ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਮੜਦਾ ਉਤਸ਼ਾਹ

06:10 AM Jul 04, 2023 IST

ਰਿਪੁਦਮਨ ਸਿੰਘ ਰੂਪ

21 ਜਨਵਰੀ 2018 ਦਾ ਦਿਨ ਮੇਰੇ ਲਈ ਬੜਾ ਭੈਜਲ ਵਾਲਾ ਸੀ। ਉਸ ਦਿਨ ਮੈਂ ਆਪਣੇ ਪਰਿਵਾਰ ਸਾਹਮਣੇ ਰੋ ਰੋ ਕੇ ਕਹਿ ਰਿਹਾ ਸਾਂ: “ਮੇਰੇ ਜ਼ਹਿਰ ਦਾ ਟੀਕਾ ਲਵਾ ਦਵੋ। ਮੈਂ ਹੁਣ ਹੋਰ ਦਰਦ ਨਹੀਂ ਸਹਿ ਸਕਦਾ।”
ਗੱਲ ਇਹ ਸੀ ਕਿ ਮੈਂ, ਮੇਰੀ ਪਤਨੀ ਸਤਿਪਾਲ ਕੌਰ ਅਤੇ ਛੋਟਾ ਲੜਕਾ ਰੰਜੀਵਨ ਸਿੰਘ 2017 ਵਿਚ ਕੈਨੇਡਾ ਗਏ ਸਾਂ। ਇੱਕ ਮਹੀਨੇ ਦੀ ਸੈਰ ਲਈ। ਅਸੀਂ ਹਫ਼ਤਾ ਬਰੈਂਪਟਨ (ਟੋਰਾਂਟੋ) ਰਹੇ। ਹਫ਼ਤਾ ਸਰੀ (ਵੈਨਕੂਵਰ), ਹਫ਼ਤਾ ਐਡਮਿੰਟਨ ਤੇ ਹਫ਼ਤਾ ਕੈਲਗਰੀ। ਕੈਲਗਰੀ ਮੈਂ ਨਹਾਉਣ ਲੱਗਿਆ। ਉੱਥੇ ਬਾਲਟੀ ਡੱਬੇ ਨਾਲ ਨਹਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਤੁਸੀਂ ਟੱਬ ਵਿਚ ਬਹਿ ਕੇ ਹੀ ਨਹਾ ਸਕਦੇ ਸੀ। ਟੱਬ ਵੀ ਬਹੁਤ ਛੋਟਾ ਸੀ। ਕੁਦਰਤੀ ਮੇਰੀਆਂ ਦੋਵੇਂ ਲੱਤਾਂ ਇੱਕ ਦੂਜੇ ਵਿਚ ਫਸ ਗਈਆਂ। ਫਸ ਵੀ ਇਸ ਤਰ੍ਹਾਂ ਗਈਆਂ ਕਿ ਇੱਕ ਦੂਜੀ ਤੋਂ ਵੱਖ ਹੀ ਨਾ ਹੋਣ। ਦੋਵੇਂ ਪੈਰ ਫੜ ਕੇ ਇੱਕ ਦੂਜੇ ਤੋਂ ਵੱਖ ਕਰਨ ਲਈ ਜ਼ੋਰ ਲਾ ਰਿਹਾ ਸਾਂ। ਮੈਂ ਰੋਣਹਾਕਾ ਹੋ ਗਿਆ। ਬਾਥਰੂਮ ਦੀ ਅੰਦਰੋਂ ਕੁੰਡੀ ਲੱਗੀ ਹੋਈ ਸੀ। ਕੁੰਡੀ ਕੌਣ ਖੋਲ੍ਹੇ? ਮੈਂ ਜ਼ੋਰ ਜ਼ੋਰ ਦੀ ਰੰਜੀਵਨ ਰੰਜੀਵਨ ਕਹਿ ਹਾਕਾਂ ਮਾਰ ਰਿਹਾ ਸਾਂ ਪਰ ਕੋਈ ਨੇੜੇ ਹੋਵੇ ਤਾਂ ਬੋਲੇ। ਨਾਲ ਨਾਲ ਮੈਂ ਲੱਤਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਸਾਂ। ਅਚਾਨਕ ਲੱਤਾਂ ਵੱਖ ਹੋ ਗਈਆਂ। ਮੈਨੂੰ ਸੁੱਖ ਦਾ ਸਾਹ ਆਇਆ। ਸ਼ੁੱਕਰ ਮਨਾਇਆ। ਕੰਨਾਂ ਨੂੰ ਹੱਥ ਲਾਏ, ਮੁੜ ਕੇ ਟੱਬ ਵਿਚ ਨਾ ਨਹਾਉਣ ਦਾ।
ਕੈਨੇਡਾ ਅਸੀਂ 19 ਸਤੰਬਰ 2017 ਨੂੰ ਗਏ ਸਾਂ ਅਤੇ ਵਾਪਸ 26 ਅਕਤੂਬਰ 2017 ਨੂੰ ਆ ਗਏ। ਬੜਾ ਖ਼ੁਸ਼ ਸਾਂ ਲਗਭੱਗ ਸਾਰਾ ਕੈਨੇਡਾ ਦੇਖਣ ਕਰ ਕੇ। ਸਿਰਫ਼ ਇੱਕੋ ਵੱਡਾ ਸ਼ਹਿਰ ਵਿੰਨੀਪੈੱਗ ਦੇਖਣੋਂ ਰਹਿ ਗਿਆ ਸੀ। ਅਸੀਂ ਓਟਵਾ, ਟੋਰਾਂਟੋ, ਵੈਨਕੂਵਰ, ਸਰੀ, ਵਿਕਟੋਰੀਆ, ਐਡਮਿੰਟਨ ਤੋਂ ਇਲਾਵਾ ਐਡਮਿੰਟਨ ਦੇ ਦੂਰ-ਦਰਾਡੇ ਸੈਂਕੜੇ ਮੀਲ ਦੂਰ ਉਹ ਪਿੰਡ ਵੀ ਦੇਖੇ ਜਿੱਥੇ ਨੇਟਿਵ ਰਹਿੰਦੇ ਸਨ- ਖਸਤਾ ਹਾਲਤ ਵਿਚ।
15 ਦਸੰਬਰ 2017 ਨੂੰ ਮੇਰੇ ਪੁੜੇ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ। ਆਪਣੇ ਫੈਮਲੀ ਡਾਕਟਰ ਨੂੰ ਚੰਡੀਗੜ੍ਹ ਦਿਖਾਇਆ। ਉਹ ਸਿਆਟਕਾ ਦਰਦ ਸਮਝ ਕੇ ਟੀਕੇ ਅਤੇ ਗੋਲੀਆਂ ਦੇਣ ਲੱਗ ਗਿਆ। ਕੋਈ ਆਰਾਮ ਨਾ ਹੋਇਆ। ਮੈਂ ਚੜ੍ਹਦੀ ਜਨਵਰੀ 2018 ਨੂੰ ਪੀਜੀਆਈ ਚੰਡੀਗੜ੍ਹ ਵਿਚ ਆਰਥੋ ਦੇ ਡਾਕਟਰ ਐੱਮਐੱਸ ਢਿਲੋਂ ਨੂੰ ਦਿਖਾਇਆ। ਉਹਨੇ ਸਾਰੇ ਐਕਸਰੇ ਕਰਵਾਏ। ਸੀਟੀ ਸਕੈਨ ਕਰਵਾਇਆ। ਐੱਮਆਰਆਈ ਵੀ ਕਰਵਾਈ। ਦਵਾਈਆਂ ਦਿੱਤੀਆਂ ਪਰ ਦਰਦ ਨਾ ਹਟਿਆ। ਇੱਕ ਹੋਰ ਆਰਥੋ ਸਪੈਸ਼ਲਿਸਟ ਨੂੰ ਰੈਫ਼ਰ ਕਰ ਕੇ ਉਸ ਤੋਂ ਰਾਏ ਲਈ ਪਰ ਦਰਦ ਮੇਰੀਆਂ ਚੀਕਾਂ ਕਢਵਾਉਣ ਤੋਂ ਨਾ ਹਟਿਆ। ਡਾਕਟਰ ਢਿੱਲੋਂ ਨੇ ਬਦਲ ਬਦਲ ਗੋਲੀਆਂ ਦਿਤੀਆਂ। ਫਿਜ਼ਿਓਥਰੈਪੀ ਦੱਸੀ ਪਰ ਦਰਦ ਘਟਣ ਦੀ ਥਾਂ ਵਧਦਾ ਜਾਂਦਾ ਸੀ। ਮੈਂ ਬੈੱਡ ਉੱਤੇ ਪਿਆ ਕਰਾਹ ਰਿਹਾ ਹੁੰਦਾ। ਰਾਤ ਨੂੰ ਨੀਂਦ ਨਾ ਆਉਂਦੀ। ਬਹੁਤ ਬੇਚੈਨ ਰਹਿਣ ਲੱਗ ਪਿਆ। ਨਾ ਰੋਟੀ ਖਾ ਹੁੰਦੀ। ਨਾ ਬੈਠ ਹੁੰਦਾ। ਨਾ ਪੈ ਹੁੰਦਾ। ਸਾਹਿਤ ਪੜ੍ਹਨਾ ਅਤੇ ਰਚਣਾ ਇਹਨੀਂ ਦਿਨੀਂ ਮੇਰੀ ਮੁਢਲੀ ਮਸਰੂਫੀਅਤ ਹੁੰਦੀ ਸੀ ਪਰ ਦਰਦ ਕਾਰਨ ਸਭ ਭੁਲ-ਭੁਲਾ ਬੈਠਾ। ਕੋਈ ਪੁਸਤਕ ਤਾਂ ਕੀ, ਅਖ਼ਬਾਰ ਚੁੱਕਣ ਨੂੰ ਦਿਲ ਨਾ ਕਰਦਾ। ਮੇਰੀ ਕਲਮ ਵੀ ਦੂਰ ਉਦਾਸ ਪਈ ਸੀ।
ਇੱਕ ਦਿਨ ਰੋਣ ਲੱਗ ਪਿਆ। ਦਿਨ 21 ਜਨਵਰੀ 2018 ਸੀ। ਮੇਰਾ ਰੋਣਾ ਸੁਣ ਕੇ ਹੌਲੀ ਹੌਲੀ ਸਾਰਾ ਪਰਿਵਾਰ ਇਕੱਠਾ ਹੋਣ ਲੱਗ ਪਿਆ। ਮੈਂ ਦੂਜੀ ਮੰਜਿ਼ਲ ਉੱਤੇ ਸਾਂ। ਮੈਂ ਔਖਾ-ਸੌਖਾ ਵਾਸ਼ਰੂਮ ਗਿਆ। ਜਦੋਂ ਬਾਹਿਰ ਆਇਆ ਤਾਂ ਸਾਰਾ ਟੱਬਰ ਹੀ ਬਾਹਰ ਖੜ੍ਹਾ ਸੀ। ਪਤਨੀ, ਲੜਕੇ ਸੰਜੀਵਨ ਤੇ ਰੰਜੀਵਨ, ਪੋਤੇ-ਪੋਤੀਆਂ ਰਿਤੂ ਰਾਗ, ਪ੍ਰੀਯਾ ਰਾਗ, ਰਿਸ਼ਮ ਰਾਗ, ਉਦੈ ਰਾਗ। ਸਾਰਿਆਂ ਨੂੰ ਦੇਖ ਮੇਰਾ ਹੋਰ ਰੋਣਾ ਨਿਕਲ ਗਿਆ। ਮੈਂ ਭੁੱਬਾਂ ਮਾਰ ਮਾਰ ਰੋ ਰਿਹਾ ਸਾਂ। ਉਹ ਸਾਰੇ ਬੜੇ ਫਿਕਰਾਂ ਵਿਚ ਖੜ੍ਹੇ ਸਨ। ਮੈਂ ਪਹਿਲੀ ਵਾਰ ਕਿਸੇ ਸਾਹਮਣੇ ਰੋ ਰਿਹਾ ਸਾਂ। ਐਨੀ ਤਸੱਲੀ ਸੀ ਕਿ ਮੈਂ ਆਪਣੇ ਪਰਿਵਾਰ ਸਾਹਮਣੇ ਹੀ ਰੋ ਰਿਹਾ ਸਾਂ, ਕੋਈ ਬਿਗਾਨਾ ਨਹੀਂ ਸੀ। ਮੈਂ ਉਹਨਾਂ ਨੂੰ ਰੋ ਰੋ ਕੇ ਕਹਿ ਰਿਹਾ ਸਾਂ ਕਿ ‘ਮੇਰੇ ਜ਼ਹਿਰ ਦਾ ਟੀਕਾ ਲਵਾ ਦਵੋ। ਮੈਂ ਹੁਣ ਹੋਰ ਦਰਦ ਸਹਿ ਨਹੀਂ ਸਕਦਾ। ਇਸ ਨਾਲੋਂ ਤਾਂ ਮਰਨਾ ਚੰਗਾ।’
ਮੈਨੂੰ ਮੁੜ ਪੀਜੀਆਈ ਲਿਜਾਇਆ ਗਿਆ। ਡਾਕਟਰ ਢਿੱਲੋਂ ਨੂੰ ਦਿਖਾਇਆ। ਡਾਕਟਰ ਨੇ ਕਿਹਾ, “ਅੰਕਲ ਫ਼ਿਕਰ ਨਾ ਕਰੋ, ਤੁਹਾਡਾ ਦਰਦ ਹਟੂਗਾ, ਜ਼ਰੂਰ ਹਟੂਗਾ, ਤੁਹਾਡੀ ਬਿਮਾਰੀ ਰੀੜ੍ਹ ਦੀ ਹੱਡੀ ਤੱਕ ਪਹੁੰਚੀ ਹੋਈ ਹੈ ਜਿਸ ਦਾ ਮੈਂ ਅਪਰੇਸ਼ਨ ਨਹੀਂ ਕਰਨਾ, ਅਪਰੇਸ਼ਨ ਕਰਨਾ ਖਤਰਨਾਕ ਹੋਵੇਗਾ। ਮੈਂ ਟੀਕਾ ਲਾ ਕੇ ਵੀ ਦਰਦ ਹਟਾ ਸਕਦਾ ਹਾਂ ਪਰ ਮੈਂ ਟੀਕਾ ਵੀ ਨਹੀਂ ਲਾਵਾਂਗਾ, ਟੀਕਾ ਲਾਉਣਾ ਵੀ ਠੀਕ ਨਹੀਂ ਰਹੇਗਾ। ਮੈਂ ਸਿਰਫ਼ ਦਵਾਈਆਂ ਅਤੇ ਫਿਜ਼ਿਓਥਰੈਪੀ ਨਾਲ ਹਟਾਵਾਂਗਾ। ਅੰਕਲ ਸਿਰਫ਼ ਪੰਜ ਚਾਰ ਦਿਨ ਤਕਲੀਫ਼ ਹੋਰ ਸਹਿ ਲਵੋ, ਔਖੇ ਸੌਖੇ, ਤੁਹਾਨੂੰ ਆਰਾਮ ਜ਼ਰੂਰ ਆਵੇਗਾ...।” ਡਾਕਟਰ ਢਿੱਲੋਂ ਦੀਆਂ ਇਹਨਾਂ ਸਾਰੀਆਂ ਗੱਲਾਂ ਨੇ ਬਹੁਤ ਤਸੱਲੀ ਦਿੱਤੀ। ਉਹ ਇਹ ਵੀ ਸਮਝ ਗਿਆ ਸੀ ਕਿ ਕੈਨੇਡਾ ਟੱਬ ਵਿਚ ਲੱਤਾਂ ਫਸਣ ਨਾਲ ਨਾੜਾਂ ਐਧਰ ਓਧਰ ਹੋ ਗਈਆਂ ਹਨ।
ਬਦਲੀ ਹੋਈ ਦਵਾਈ ਅਤੇ ਵਰਜਿਸ਼ ਨਾਲ ਕੁਝ ਦਿਨਾਂ ਮਗਰੋਂ ਮੈਂ ਠੀਕ ਹੋਣ ਲੱਗ ਪਿਆ। ਹੌਲੀ ਹੌਲੀ ਦਰਦ ਘਟਣਾ ਸੁ਼ਰੂ ਹੋ ਗਿਆ। ਫਿਰ ਮੈਂ ਨੌ ਬਰ ਨੌ ਹੋ ਗਿਆ। ਹੁਣ ਮੈਂ ਵੀ ਖੁ਼ਸ਼ ਸਾਂ ਅਤੇ ਸਾਰਾ ਪਰਿਵਾਰ ਵੀ। ਜਿੱਥੇ ਡਾਕਟਰ ਢਿੱਲੋਂ ਨੇ ਮੇਰਾ ਇਲਾਜ ਕੀਤਾ ਉੱਥੇ ਮੇਰੇ ਪਰਿਵਾਰ ਨੇ ਵੀ ਪੂਰੀ ਤਿਮਾਰਦਾਰੀ ਕੀਤੀ। ਜਿੱਥੇ ਪਹਿਲਾਂ ਮੈਂ ਜ਼ਹਿਰ ਦਾ ਟੀਕਾ ਲਵਾਉਣ ਬਾਰੇ ਕਹਿ ਰਿਹਾ ਸਾਂ, ਉੱਥੇ ਹੁਣ ਮੇਰੇ ਅੰਦਰ ਜ਼ਿੰਦਗੀ ਜਿਊਣ ਅਤੇ ਮਾਨਣ ਲਈ ਢੇਰ ਉਤਸ਼ਾਹ ਫਿਰ ਤੋਂ ਉਮੜ ਰਿਹਾ ਸੀ ਅਤੇ ਮੈਂ ਮੁੜ ਸਾਹਿਤ ਸਿਰਜਣਾ ਵਿਚ ਰੁਝ ਗਿਆ।
ਸੰਪਰਕ: 98767-68960

Advertisement

Advertisement
Tags :
ਉਤਸ਼ਾਹਉਮੜਦਾ