹੈ। ਹੁਣ ਸਾਂਝੀਆਂ ਥਾਵਾਂ ਤੋਂ ਪਿੱਪਲ, ਬੋਹੜ ਤੇ ਟਾਹਲੀਆਂ ਜਿਹੇ ਰੁੱਖਾ ਦਾ ਲੋਪ ਹੋਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮੌਜੂਦਾ ਸਮੇਂ ਕੁੜੀਆਂ ਤੀਆਂ ਦਾ ਤਿਓਹਾਰ ਧਰਮਸ਼ਾਲਾ, ਹੋਟਲਾਂ ਅਤੇ ਪੈਲੇਸਾਂ ਵਿੱਚ ਮਨਾ ਕੇ ਮਨਪ੍ਰਚਾਉਂਦੀਆਂ ਹਨ। ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ।
ਸੰਪਰਕ: 98550-10005