ਰਿਸ਼ੀ ਸੂਨਕ IPL ਫਾਈਨਲ ਲਈ ਅਹਿਮਦਾਬਾਦ ਵਿਚ, ਆਲਮੀ ਮੰਚ ’ਤੇ ਭਾਰਤ ਦੇ ਅਸਰ ਰਸੂਖ ਨੂੰ ਮੰਨਿਆ
ਅਹਿਮਦਾਬਾਦ, 3 ਜੂਨ
ਅਹਿਮਦਾਬਾਦ ਵਿਚ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਤੇ ਪੰਜਾਬ ਕਿੰਗਜ਼ (PBKS) ਵਿਚਾਲੇ ਆਈਪੀਐੱਲ ਦਾ ਖਿਤਾਬੀ ਮੁਕਾਬਲਾ ਦੇਖਣ ਲਈ ਪੁੱਜੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਕ ਸਦੀ ਦੇ ਲੰਮੇ ਵਕਫ਼ੇ ਮਗਰੋਂ ਓਲੰਪਿਕ ਵਿਚ ਕ੍ਰਿਕਟ ਦੀ ਵਾਪਸੀ ਨੂੰ ਭਾਰਤ ਦੇ ਵਧਦੇ ਆਲਮੀ ਰਸੂਖ਼ ਨਾਲ ਜੋੜਿਆ ਅਤੇ ਇੰਡੀਅਨ ਪ੍ਰੀਮੀਅਰ ਲੀਗ ਤੇ ਭਾਰਤੀ ਕ੍ਰਿਕਟ ਬੋਰਡ (BCCI) ਦੀ ਤਬਦੀਲੀ ਲਿਆਉਣ ਦੀ ਕਾਬਲੀਅਤ ਦੀ ਸ਼ਲਾਘਾ ਕੀਤੀ। ਕ੍ਰਿਕਟ ਨੂੰ 1900 ਤੋਂ ਬਾਅਦ ਪਹਿਲੀ ਵਾਰ ਲਾਸ ਏਂਜਸਲ ਓਲੰਪਿਕ 2028 ਦੇ ਮੁਕਾਬਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਸੂਨਕ ਨੇ ਕਿਹਾ, ‘‘ਇਹ 21ਵੀਂ ਸਦੀ ਵਿਚ ਭਾਰਤ ਦੇ ਅਸਰ ਦਾ ਸੰਕੇਤ ਹੈ। ਭਾਰਤ ਦੇ ਜਨੂੰਨ ਤੇ ਭਾਰਤ ਦੇ ਸੁਆਦ ਦਾ ਆਲਮੀ ਅਸਰ ਹੈ। ਕ੍ਰਿਕਟ ਦੀ 100 ਸਾਲ ਵਿਚ ਪਹਿਲੀ ਵਾਰ ਓਲੰਪਿਕ ਵਿਚ ਵਾਪਸੀ ਕਿਉਂ ਹੋਈ ਹੈ? ਭਾਰਤ ਦੀ ਵਜ੍ਹਾ ਕਰਕੇ।’’ ਕ੍ਰਿਕਟ ਦੇ ਮੁਰੀਦ ਸੂਨਕ ਨੇ ਪਿਛਲੇ ਕੁਝ ਸਾਲਾਂ ਵਿਚ ਆਈਪੀਐੱਲ ਵਿਚ ਆਈ ਤਬਦੀਲੀ ਦੀ ਗੱਲ ਕੀਤੀ।
ਸੂਨਕ ਆਰਸੀਬੀ ਦੇ ਦਿੱਗਜ ਵਿਰਾਟ ਕੋਹਲੀ ਤੇ ਫਰੈਂਚਾਇਜ਼ੀ ਪ੍ਰਤੀ ਆਪਣੇ ਲਗਾਅ ਨੂੰ ਨਹੀਂ ਲੁਕਾ ਸਕਿਆ। ਉਹ ਚਾਹੁੰਦੇ ਹਨ ਕਿ ਆਰਸੀਬੀ ਦੀ ਆਈਪੀਐੱਲ ਟਰਾਫ਼ੀ ਲਈ 18 ਸਾਲ ਦੀ ਉਡੀਕ ਖ਼ਤਮ ਹੋ ਜਾਵੇ। ਸੂਨਕ ਨੇ ਕਿਹਾ, ‘‘ਉਨ੍ਹਾਂ ਦਾ ਵਿਆਹ ਬੰਗਲੂਰੂ ਦੇ ਇਕ ਪਰਿਵਾਰ ਵਿਚ ਹੋਇਆ ਹੈ, ਇਸ ਲਈ ਮੈਂ RCB ਦੀ ਹਮਾਇਤ ਕਰ ਰਿਹਾ ਹਾਂ।’’
ਆਪਣੇ ਪਸੰਦੀਦਾ ਖਿਡਾਰੀ ਦੀ ਗੱਲ ਕਰਦਿਆਂ ਸੂਨਕ ਨੇ ਕਿਹਾ, ‘‘ਮੈਂ ਵਿਰਾਟ ਕੋਹਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਹ ਮਹਾਨ ਖਿਡਾਰੀ ਹਨ। ਮੇਰੇ ਕੋਲ ਉਸ ਦੇ ਸਿਗਨੇਚਰ ਵਾਲਾ ਬੱਲਾ ਹੈ, ਜੋ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਮੈਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਉਦੋਂ ਦਿੱਤਾ ਸੀ ਜਦੋਂ ਮੈਂ ਪ੍ਰਧਾਨ ਮੰਤਰੀ ਸੀ।’’-ਪੀਟੀਆਈ