For the best experience, open
https://m.punjabitribuneonline.com
on your mobile browser.
Advertisement

ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦੀ ਚੜ੍ਹਤ

11:24 AM May 01, 2024 IST
ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦੀ ਚੜ੍ਹਤ
ਪਟਿਆਲਾ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਚ ਆਈ ਫੀਲਖਾਨਾ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੂੰ ਸਨਮਾਨਤ ਕਰਦੇ ਹੋਏ ਸਕੂਲ ਪ੍ਰਿੰਸੀਪਾਲ ਰਾਜਨ ਗੁਪਤਾ ਅਤੇ ਹੋਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਜ ਆਏ 12ਵੀਂ ਜਮਾਤ ਦੇ ਨਤੀਜੇ ’ਚ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀ/ਵਿਦਿਆਰਥਣਾਂ ਦੇ ਮੈਰਿਟ ਸੂਚੀ ’ਚ ਸ਼ੁਮਾਰ ਹੋਣ ਨਾਲ ਇਹ ਜ਼ਿਲ੍ਹਾ ਇਸ ਪੱਖ ਤੋਂ ਪੰਜਾਬ ਭਰ ਵਿੱਚ ਦੂਜੇ ਸਥਾਨ ’ਤੇ ਰਿਹਾ ਹੈ। ਉਂਜ ਇਸ ਦੌਰਾਨ ਜ਼ਿਲ੍ਹੇ ਅੰਦਰ ਮੋਹਰੀ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਕੁੜੀਆਂ ਨੇ ਬਾਜ਼ੀ ਮਾਰੀ ਹੈ।
ਇਸ ਦੌਰਾਨ ‘ਸਕੂਲ ਆਫ਼ ਐਮੀਨੈਂਸ ਫੀਲਖ਼ਾਨਾ ਸਕੂਲ ਪਟਿਆਲਾ’ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 500 ਵਿੱਚੋਂ 496 ਅੰਕ ਪ੍ਰਾਪਤ ਕਰਦਿਆਂ, ਪਟਿਆਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਂਜ ਪੰਜਾਬ ਵਿੱਚ ਉਸ ਦਾ ਪੰਜਵਾਂ ਸਥਾਨ ਹੈ। ਕਾਰਪੇਂਟਰ ਪਰਮਜੀਤ ਸਿੰਘ ਦੀ ਇਸ ਹੋਣਹਾਰ ਧੀ ਨੇ ਬਾਰ੍ਹਵੀਂ ਜਮਾਤ ‘ਨਾਨ ਮੈਡੀਕਲ’ ਸਟਰੀਮ ਨਾਲ਼ ਪਾਸ ਕੀਤੀ ਹੈ। ਸਕੂਲ ਅਧਿਆਪਕ ਅਕਸ਼ੈ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਅਤੇ ਕਲਾਸ ਇੰਚਾਰਰਜ ਪਰਮਪਾਲ ਕੌਰ ਨੇ ਅਰਸ਼ਦੀਪ ਕੌਰ ਨੂੰ ਸਨਮਾਨਤ ਕਰਦਿਆਂ, 21 ਹਜ਼ਾਰ ਰੁਪਏ ਨਕਦ ਰਾਸ਼ੀ ਵੀ ਭੇਟ ਕੀਤੀ।
ਉਧਰ ਅਗਲੀਆਂ ਦੋਵੇਂ ਪੁਜ਼ੀਸ਼ਨਾਂ ਇੱਥੋਂ ਦੇ ਮੈਰੀਟੋਰੀਅਸ ਸਕੂਲ ਦੇ ਹਿੱਸੇ ਆਈਆਂ ਜਿਸ ਦੌਰਾਨ ਬਰਾਬਰ 495 ਅੰਕ ਲੈ ਕੇ ਮਨਦੀਪ ਕੌਰ ਪੁੱਤਰੀ ਪ੍ਰਿਥੀ ਸਿੰਘ ਅਤੇ ਸਿਮਰਨਜੀਤ ਕੌਰ ਪੁੱਤਰ ਸਤਿਨਾਮ ਸਿੰਘ ਨੇ ਪਟਿਆਲਾ ਜ਼ਿਲ੍ਹੇ ਵਿੱਚੋਂ ਦੂਜਾ ਤੇ ਪੰਜਾਬ ਵਿੱਚੋਂ 6ਵਾਂ ਸਥਾਨ ਪਾਇਆ ਹੈ। ਇਸੇ ਸਕੂਲ ਦੀਆਂ ਵਿਦਿਆਰਥਣਾ ਜਸਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਨੇ 494 ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਤੀਜਾ ਅਤੇ ਪੰਜਾਬ ਭਰ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈੇ।
ਇਸੇ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੋਹਰੀ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾ ਸਮੇਤ ਉਨ੍ਹਾਂ ਦੇ ਮਾਪਿਆਂ ਤੇ ਖਾਸ ਕਰਕੇ ਉਨ੍ਹਾਂ ਦੇ ਸਕੂਲਾਂ ਦੇ ਸਟਾਫ ਤੇ ਪ੍ਰਬੰਧਕਾਂ ਨੂੰ ਵੀ ਵਧਾਈ ਦਿਤੀ ਹੈ।
ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੇ ਦੋਵੇਂ ਹਲਕਿਆਂ ਦੇ ਵਿਧਾਇਕਾਂ ਡਾ. ਬਲਬੀਰ ਸਿੰਘ (ਸਿਹਤ ਮੰਤਰੀ) ਅਤੇ ਅਜੀਤਪਾਲ ਸਿੰਘ ਕੋਹਲੀ ਨੇ ਵੀ ਪਟਿਆਲਾ ਜਿਲ੍ਹੇ ਦੀ ਵਧੀਆ ਕਾਰਗੁਜਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ, ਮੋਹਰੀ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਵਧਾਈ ਦਿਤੀ ਹੈ। ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲ ਪਟਿਆਲਾ ਦੇ 20 ਬੱਚੇ ਮੈਰਿਟ ਲਿਸਟ ’ਚ ਆਏ ਹਨ।

Advertisement

ਮੈਰੀਟੋਰੀਅਸ ਸਕੂਲ ਘਾਬਦਾਂ ਦਾ ਕਮਲਪ੍ਰੀਤ ਤੇ ਸ਼ਹੀਦ ਊਧਮ ਸਿੰਘ ਸਕੂਲ ਦੀ ਚਾਹਤ ਜ਼ਿਲ੍ਹੇ ਭਰ ਵਿੱਚੋਂ ਮੋਹਰੀ

ਕਮਲਪ੍ਰੀਤ ਸਿੰਘ, ਚਾਹਤ

ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਵਿੱਚ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਦੇ ਵਿਦਿਆਰਥੀ ਕਮਲਪ੍ਰੀਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੀ ਵਿਦਿਆਰਥਣ ਚਾਹਤ ਵਰਮਾ ਨੇ 492 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋ ਨੌਵਾਂ ਅਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੇ ਕੁੱਲ 11 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜਿਨ੍ਹਾਂ ’ਚੋਂ ਤਿੰਨ ਲੜਕੇ ਅਤੇ 8 ਲੜਕੀਆਂ ਸ਼ਾਮਲ ਹਨ। ਜ਼ਿਲ੍ਹਾ ਸੰਗਰੂਰ ਦੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂੰਡੀਆਂ ਦੀ ਮਨਪ੍ਰੀਤ ਕੌਰ ਨੇ ਪੰਜਾਬ ’ਚੋਂ 11ਵਾਂ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਦੀ ਹਰਪ੍ਰੀਤ ਕੌਰ ਨੇ ਪੰਜਾਬ ’ਚੋਂ 13ਵਾਂ, ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੀ ਵਿਦਿਆਰਥਣ ਪਾਇਲ ਨੇ ਪੰਜਾਬ ’ਚੋਂ 13ਵਾਂ, ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਹਰਮਨਦੀਪ ਕੌਰ ਨੇ ਪੰਜਾਬ ’ਚੋਂ 13ਵਾਂ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਦੀ ਅਰਸ਼ਪ੍ਰੀਤ ਕੌਰ ਨੇ ਪੰਜਾਬ ’ਚੋਂ 14ਵਾਂ, ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਦੀ ਦਿਲਪ੍ਰੀਤ ਕੌਰ ਨੇ ਪੰਜਾਬ ’ਚੋਂ 14ਵਾਂ, ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਜਸ਼ਨਦੀਪ ਕੌਰ ਨੇ 14ਵਾਂ, ਗਵਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਸੁਖਬੀਰ ਸਿੰਘ ਨੇ ਪੰਜਾਬ ’ਚੋਂ 14ਵਾਂ ਅਤੇ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੇ ਕੇਸ਼ਵ ਸਿੰਘ ਨੇ ਪੰਜਾਬ ’ਚੋਂ 14ਵਾਂ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਸੰਗਰੂਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਕਮਲਪ੍ਰੀਤ ਸਿੰਘ ਸੀ.ਏ ਬਣਨਾ ਚਾਹੁੰਦਾ ਹੈ। ਕਮਲਪ੍ਰੀਤ ਸਿੰਘ ਦੇ ਪਿਤਾ ਭਗਵਾਨ ਸਿੰਘ ਸਿਰਫ਼ ਡੇਢ ਏਕੜ ਜ਼ਮੀਨ ਪਰ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰਿਵਾਰ ਨੂੰ ਉਮੀਦ ਹੈ ਕਿ ਕਮਲਪ੍ਰੀਤ ਇੱਕ ਦਿਨ ਬੁਲੰਦੀਆਂ ਹਾਸਲ ਕਰੇਗਾ। ਜ਼ਿਲ੍ਹੇ ’ਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਚਾਹਤ ਆਈ.ਏ.ਐਸ. ਅਧਿਕਾਰੀ ਬਣਨਾ ਚਾਹੁੰਦੀ ਹੈ।

ਸੂਬੇ ਭਰ ਵਿੱਚੋਂ 63ਵੇਂ ਸਥਾਨ ’ਤੇ ਰਿਹਾ ਹਰਮਨ ਸਿੰਘ

ਸਮਾਣਾ (ਅਸ਼ਵਨੀ ਗਰਗ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਦੇ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀ ਹਰਮਨ ਸਿੰਘ ਨੇ ਕੁੱਲ 500 ਅੰਕਾਂ ਵਿੱਚੋਂ 492 ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚੋਂ 63ਵਾਂ ਸਥਾਨ ਹਾਸਲ ਕੀਤਾ ਹੈ। ਹਰਮਨ ਨੇ ਦੱਸਿਆ ਕਿ ਉਹ ਅੱਗੇ ਲਾਅ ਦੀ ਪੜ੍ਹਾਈ ਦੇ ਨਾਲ ਨਾਲ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਹੈ। ਉਸਨੇ ਦੱਸਿਆ ਕਿ ਉਸਨੇ ਹੁਣ ਤੱਕ ਆਪਣੀ ਪੜ੍ਹਾਈ ਬਿਨਾਂ ਕਿਸੇ ਕੋਚਿੰਗ ਤੋਂ ਕੀਤੀ ਹੈ ਕਿਉਂਕਿ ਉਸਦੇ ਮਾਤਾ ਪਿਤਾ ਕਾਫ਼ੀ ਗਰੀਬ ਹਨ ਤੇ ਉਹ ਤਿੰਨ ਭੈਣ ਭਰਾ ਹਨ।

Advertisement
Author Image

Advertisement
Advertisement
×