ਰਿਸ਼ੀ ਧਵਨ ਵੱਲੋਂ ਸੀਮਤ ਓਵਰ ਕ੍ਰਿਕਟ ਤੋਂ ਸੰਨਿਆਸ
06:51 AM Jan 07, 2025 IST
ਨਵੀਂ ਦਿੱਲੀ, 6 ਜਨਵਰੀ
ਭਾਰਤ ਦੇ ਸਾਬਕਾ ਹਰਫਨਮੌਲਾ ਰਿਸ਼ੀ ਧਵਨ ਨੇ ਵਿਜੈ ਹਜ਼ਾਰੇ ਟਰਾਫੀ ਦੇ ਗਰੁੱਪ ਗੇੜ ਦੇ ਮੈਚਾਂ ਮਗਰੋਂ ਘਰੇਲੂ ਸੀਮਤ ਓਵਰਾਂ ਦੇ ਟੂਰਨਾਮੈਂਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਭਾਰਤ ਲਈ 2016 ਵਿੱਚ ਇੱਕ ਟੀ-20 ਅਤੇ ਤਿੰਨ ਇੱਕ ਰੋਜ਼ਾ ਖੇਡਣ ਵਾਲੇ ਧਵਨ ਨੇ ਹਿਮਾਚਲ ਪ੍ਰਦੇਸ਼ ਦੇ ਨਾਕਆਊਟ ਗੇੜ ਵਿੱਚ ਨਾ ਪਹੁੰਚਣ ਤੋਂ ਬਾਅਦ ਇਹ ਫੈਸਲਾ ਲਿਆ। ਹਾਲਾਂਕਿ, 34 ਸਾਲਾ ਧਵਨ 23 ਜਨਵਰੀ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਦੇ ਬਾਕੀ ਮੈਚ ਖੇਡੇਗਾ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਭਾਰੀ ਮਨ ਨਾਲ ਮੈਂ ਕ੍ਰਿਕਟ (ਸੀਮਤ ਓਵਰਾਂ) ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ, ਹਾਲਾਂਕਿ ਮੈਨੂੰ ਕੋਈ ਪਛਤਾਵਾ ਨਹੀਂ। ਦੋ ਸਾਲ ਤੋਂ ਇਹ ਖੇਡ ਮੇਰੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਰਹੀ ਹੈ ਅਤੇ ਇਸ ਨੇ ਮੈਨੂੰ ਬੇਅੰਤ ਖੁਸ਼ੀਆਂ ਅਤੇ ਅਣਗਿਣਤ ਯਾਦਾਂ ਦਿੱਤੀਆਂ ਹਨ।’’ ਹਿਮਾਚਲ ਨੂੰ 2021-22 ਵਿੱਚ ਹਜ਼ਾਰੇ ਟਰਾਫੀ ਜਿਤਾਉਣ ਵਾਲਾ ਧਵਨ ਇਸ ਸਾਲ ਸੱਤ ਮੈਚਾਂ ਵਿੱਚ ਸਿਰਫ 196 ਦੌੜਾਂ ਹੀ ਬਣਾ ਸਕਿਆ। -ਪੀਟੀਆਈ
Advertisement
Advertisement