ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੇਂ ਕਾਰੋਬਾਰੀਆਂ ਲਈ ਮੁਸੀਬਤ ਬਣੇ ਜ਼ਮੀਨਾਂ ਦੇ ਵਧੇ ਭਾਅ

08:54 AM Aug 04, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਗਸਤ
ਪਿੰਡ ਬਣਾਂਵਾਲਾ ਵਿੱਚ ਲੱਗੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਡ (ਟੀਐਸਪੀਐਲ) ਲਈ ਵੇਦਾਂਤਾ ਕੰਪਨੀ ਅਤੇ ਪਿੰਡ ਗੋਬਿੰਦਪੁਰਾ ਵਿਚ ਇੰਡੀਆ ਬੁਲਜ਼ ਨਾਲ ਸਬੰਧਤ ਕੰਪਨੀ ਪਿਊਨਾ ਵੱਲੋਂ ਤਾਪਘਰ ਲਈ ਖ਼ਰੀਦੀ ਗਈ ਜ਼ਮੀਨ ਤੋਂ ਬਾਅਦ ਵਧੀਆਂ ਹੋਈਆਂ ਕੀਮਤਾਂ ਹੁਣ ਨਵੀਆਂ ਉਦਯੋਗਿਕ ਇਕਾਈਆਂ ਸਥਾਪਤ ਕਰਨ ਲਈ ਹੋਰਨਾਂ ਕੰਪਨੀਆਂ ਲਈ ਰੁਕਾਵਟਾਂ ਪੈਦਾ ਕਰਨ ਲੱਗੀਆਂ ਹਨ। ਇਸ ਖੇਤਰ ਵਿੱਚ ਜਿੱਥੇ ਪਹਿਲਾਂ ਉਦਯੋਗ ਲਈ ਸਸਤੀਆਂ ਜ਼ਮੀਨਾਂ ਹਾਸਲ ਹੋਈਆਂ ਸਨ, ਹੁਣ ਮਹਿੰਗੇ ਹੋਏ ਭਾਅ ਨੇ ਨਵੇਂ ਕਾਰੋਬਾਰੀਆਂ ਲਈ ਦਿੱਕਤਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਜ਼ਿਲ੍ਹੇ ਵਿੱਚ ਕੁਝ ਬਾਹਰਲੀਆਂ ਕੰਪਨੀਆਂ ਵੱਲੋਂ ਆਪਣੇ ਪ੍ਰਾਜੈਕਟ ਲਾਉਣ ਲਈ ਲੋੜੀਂਦੀ ਜ਼ਮੀਨ ਪ੍ਰਾਪਤ ਕਰਨ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਪ੍ਰਾਈਵੇਟ ਅਦਾਰੇ ਜ਼ਮੀਨਾਂ ਦੇ ਉੱਚੇ ਚੜ੍ਹੇ ਭਾਅ ਕਾਰਨ ਹੱਥ ਪਿੱਛੇ ਖਿੱਚਣ ਲੱਗੇ ਹਨ। ਕੁਝ ਕਾਰੋਬਾਰੀਆਂ ਵੱਲੋਂ ਇਸ ਮਾਮਲੇ ਲਈ ਪੰਜਾਬ ਸਰਕਾਰ ਨੂੰ ਵਾਜ਼ਬ ਭਾਅ ’ਤੇ ਜ਼ਮੀਨ ਮੁਹੱਈਆ ਕਰਵਾਉਣ ਲਈ ਅਪੀਲ ਕਰਨ ਦਾ ਵੀ ਪਤਾ ਲੱਗਿਆ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪਿਊਨਾ ਕੰਪਨੀ ਵੱਲੋਂ ਮਾਨਸਾ ਦੇ ਪਿੰਡ ਗੋਬਿੰਦਪੁਰਾ ਵਿੱਚ ਨੇੜਲੇ ਚਾਰ ਪਿੰਡਾਂ ਦੀ ਲਗਪਗ 850 ਏਕੜ ਜ਼ਮੀਨ ਐਕੁਆਇਰ ਕਰਨ ਤੋਂ ਬਾਅਦ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਤਾਪਘਰ ਨਹੀਂ ਸੀ ਲੱਗ ਸਕਿਆ ਅਤੇ ਨਾ ਹੀ ਉਸ ਤੋਂ ਬਾਅਦ ਹੋਂਦ ਵਿੱਚ ਆਈਆਂ ਕਾਂਗਰਸ ਅਤੇ ਹੁਣ ‘ਆਪ’ ਦੀ ਸਰਕਾਰ ਇਸ ਲਈ ਕੋਈ ਬਿਹਤਰ ਉਪਰਾਲੇ ਆਰੰਭ ਕਰ ਸਕੀ। ਇਸ ਤੋਂ ਬਾਅਦ ਹੁਣ ਹੋਰ ਵੱਡੀਆਂ ਕੰਪਨੀਆਂ ਇਸ ਖੇਤਰ ਵਿੱਚ ਆਪਣੇ ਉਦਯੋਗ ਸਥਾਪਿਤ ਕਰਨ ਤੋਂ ਘਬਰਾਉਣ ਲੱਗੀਆਂ ਹਨ। ਜਾਣਕਾਰੀ ਅਨੁਸਾਰ ਹੁਣ ਕੁੱਝ ਕੰਪਨੀਆਂ ਨੇ ਪੰਜਾਬ ਸਰਕਾਰ ਨਾਲ ਇਸ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਲਈ ਹੱਥ ਵਧਾਇਆ ਹੈ। ਇਸ ਲਈ ਅਗਲੇ ਦਿਨਾਂ ਵਿੱਚ ਸਰਕਾਰ ਵੱਲੋਂ ਕੁਝ ਉਪਰਾਲੇ ਆਰੰਭ ਹੋ ਸਕਦੇ ਹਨ। ਕੰਪਨੀਆਂ ਫ਼ਿਲਹਾਲ ਥੋੜ੍ਹੇ ਭਾਅ ਉੱਪਰ ਜ਼ਮੀਨਾਂ ਖ਼ਰੀਦਣ ਲਈ ਚਾਹਵਾਨ ਦੱਸੀਆਂ ਜਾਂਦੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇਸ ਤੋਂ ਪਹਿਲਾਂ ਬਾਜ਼ਾਰ ਦੀਆਂ ਦਰਾਂ ਅਤੇ ਮੰਗੀਆਂ ਕੀਮਤਾਂ ਵਿੱਚ ਵੱਡਾ ਅੰਤਰ ਪ੍ਰਾਜੈਕਟ ਦੀ ਯੋਜਨਾਬੰਦੀ ਅਤੇ ਅਮਲ ਵਿੱਚ ਕਾਫ਼ੀ ਦੇਰੀ ਅਤੇ ਪੇਚੀਦਗੀਆਂ ਦਾ ਕਾਰਨ ਬਣ ਰਿਹਾ ਹੈ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ਼ ਸਿੰਘ ਜਗਰੀ ਅਤੇ ਈਸ਼ਵਰ ਦਾਸ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਵਿੱਚ ਉਦਯੋਗ ਸਥਾਪਤ ਕਰਨ ਦੀ ਬਿਹਤਰੀ ਲਈ ਗ਼ੈਰ-ਉਪਜਾਊ ਜ਼ਮੀਨਾਂ ਦੀ ਭਾਲ ਵਿੱਚ ਛੇਤੀ ਯਤਨ ਆਰੰਭ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰ ਰਹੀਆਂ ਹਨ, ਉਨ੍ਹਾਂ ਦੇ ਆਗੂਆਂ ਵੱਲੋਂ ਜ਼ਮੀਨ ਦੀ ਨਿਰਪੱਖ ਤੇ ਟਿਕਾਊ ਕੀਮਤ ਲਈ ਕੰਪਨੀਆਂ ਅਤੇ ਜ਼ਮੀਨ ਮਾਲਕਾਂ ਵਿਚਕਾਰ ਵਿਚੋਲਗੀ ਵਾਲਾ ਯੋਗ ਉਪਰਾਲਾ ਨਹੀਂ ਕੀਤਾ ਗਿਆ ਹੈ।

Advertisement

‘ਛੇਤੀ ਹੀ ਇਲਾਕੇ ’ਚ ਹੋਰ ਸਨਅਤਾਂ ਲੱਗਣਗੀਆਂ’

ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਉਦਯੋਗ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਲਈ ਬਾਹਰਲੀਆਂ ਕੰਪਨੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਅਤੇ ਛੇਤੀ ਇਸ ਇਲਾਕੇ ਵਿੱਚ ਗੋਬਿੰਦਪੁਰਾ ਸਣੇ ਕਈ ਹੋਰ ਖੇਤਰਾਂ ਵਿੱਚ ਨਵੀਂਆਂ ਸਨਅਤਾਂ ਲੱਗਣ ਦੀ ਸਰਕਾਰ ਨੂੰ ਪੂਰੀ ਆਸ ਹੈ।

Advertisement
Advertisement
Advertisement