For the best experience, open
https://m.punjabitribuneonline.com
on your mobile browser.
Advertisement

ਯਮੁਨਾ ’ਚ ਚੜ੍ਹੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ

06:59 AM Jul 24, 2023 IST
ਯਮੁਨਾ ’ਚ ਚੜ੍ਹੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ
ਨਵੀਂ ਦਿੱਲੀ ਦੇ ਪੁਰਾਣੇ ਪੁਲ ਨੇੜੇ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀ ਯਮੁਨਾ। -ਫੋਟੋ: ਏਐਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
ਪਹਾੜੀ ਖੇਤਰਾਂ ਵਿੱਚ ਮੀਂਹ ਪੈਣ ਕਾਰਨ ਹਥਨੀਕੁੰਡ ਬੈਰਾਜ ਡੈਮ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਯਮੁਨਾ ਨਦੀ ’ਚ ਪਾਣੀ ਦਾ ਪੱਧਰ ਅੱਜ ਮੁੜ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਟੱਪ ਗਿਆ। ਯਮੁਨਾ ਵਿੱਚ ਪਾਣੀ ਦਾ ਪੱਧਰ ਕੱਲ੍ਹ ਰਾਤ 205.02 ਮੀਟਰ ਮਾਪਿਆ ਗਿਆ ਸੀ, ਜੋ ਅੱਜ 205.96 ਮੀਟਰ ਤੱਕ ਪਹੁੰਚ ਗਿਆ। ਯਮੁਨਾ ਵਿੱਚ ਪਾਣੀ ਵਧਣ ਕਾਰਨ ਲੋਕਾਂ ਦੇ ਮੁੜ ਵਸੇਬੇ ਵਿੱਚ ਦੇਰੀ ਸੰਭਾਵਨਾ ਹੈ ਤੇ ਸਰਕਾਰ ਨੇ ਲੋਕਾਂ ਨੂੰ ਕੈਂਪਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਯਮੁਨਾ ਵਿੱਚ ਪਾਣੀ ਦਾ ਪੱਧਰ 206.7 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਫਿਲਹਾਲ ਮੀਂਹ ਨਹੀਂ ਪੈ ਰਿਹਾ, ਪਰ ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡਣ ਕਾਰਨ ਯਮੁਨਾ ਚੜ੍ਹ ਰਹੀ ਹੈ। ਉਨ੍ਹਾਂ ਲੋਕਾਂ ਨੂੰ ਹਾਲ ਦੀ ਘੜੀ ਰਾਹਤ ਕੈਂਪਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਵਿੱਤ ਮੰਤਰੀ ਆਤਿਸ਼ੀ ਨੇ ਕੱਲ੍ਹ ਕਿਹਾ ਸੀ ਕਿ ਦਿੱਲੀ ਸਰਕਾਰ ਹਾਈ ਅਲਰਟ ’ਤੇ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਪਾਣੀ ਦਾ ਪੱਧਰ 206.7 ਮੀਟਰ ਤੱਕ ਪਹੁੰਚ ਜਾਂਦਾ ਹੈ ਤਾਂ ਯਮੁਨਾ ਦੇ ਕੁਝ ਹਿੱਸੇ ਡੁੱਬ ਸਕਦੇ ਹਨ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ ਅੰਕੜਿਆਂ ਅਨੁਸਾਰ ਯਮੁਨਾ ਵਿੱਚ ਪਾਣੀ ਦਾ ਪੱਧਰ 205.96 ਮੀਟਰ ਤੱਕ ਪਹੁੰਚ ਗਿਆ ਹੈ ਤੇ ਇਹ ਹੋਰ ਵਧਣ ਦੀ ਸੰਭਾਵਨਾ ਹੈ। ਕਮਿਸ਼ਨ ਅਨੁਸਾਰ ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ‘ਤੇ ਪਾਣੀ ਵਹਾਅ ਕੱਲ੍ਹ ਸਵੇਰੇ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ ਤੇ ਅੱਜ 2 ਲੱਖ ਤੋਂ 2.5 ਲੱਖ ਕਿਊਸਿਕ ਦੇ ਵਿਚਕਾਰ ਰਿਹਾ। ਦੂਜੇ ਪਾਸੇ ਗਾਜ਼ੀਆਬਾਦ ‘ਚ ਹਿੰਡਨ ਨਦੀ ’ਚ ਮੀਂਹ ਦਾ ਪਾਣੀ ਭਰਨ ਕਾਰਨ ਇਸ ਨਦੀ ਨੇ ਨੋਇਡਾ ਤੇ ਨਾਲ ਲੱਗਦੇ ਖੇਤਰਾਂ ਨੂੰ ਡੁਬੋ ਦਿੱਤਾ ਹੈ ਤੇ ਕਈ ਕਲੋਨੀਆਂ ਵਿੱਚ ਪਾਣੀ ਭਰ ਗਿਆ। ਜ਼ਿਕਰਯੋਗ ਹੈ ਕਿ ਹਿੰਡਨ ਦੇ ਖਾਦਰ ਦੇ ਕਈ ਖੇਤਰਾਂ ਵਿੱਚ ਕਲੋਨੀਆਂ ਉਸਾਰੀਆਂ ਜਾ ਚੁੱਕੀਆਂ ਹਨ। ਜਿਸ ਕਰਕੇ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਪੈਂਦੀ ਹੈ। ਇਸੇ ਦੌਰਾਨ ਡੀਈਐਮਸਈ ਇਲਾਕੇ ਵਿੱਚ ਮੀਂਹ ਦੇ ਭਰਵੇਂ ਛਰਾਟੇ ਪਏ, ਹਾਲਾਂਕਿ ਦਿੱਲੀ ਦੇ ਕਈ ਖੇਤਰਾਂ ਵਿੱਚ ਮੌਸਮ ਸਾਫ਼ ਰਿਹਾ।

Advertisement

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਦਿੱਲੀ ਸਰਕਾਰ ਦੇ ਸਿੰਜਾਈ ਤੇ ਹੜ੍ਹ ਰੋਕੂ ਵਿਭਾਗ ਵੱਲੋਂ ਯਮੁਨਾ ਨਦੀ ਕੰਢੇ ਮੁੜ ਮੁਨਾਦੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗਾਜ਼ੀਆਬਾਦ ਦੇ ਕਰੇੜਾ ਸਮੇਤ ਹੋਰ ਦਰਜਨ ਦੇ ਕਰੀਬ ਪਿੰਡਾਂ ਵਿੱਚੋਂ ਹਜ਼ਾਰ ਤੋਂ ਵੱਧ ਲੋਕਾਂ ਨੂੰ ਪ੍ਰਸ਼ਾਸਨ ਨੇ ਹਿੰਡਨ ਨਦੀ ਦੇ ਪਾਣੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਸੁਰੱਖਿਆ ਥਾਵਾਂ ’ਤੇ ਭੇਜਿਆ ਹੈ। ਐਨਡੀਆਰਏਐਫ ਦੀਆਂ ਟੀਮਾਂ ਵੱਲੋਂ ਟ੍ਰੈਕਟਰਾਂ ਦੀ ਮਦਦ ਨਾਲ ਲੋਕਾਂ ਨੂੰ ਪਾਣੀ ਨਾਲ ਭਰੇ ਇਲਾਕਿਆਂ ਵਿੱਚੋਂ ਕੱਢਿਆ ਗਿਆ।

Advertisement

ਭਾਰਦਵਾਜ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ

ਵਜ਼ੀਰਾਬਾਦ ਦੇ ਪਲਾਂਟ ਦਾ ਨਿਰੀਖਣ ਕਰਦੇ ਹੋਏ ਸੌਰਭ ਭਾਰਦਵਾਜ। -ਫੋਟੋ: ਦਿਓਲ

ਦਿੱਲੀ ਜਲ ਬੋਰਡ ਦੇ ਮੁਖੀ ਸੌਰਭ ਭਾਰਦਵਾਜ ਨੇ ਅੱਜ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕਰਕੇ ਹੜ੍ਹ ਦੇ ਮੁੜ ਬਣ ਰਹੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ ਮੀਂਹ ਨਹੀਂ ਪੈ ਰਿਹਾ ਪਰ ਹਥਨੀ ਕੁੰਡ ਤੋਂ ਛੱਡੇ ਜਾ ਰਹੇ ਪਾਣੀ ਨਾਲ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਵਜ਼ੀਰਾਬਾਦ ਪਲਾਂਟ ਦੀਆਂ ਮੋਟਰਾਂ ’ਚ ਪਾਣੀ ਨਾ ਭਰੇ ਇਸ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

Advertisement
Author Image

Advertisement