ਵਧ ਰਿਹਾ ਪਰਵਾਸ ਚਿੰਤਾ ਦੀ ਘੰਟੀ
ਸਾਡੇ ਸੂਬੇ ਦੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਉਡਾਰੀਆਂ ਮਾਰ ਰਹੀ ਹੈ। ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਜਾਂ ਬਹੁਮੁੱਲਾ ਸਰਮਾਇਆ ਆਖੀ ਜਾਣ ਵਾਲੀ ਸਾਡੀ ਨੌਜਵਾਨੀ ਅੱਜ ਆਪਣੀ ਹੀ ਜਨਮ ਭੂਮੀ ਤੋਂ ਬੇਮੁੱਖ ਹੋ ਕੇ ਵਿਦੇਸ਼ੀ ਧਰਤੀ ’ਤੇ ਪੈਰ ਰੱਖਣ ਲਈ ਕਾਹਲੀ ਹੈ। ਇਸ ਦਾ ਕੋਈ ਇੱਕ ਕਾਰਨ ਹੋਵੇ ਤਾਂ ਉਸ ਦਾ ਕੋਈ ਨਾ ਕੋਈ ਹੱਲ ਲੱਭ ਕੇ ਨੌਜਵਾਨਾਂ ਦੇ ਪਰਵਾਸ ਨੂੰ ਰੋਕਿਆ ਜਾ ਸਕਦਾ ਹੈ। ਪਰ ਇਸ ਪਿੱਛੇ ਬਹੁਤ ਕਾਰਨ ਹਨ ਜੋ ਨੌਜਵਾਨਾਂ ਦੇ ਨਾਲ ਨਾਲ ਹਰ ਪੰਜਾਬੀ ਮਾਪੇ ਦਾ ਇੱਕ ਸੁਪਨਾ ਬਣ ਗਿਆ ਹੈ ਕਿ ਉਨ੍ਹਾਂ ਦਾ ਬੱਚਾ ਛੇਤੀ ਵਿਦੇਸ਼ ਪਹੁੰਚ ਜਾਵੇ। ਅੱਜ ਚਾਹੇ ਬਹੁਤੇ ਨੌਜਵਾਨ ਪੜ੍ਹਾਈ ਕਰਨ ਲਈ ਵਿਦੇਸ਼ ਨੂੰ ਜਾਂਦੇ ਹਨ ਪਰ ਇਹ ਇੱਕ ਸਚਾਈ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਉੱਥੇ ਜਾ ਕੇ ਆਪਣੇ ਆਪ ਨੂੰ ਸਥਾਈ ਤੌਰ ’ਤੇ ਸਥਾਪਿਤ ਕਰਨਾ ਹੁੰਦਾ ਹੈ।
ਢਾਈ-ਤਿੰਨ ਦਹਾਕੇ ਪਹਿਲਾਂ ਟਾਵੇਂ ਟਾਵੇਂ ਪੰਜਾਬੀ ਵਿਦੇਸ਼ਾਂ ਵਿੱਚ ਵਸਦੇ ਸਨ। ਉਹ ਜਦ ਪੰਜਾਬ ਆਉਂਦੇ ਤਾਂ ਇੱਥੇ ਵਸਦੇ ਲੋਕ ਉਨ੍ਹਾਂ ਦੀ ਚਮਕ ਦਮਕ ਵਾਲੀ ਜ਼ਿੰਦਗੀ ਤੋਂ ਪ੍ਰਭਾਵਿਤ ਹੁੰਦੇ ਤੇ ਉਨ੍ਹਾਂ ਨੂੰ ਵੇਖ ਕੇ ਵਿਆਹ ਕਰਵਾ ਕੇ ਜਾਂ ਹੋਰ ਵਿੰਗੇ ਟੇਢੇ ਤਰੀਕਿਆਂ ਨਾਲ ਵਿਦੇਸ਼ ਦਾ ਰੁਖ਼ ਕਰਨ ਲੱਗੇ। ਇਸ ਤਰ੍ਹਾਂ ਵੀ ਬਹੁਤ ਲੋਕ ਵਿਦੇਸ਼ਾਂ ਵਿੱਚ ਪੱਕੇ ਤੌਰ ’ਤੇ ਵਸਣ ਲੱਗੇ। ਵਿਆਹਾਂ ਦੇ ਨਾਂ ’ਤੇ ਵੀ ਬਹੁਤ ਲੋਕ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਨਰਸਿੰਗ ਤੇ ਡਾਕਟਰੀ ਦੀ ਪੜ੍ਹਾਈ ’ਤੇ ਬਾਹਰ ਜਾਣ ਦੀ ਹੋੜ ਲੱਗੀ। ਇਸੇ ਦੌਰਾਨ ਪੰਜਾਬ ਦੇ ਦੁਆਬੇ ਵਾਲੇ ਪਾਸੇ ਤੋਂ ਏਜੰਟਾਂ ਨੂੰ ਮੋਟੀ ਰਕਮ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ ਪਹੁੰਚਣ ਲਈ ਹੱਥ ਪੈਰ ਮਾਰੇ ਜਾਣ ਲੱਗੇ ਤੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਸੈੱਟ ਵੀ ਹੋ ਗਏ। ਫਿਰ ਸਟੱਡੀ ਵੀਜ਼ਾ ਖੁੱਲ੍ਹਣ ਨਾਲ ਤਾਂ ਕਈ ਦੇਸ਼ਾਂ ਵੱਲ ਨੂੰ ਜਾਣ ਵਾਲੇ ਨੌਜਵਾਨਾਂ ਦਾ ਇੱਕ ਤਰ੍ਹਾਂ ਨਾਲ ਹੜ੍ਹ ਜਿਹਾ ਹੀ ਆ ਗਿਆ। ਕਈ ਦੇਸ਼ਾਂ ਵਿੱਚ ਪੰਜਾਬੀ ਐਨੀ ਵੱਡੀ ਗਿਣਤੀ ਵਿੱਚ ਜਾ ਕੇ ਵਸ ਗਏ ਕਿ ਉੱਥੋਂ ਦੇ ਕਈ ਸ਼ਹਿਰ ਤਾਂ ਮਿੰਨੀ ਪੰਜਾਬ ਹੀ ਬਣ ਗਏ। ਹੁਣ ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਦਾ ਕੋਈ ਵਿਰਲਾ ਘਰ ਹੀ ਹੋਵੇਗਾ ਜਿਸ ਦੇ ਪਰਿਵਾਰ ਦਾ ਕੋਈ ਜੀਅ ਵਿਦੇਸ਼ ਨਹੀਂ ਗਿਆ ਹੋਵੇਗਾ। ਜਿਹੜੀ ਵਤਨਾਂ ਦੀ ਮਿੱਟੀ ਦੀ ਖ਼ੁਸ਼ਬੋ ਦੀ ਗੱਲ ਸਾਡੇ ਲੋਕ ਗੀਤਾਂ ਵਿੱਚ ਸਦੀਆਂ ਤੋਂ ਕੀਤੀ ਜਾਂਦੀ ਹੈ ਉਹੀ ਮਿੱਟੀ ਨੂੰ ਛੱਡ ਕੇ ਵਿਦੇਸ਼ੀ ਧਰਤੀ ’ਤੇ ਉਨ੍ਹਾਂ ਦੇ ਕਈ ਤਿਓਹਾਰ ਚਾਵਾਂ ਨਾਲ ਮਨਾਏ ਜਾਣ ਪਿੱਛੇ ਕੋਈ ਤਾਂ ਕਾਰਨ ਹੋਵੇਗਾ।
ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਦੇ ਉਪਰਾਲੇ ਕਰਨ ਲਈ ਸਮੇਂ ਸਮੇਂ ’ਤੇ ਸਰਕਾਰਾਂ ਵੱਲੋਂ ਦਾਅਵੇ ਤੇ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਕੀ ਉਨ੍ਹਾਂ ਨੂੰ ਉਹੋ ਜਿਹਾ ਮਾਹੌਲ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਾਡੀਆਂ ਸਰਕਾਰਾਂ ਕਾਮਯਾਬ ਹੋ ਸਕਣਗੀਆਂ ਜਾਂ ਨਹੀਂ। ਪੰਜਾਬੀਆਂ ਦੇ ਵਧ ਰਹੇ ਪਰਵਾਸ ਨੂੰ ਰੋਕਣ ਤੋਂ ਪਹਿਲਾਂ ਉਨ੍ਹਾਂ ਕਾਰਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਨੌਜਵਾਨ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਬੇਰੁਜ਼ਗਾਰੀ ਦੀ ਮਾਰ ਝੱਲਦੇ ਹਨ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਨਹੀਂ ਤਾਂ ਹੋਰ ਕੀ ਹੈ? ਬੇਰੁਜ਼ਗਾਰਾਂ ਦੀ ਗਿਣਤੀ ’ਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਲਿਆ ਹੈ। ਜਦੋਂ ਤੋਂ ਨੌਜਵਾਨਾਂ ਅੰਦਰ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਵਧਣ ਲੱਗਿਆ ਹੈ ਉਦੋਂ ਤੋਂ ਹੀ ਸ਼ਹਿਰ ਸ਼ਹਿਰ-ਗਲੀ ਗਲੀ ਆਈਲੈਟਸ ਸੈਂਟਰਾਂ ਦੀ ਭਰਮਾਰ ਲੱਗ ਗਈ ਹੈ।
ਅੱਜ ਦੇ ਨੌਜਵਾਨ ਜੇ ਲੱਖਾਂ ਰੁਪਏ ਖ਼ਰਚ ਕੇ ਕਾਲਜਾਂ ਵਿੱਚ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਦੇ ਹਨ ਤਾਂ ਅੱਗੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਹੀ ਦਿਖਾਈ ਦਿੰਦਾ ਹੈ ਕਿਉਂਕਿ ਉਨ੍ਹਾਂ ਨੂੰ ਨਾ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਨਾ ਹੀ ਕੋਈ ਢੁੱਕਵਾਂ ਹੋਰ ਰੁਜ਼ਗਾਰ ਮਿਲਦਾ ਹੈ। ਜੇ ਕਿਤੇ ਕੋਈ ਨੌਜਵਾਨ ਰੁਜ਼ਗਾਰ ਲੱਭ ਵੀ ਲੈਂਦਾ ਹੈ ਤਾਂ ਉੱਥੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਜਿੱਥੇ ਕੰਮ ਕਰ ਕੇ ਹਫ਼ਤੇ ਬਾਅਦ ਤਨਖਾਹ ਮਿਲਣ ਕਾਰਨ ਬਹੁਤਾ ਬੋਝ ਪਾਉਣ ਦੀ ਲੋੜ ਨਹੀਂ ਪੈਂਦੀ ਜਦ ਕਿ ਇੱਥੇ ਇੱਕ ਮਹੀਨੇ ਬਾਅਦ ਤਨਖਾਹ ਦੇਣ ਦੀ ਥਾਂ ਅਗਲੇ ਮਹੀਨੇ ਦੇ ਵੀ ਦਸ ਪੰਦਰਾਂ ਦਿਨ ਉੱਪਰ ਕਰਕੇ ਦਿੱਤੀ ਜਾਂਦੀ ਹੈ। ਇੱਥੇ ਉੱਪਰਲੇ ਅਧਿਕਾਰੀਆਂ ਵੱਲੋਂ ਆਪਣੇ ਤੋਂ ਛੋਟੇ ਅਧਿਕਾਰੀਆਂ ਪ੍ਰਤੀ ਵਿਹਾਰ ਪੱਖੋਂ ਵੀ ਸ਼ੋਸ਼ਣ ਕੀਤਾ ਜਾਂਦਾ ਹੈ। ਇਸੇ ਕਰਕੇ ਅੱਜ ਦੀ ਪੜ੍ਹੀ ਲਿਖੀ ਨੌਜਵਾਨੀ ਵਿੱਚ ਸਹਿਣਸ਼ੀਲਤਾ ਦੀ ਕਮੀ ਆ ਰਹੀ ਹੈ ਜਿਸ ਕਰਕੇ ਉਨ੍ਹਾਂ ਵਿੱਚ ਅਨੁਸ਼ਾਸਨਹੀਣਤਾ ਵਧ ਰਹੀ ਹੈ। ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਆਪਣੀ ਹੀ ਜਨਮ ਭੂਮੀ ਨੂੰ ਆਪਣੀ ਕਰਮ ਭੂਮੀ ਬਣਾਉਣ ਲਈ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲਦੀ। ਬਾਹਰਲੇ ਮੁਲਕਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਪੈਂਦੀ ਹੈ, ਸਤਿਕਾਰ ਸਹਿਤ ਕੰਮ ਲਿਆ ਜਾਂਦਾ ਹੈ ਤੇ ਕੀਤੀ ਮਿਹਨਤ ਦਾ ਮਿਹਨਤਾਨਾ ਸਹੀ ਮਿਲਦਾ ਹੈ। ਬੇਰੁਜ਼ਗਾਰੀ ਜਾਂ ਨੌਜਵਾਨਾਂ ਵਿੱਚ ਭਵਿੱਖ ਨੂੰ ਲੈ ਕੇ ਵਧਦੀ ਅਸੰਜਮਤਾ ਨੇ ਉਨ੍ਹਾਂ ਨੂੰ ਕੁਰਾਹੇ ਤੋਰ ਦਿੱਤਾ ਹੈ ਜਿਸ ਕਾਰਨ ਪੰਜਾਬ ਦੀ ਧਰਤੀ ’ਤੇ ਬਚੀ ਹੋਈ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ। ਨਸ਼ਿਆਂ ਕਰਕੇ ਨਿੱਤ ਨਵੇਂ ਦਿਨ ਕੋਈ ਨਾ ਕੋਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ, ਜਿਸ ਕਾਰਨ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਇਸ ਕਰਕੇ ਵੀ ਨਸ਼ਿਆਂ ਦੇ ਕੋਹੜ ਤੋਂ ਡਰਦੇ ਮਾਪੇ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਨੂੰ ਤੋਰ ਰਹੇ ਹਨ। ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਾਖੋਰੀ, ਲੁੱਟਮਾਰ, ਭ੍ਰਿਸ਼ਟਾਚਾਰ, ਕਰਜ਼ੇ ਦੀ ਮਾਰ ਵਰਗੀਆਂ ਲਾਇਲਾਜ ਬਿਮਾਰੀਆਂ ਮੂੰਹ ਅੱਡੀ ਖੜ੍ਹੀਆਂ ਹਨ। ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਇਨ੍ਹਾਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਕਰਕੇ ਵੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਮਿਹਨਤ ਦਾ ਐਨਾ ਮੁੱਲ ਇੱਥੇ ਨਹੀਂ ਪੈਣਾ ਜਿੰਨਾ ਉੱਥੇ ਜਾ ਕੇ ਪੈਣਾ ਹੈ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਓਨੀ ਮਿਹਨਤ ਨਾਲ ਡਾਲਰ-ਪੌਂਡ ਕਮਾ ਕੇ ਸੁਨਹਿਰੀ ਭਵਿੱਖ ਸਿਰਜਿਆ ਜਾ ਸਕਦਾ ਹੈ ।
ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਸਗੋਂ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਸਾਡੇ ਦੇਸ਼ ਵਿੱਚ ਹਾਲਾਤ ਇਹ ਹਨ ਕਿ ਦੇਸ਼ ’ਚ ਜਿਹੜੇ ਕਾਲਜਾਂ ’ਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਹੁਣ ਇਨ੍ਹਾਂ ਕਾਲਜਾਂ ’ਚ ਸਿਰਫ਼ ਤਿੰਨ-ਚਾਰ ਸੌ ਵਿਦਿਆਰਥੀਆਂ ਦਾ ਹੀ ਦਾਖਲਾ ਹੋ ਰਿਹਾ ਹੈ। ਕਈ ਕਾਲਜਾਂ ਨੂੰ ਤਾਂ ਘਟ ਰਹੇ ਵਿਦਿਆਰਥੀਆਂ ਦੀ ਗਿਣਤੀ ਕਰਕੇ ਤਾਲੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦੇ ਤਾਂ ਇਹ ਹਾਲਾਤ ਹਨ ਕਿ ਲੋਕ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਪੀ. ਏ. ਯੂ. ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਵਿੱਚ ਦੋ ਲੱਖ ਤੋਂ ਵੱਧ ਲੋਕ ਖੇਤੀਬਾੜੀ ਦੇ ਕਿੱਤੇ ਤੋਂ ਸੰਨਿਆਸ ਲੈ ਚੁੱਕੇ ਹਨ ਜੋ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹਨ ਉਹ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਉਹ ਲੋਕ ਸੋਚਦੇ ਹਨ ਕਿ ਜੇ ਪਰਿਵਾਰ ਦਾ ਇੱਕ ਜੀਅ ਵੀ ਵਿਦੇਸ਼ ਚਲਾ ਗਿਆ ਤਾਂ ਕਰਜ਼ੇ ਵੀ ਲਹਿ ਜਾਣਗੇ ਅਤੇ ਘਰ ਦੀ ਗ਼ਰੀਬੀ ਵੀ ਦੂਰ ਹੋ ਜਾਵੇਗੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕਾਂ ਨੂੰ ਆਪਣੀਆਂ ਸਰਕਾਰਾਂ ਨਾਲੋਂ ਵੱਧ ਆਪਣੀ ਮਿਹਨਤ ਅਤੇ ਵਿਦੇਸ਼ਾਂ ਦੇ ਸਿਸਟਮ ਉੱਤੇ ਭਰੋਸਾ ਹੈ। ਪੰਜਾਬ ਵਿੱਚ ਹਾਲਾਤ ਇਹ ਬਣ ਰਹੇ ਹਨ ਕਿ ਜਿਸ ਹਿਸਾਬ ਨਾਲ ਸਾਰੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਉਸ ਹਿਸਾਬ ਨਾਲ ਤਾਂ ਹੋਰ ਆਉਂਦੇ ਕੁਝ ਵਰ੍ਹਿਆਂ ਵਿੱਚ ਇਸ ਧਰਤੀ ’ਤੇ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ। ਪੰਜਾਬ ਦੇ ਚੰਗੇ ਭਵਿੱਖ ਦੇ ਨਿਰਮਾਣ ਲਈ ਵਿਦੇਸ਼ਾਂ ਵੱਲ ਨੂੰ ਜਾ ਰਹੀ ਜਵਾਨੀ ਨੂੰ ਰੋਕ ਕੇ ਇੱਥੇ ਹੀ ਚੰਗੇ ਰੁਜ਼ਗਾਰ ਮੁਹੱਈਆ ਕਰਵਾਉਣੇ ਪੈਣਗੇ ਕਿਉਂਕਿ ਨੌਜਵਾਨੀ ਰੂਪੀ ਸਰਮਾਏ ਨੂੰ ਸਮੇਂ ਸਿਰ ਸੰਭਾਲਣਾ ਬਹੁਤ ਜ਼ਰੂਰੀ ਹੈ।
ਸੰਪਰਕ: 99889-01324