ਪੱਕ ਪਈਆਂ ਕਣਕਾਂ ਲੁਕਾਟ ਰੱਸਿਆ...
ਸੁਖਪਾਲ ਸਿੰਘ ਗਿੱਲ
ਪ੍ਰਕਿਰਤੀ ਅਤੇ ਫ਼ਸਲਾਂ ਨੂੰ ਵੱਧ ਪਿਆਰ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਉਨ੍ਹਾਂ ਦਾ ਕੁਦਰਤ ਦਾ ਅਨੁਭਵ ਹੀ ਨਿਵੇਕਲਾ ਹੈ, ਇਸੇ ਲਈ ਉਨ੍ਹਾਂ ਨੇ ਸਾਰੇ ਬ੍ਰਹਿਮੰਡ ਨੂੰ ਕੁਦਰਤ ਮੰਨਿਆ ਅਤੇ ਉਨ੍ਹਾਂ ਨੇ ਸਾਰੀਆਂ ਫ਼ਸਲਾਂ ਵਿੱਚ ਕਾਦਰ ਨੂੰ ਵਿਆਪਕ ਸਮਝਿਆ। ਇਸੇ ਲਈ ਉਨ੍ਹਾਂ ਰਚਿਆ ਸੀ: ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨ ਜਾਈ ਲਖਿਆ।। ਕਰਤਾਰਪੁਰ ਦੀ ਖੇਤੀ ਤੋਂ ਬਾਅਦ ਖੇਤੀ ਦੀ ਜੋ ਲੜੀ ਚੱਲੀ, ਉਹ ਪੰਜਾਬ ਵਿੱਚ ਅੱਜ ਵੀ ਲਹਿਰਾ ਰਹੀ ਹੈ। ਇਸ ਦੀ ਮੁੱਖ ਫ਼ਸਲ ਹਾੜ੍ਹੀ ਦੀ ਕਣਕ ਹੈ। ਛਿਮਾਹੀ ਦੀ ਉਡੀਕ ਤੋਂ ਬਾਅਦ ਪੱਕੀ ਕਣਕ ਪੰਜਾਬੀਆਂ ਦੇ ਸੁਪਨੇ ਪੂਰੇ ਕਰਨ ਦਾ ਸਾਧਨ ਬਣਦੀ ਹੈ।
ਕਣਕ ਦਾ ਪੰਜਾਬੀ ਕਿਸਾਨ ਅਤੇ ਵਿਸਾਖੀ ਨਾਲ ਗੂੜ੍ਹਾ ਸਬੰਧ ਹੈ। ਇਹ ਇੱਕ ਦੂਜੇ ਤੋਂ ਬਿਨਾਂ ਅਧੂਰੇ ਲੱਗਦੇ ਹਨ। ਕਣਕ ਦੀ ਫ਼ਸਲ ਹਰੀ ਤੋਂ ਸੁਨਹਿਰੀ ਹੋਣ ਦੇ ਨਾਲ ਨਾਲ ਦਾਤੀ ਨੂੰ ਘੁੰਗਰੂ ਲੱਗ ਜਾਂਦੇ ਹਨ। ਅੱਜ ਦੇ ਸਮੇਂ ਗਹੁ ਨਾਲ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਅਤੀਤ ਦੇ ਪਰਛਾਵੇਂ ਨਜ਼ਰ ਆਉਂਦੇ ਹਨ ਪਰ ਆਪਣੀ ਆਦਤ ਅਨੁਸਾਰ ਪੰਜਾਬੀ ਪਰਿਵਾਰਾਂ ਦੇ ਬੂਹੇ ’ਤੇ ਵਿਸਾਖੀ ਦਾ ਮੇਲਾ ਆਪਣੀ ਅਲਖ ਜਗਾਉਣ ਜਾਂਦਾ ਹੈ। ਪਹਿਲੇ ਸਮੇਂ ਵਿੱਚ ਕਣਕ ਬਿਨਾਂ ਪਾਣੀ ਤੇ ਖਾਦ ਤੋਂ ਮਾਰੂ ਹੁੰਦੀ ਸੀ। ਇਸ ਲਈ ਪੰਜਾਬੀ ਲੋਕ ਕਣਕ ਛੇਤੀ ਛੇਤੀ ਵੱਢ ਕੇ ਵਿਸਾਖੀ ਦੇ ਮੇਲੇ ’ਤੇ ਜਾਣ ਦੀ ਤਿਆਰੀ ਕਰਦੇ ਸਨ। ਇਸ ਲਈ ਲਾਲਾ ਧਨੀ ਰਾਮ ਚਾਤ੍ਰਿਕ ਨੇ ਇਉਂ ਨਜ਼ਾਰਾ ਪੇਸ਼ ਕੀਤਾ ਹੈ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ
ਮਾਲ ਧੰਦਾ ਸਾਂਭਣੇ ਨੂੰ ਕਾਮਾ ਛੱਡ ਕੇ
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਹਾੜ੍ਹੀ ਦੀ ਰਾਣੀ ਕਣਕ ਕਿਸਾਨ ਨੂੰ ਗੁਰਬਤ ਵਿੱਚੋਂ ਨਿਕਲਣ ਦਾ ਸੁਨੇਹਾ ਦਿੰਦੀ ਹੋਈ ਆਪਣੇ ਪਰਿਵਾਰ ਦਾ ਚਾਅ ਮਲਾਰ ਪੂਰਾ ਕਰਨ ਲਈ ਹੱਲਾਸ਼ੇਰੀ ਦਿੰਦੀ ਹੈ। ਇਸ ਨਾਲ ਕਿਸਾਨ ਦਾ ਆਰਥਿਕ ਪੱਖ ਬਹੁਤ ਗੁੜ੍ਹਾ ਸਬੰਧ ਰੱਖਦਾ ਹੈ। ਹਰੀ ਕ੍ਰਾਂਤੀ ਤੋਂ ਬਾਅਦ ਕਣਕ ਦੀ ਫ਼ਸਲ ਅਤੇ ਝਾੜ ਨੇ ਵਾਰੇ ਨਿਆਰੇ ਸ਼ੁਰੂ ਕੀਤੇ। ਇਸ ਨਾਲ ਪੰਜਾਬੀਆਂ ਨੂੰ ਜਗੀਰਦਾਰੀ ਅਨੁਭਵ ਵੀ ਹੋਣ ਲੱਗਾ। ਕਿਸਾਨ ਦੇ ਮਿਹਨਤੀ ਸੁਭਾਅ ਨੂੰ ਗ੍ਰਹਿਣ ਵੀ ਲੱਗਿਆ। ਪਰਵਾਸੀ ਮਜ਼ਦੂਰਾਂ ਦੀ ਆਮਦ ਕਾਰਨ ਪੰਜਾਬ ਦੇ ਕਿਸਾਨੀ ਸੱਭਿਆਚਾਰ ਨੂੰ ਸੱਟ ਵੱਜੀ ਹੈ। ਮਸ਼ੀਨੀ ਯੁੱਗ ਕਾਰਨ ਵੀ ਪੱਕੀ ਸੁਨਹਿਰੀ ਕਣਕ ਰਾਤ ਨੂੰ ਕੱਟ ਕੇ ਸਵੇਰੇ ਖੇਤ ਰੜਾ ਮੈਦਾਨ ਹੋ ਜਾਂਦਾ ਹੈ। ਕਣਕ ਅਤੇ ਹੋਰ ਫ਼ਸਲਾਂ ਰੁੱਤਾਂ ਅਨੁਸਾਰ ਆਉਂਦੀਆਂ-ਜਾਂਦੀਆਂ ਪੰਜਾਬੀਆਂ ਨੂੰ ਹੁਲਾਰੇ ਦਿੰਦੀਆਂ ਰਹਿੰਦੀਆਂ ਹਨ। ਇਸੇ ਲਈ ਘਰੇਲੂ ਨੋਕ-ਝੋਕ ਵਿੱਚ ਵੀ ਕਣਕ ਮੌਜੂਦ ਰਹਿੰਦੀ ਹੈ:
ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓਂ ਬਹਿੰਦੀ
ਮੇਰੀ ਕਣਕ ਮੋਤੀਆਂ ਵਰਗੀ, ਨੀਂ ਤੇਰੇ ਪੈਰੀਂ ਪੈਂਦੀ।
ਕਣਕ ਸਾਡੇ ਗੌਰਵਮਈ ਵਿਰਸੇ ਵਿੱਚ ਵਿਰਾਸਤੀ ਖੁਸ਼ਬੂ ਖਿਲਾਰਦੀ ਹੈ। ਇਹ ਸਾਡੀ ਆਰਥਿਕ ਖੁਸ਼ਹਾਲੀ ਦਾ ਮੁੱਖ ਸਰੋਤ ਵੀ ਹੈ। ਪਰਿਵਾਰ ਦਾ ਲੂਣ ਮਿਰਚ, ਝੱਗਾ-ਚਾਦਰਾ ਅਤੇ ਬੱਚਿਆਂ ਦਾ ਭਵਿੱਖ ਕਣਕ ਦੀ ਆਮਦ ਦੀ ਉਡੀਕ ਵਿੱਚ ਰਹਿੰਦਾ ਹੈ। ਸੁਨਹਿਰੀ ਹੁੰਦੀ ਕਣਕ ਦੇ ਨਾਲ ਨਾਲ ਬਾਕੀ ਬਨਸਪਤੀ ਵੀ ਪੂੰਗਰਦੀ ਹੈ ਜਿਸ ਨਾਲ ਕੁਦਰਤ ਦਾ ਸਮਤੋਲ ਬਣਿਆ ਰਹਿੰਦਾ ਹੈ। ਪੰਜਾਬੀ ਸਾਹਿਤ ਦੀ ਵੰਨਗੀ ਵਿੱਚ ਪੱਕੀ ਕਣਕ ਇਉਂ ਗੂੰਜਦੀ ਹੈ:
ਪੱਕ ਪਈਆਂ ਕਣਕਾਂ ਲੁਕਾਟ ਰੱਸਿਆ
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ
ਜਦੋਂ ਕਣਕ ਨਿਸਰਨੀ ਸ਼ੁਰੂ ਹੋ ਜਾਂਦੀ ਹੈ ਤਾਂ ਕਿਸਾਨ ਦੀਆਂ ਸੱਧਰਾਂ ਅਤੇ ਅਰਮਾਨ ਵੀ ਜਵਾਨ ਹੋਣ ਲੱਗਦੇ ਹਨ। ਪੱਕੀ ਕਣਕ ਦੀ ਰਾਖੀ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਕਿਸਾਨ ਦੀ ਪਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ। ਇਸ ’ਤੇ ਕਿਸਾਨ ਦੇ ਨਾਲ ਨਾਲ ਆੜ੍ਹਤੀ ਦਾ ਦਾਰੋਮਦਾਰ ਵੀ ਟਿਕਿਆ ਹੈ। ਕਿਸਾਨ ਅਤੇ ਆੜ੍ਹਤੀ ਆਪਣੇ ਰਿਸ਼ਤੇ ਕਾਰਨ ਪੱਕੀ ਕਣਕ ਨੂੰ ਸਾਂਭਣ ਲਈ ਇੱਕ ਸੁਰ ਹੁੰਦੇ ਹਨ। ਅੱਜ ਪੰਜਾਬੀ ਕਿਸਾਨ ਆਪਣੀ ਪੱਕੀ ਕਣਕ ਨੂੰ ਦੇਖ ਕੇ ਪੱਬਾਂ ਭਾਰ ਹੋਇਆ ਛਿਮਾਹੀ ਦੇ ਸੁਪਨੇ ਸਿਰਜਦਾ ਹੋਇਆ ਖ਼ੁਸ਼ ਨਜ਼ਰ ਆ ਰਿਹਾ ਹੈ ਪਰ ਇਸ ’ਤੇ ਮੌਸਮ ਦੀ ਮਾਰ ਜ਼ਰੂਰ ਪੈਂਦੀ ਹੈ ਜੋ ਕਿਸਾਨ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੰਦੀ ਹੈ। ਜਦੋਂ ਸੁੱਖੀ ਸਾਂਦੀ ਕਣਕ ਦੀ ਵਾਢੀ ਅਤੇ ਆਮਦ ਘਰੇ ਹੋ ਜਾਂਦੀ ਹੈ ਤਾਂ ਜੱਟੀ ਦੇ ਅਰਮਾਨ ਵੀ ਉਛਾਲੇ ਮਾਰਦੇ ਹਨ:
ਕਣਕਾਂ ਦੇ ਮੂੰਹ ਆ ਗਈ ਲਾਲੀ, ਖ਼ੁਸ਼ੀਆਂ ਭਰੇ ਕਿਆਰੇ
ਭੰਗੜਾ ਪਾ ਮੁੰਡਿਆ, ਤੈਨੂੰ ਕਣਕ ਸੈਨਤਾਂ ਮਾਰੇ।
ਪੰਜਾਬੀਆਂ ਨਾਲ ਫ਼ਸਲ ਦਾ ਰੂਹ ਵਰਗਾ ਸੁਮੇਲ ਲੱਗਦਾ ਹੈ। ਕਣਕ ਦਾ ਹੋਰ ਵੀ ਪੰਜਾਬੀ ਕਿਸਾਨ ਦੇ ਰੂਹ ਵਿੱਚ ਰਮੀ ਹੋਈ ਹੈ ਕਿਉਂਕਿ ਇਸ ਫ਼ਸਲ ਨੇ ਕੇਂਦਰੀ ਪੂਲ ਵਿੱਚ ਪੰਜਾਬ ਦੀ ਪ੍ਰਧਾਨਤਾ ਸਥਾਪਤ ਕੀਤੀ ਹੋਈ ਹੈ। ਸਾਹਿਤ ਨੂੰ ਵੀ ਫ਼ਸਲਾਂ ਤੋਂ ਹੁਲਾਰੇ ਮਿਲੇ ਹਨ। ਇਸੇ ਲਈ ਪ੍ਰਚੱਲਿਤ ਕਹਾਵਤ ਵੀ ਘੜੀ ਹੋਈ ਹੈ। ਜਦੋਂ ਕਣਕ ਨੂੰ ਮੌਸਮੀ ਮਾਰ ਪੈਂਦੀ ਹੈ ਤਾਂ ਜ਼ੁਬਾਨ ’ਤੇ ਆਪਣੇ ਆਪ ਆ ਜਾਂਦਾ ਹੈ ‘ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ, ਰੁੱਤ ਬੇਈਮਾਨ ਹੋ ਗਈ।’ ਭਾਰਤ ਵਿੱਚ 13% ਫ਼ਸਲੀ ਖੇਤਰਾਂ ਵਿੱਚ ਕਣਕ ਉਗਾਈ ਜਾਂਦੀ ਹੈ ਜਿਸ ਦਾ ਸਿਹਰਾ ਪੰਜਾਬ ਸਿਰ ਹੈ। ਕਣਕ ਦੇ ਭਰੇ ਭੰਡਾਰ ਪੰਜਾਬ ਦੀ ਖ਼ੁਸ਼ਹਾਲੀ ਦੇ ਪ੍ਰਤੀਕ ਹਨ ਅਤੇ ਕਰੋੜਾਂ ਲੋਕਾਂ ਨੂੰ ਰੋਜ਼ੀ-ਰੋਟੀ ਦਿੰਦੇ ਹਨ। ਇਸ ਨੂੰ ਨਸੀਬਾਂ ਵਾਲੇ ਹੀ ਨਹੀਂ ਸਗੋਂ ਸਾਰੇ ਖਾ ਸਕਦੇ ਹਨ। ਪੰਜਾਬੀਆਂ ਦੀ ਇਹ ਫ਼ਸਲ ਰੂਹੇ-ਰਵਾਂ ਹੈ।
ਸੰਪਰਕ: 98781-11445