ਰਿੰਕੂ ਤੇ ਅੰਗੁਰਾਲ ਭਾਜਪਾ ’ਚ ਸ਼ਾਮਲ
* ਜਲੰਧਰ ਵਿਚ ‘ਆਪ’ ਨੂੰ ਦੋਹਰਾ ਝਟਕਾ
* ਰਿੰਕੂ ਨੇ ਖ਼ੁਦ ਨੂੰ ਮੋਦੀ ਤੇ ਸ਼ਾਹ ਦੀ ਕੰਮ ਕਰਨ ਦੀ ਸ਼ੈਲੀ ਦਾ ਕਾਇਲ ਦੱਸਿਆ
* ਪੰਜਾਬ ਦਾ ਆਬਕਾਰੀ ਨੀਤੀ ਘੁਟਾਲਾ ਦਿੱਲੀ ਨਾਲੋਂ ਕਿਤੇ ਵੱਡਾ: ਜਾਖੜ
ਨਵੀਂ ਦਿੱਲੀ, 27 ਮਾਰਚ
ਆਮ ਆਦਮੀ ਪਾਰਟੀ ਦੇ ਇਕੋ-ਇਕ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਅੰਗੁਰਾਲ ਨੇ 2022 ਦੀਆਂ ਅਸੈਂਬਲੀ ਚੋਣਾਂ ਵਿਚ ਇਸੇ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ। ਸ਼ਰਾਬ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਪਹਿਲਾਂ ਹੀ ਸੰਕਟ ਵਿਚ ਘਿਰੀ ‘ਆਪ’ ਲਈ ਇਹ ਵੱਡਾ ਝਟਕਾ ਹੈ। ਜਲੰਧਰ ਤੋਂ ਸੰਸਦ ਮੈਂਬਰ ਰਿੰਕੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਵਿਚ ਮਦਦ ਨਾ ਕੀਤੇ ਜਾਣ ਦਾ ਦੋਸ਼ ਲਾਇਆ। ਰਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਕਰਕੇ ਉਹ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦਾ ਆਬਕਾਰੀ ਨੀਤੀ ਘੁਟਾਲਾ ਦਿੱਲੀ ਨਾਲੋਂ ਕਿਤੇ ਵੱਡਾ ਹੈ। ਰਿੰਕੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੰਮ ਕਰਨ ਦੀ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਜਲੰਧਰ ਵਿਚ ਨਵੀਆਂ ਰੇਲ ਗੱਡੀਆਂ ਤੇ ਹਵਾਈ ਸੇਵਾਵਾਂ ਨੂੰ ਹੁਲਾਰੇ ਸਣੇ ਸ਼ੁਰੂ ਕੀਤੇ ਹੋਰਨਾਂ ਵਿਕਾਸ ਕਾਰਜਾਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ। ਰਿੰਕੂ ਨੇ ਭਾਜਪਾ ਵਿਚ ਰਸਮੀ ਦਾਖਲੇ ਲਈ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ। ਮੈਂ ਜਲੰਧਰ ਦੀ ਬਿਹਤਰੀ ਲਈ ਨਵਾਂ ਤਜਰਬਾ ਕਰ ਰਿਹਾ ਹਾਂ।’’ ਰਿੰਕੂ ਤੇ ਅੰਗੁਰਾਲ, ਜੋ ਜਲੰਧਰ ਪੱਛਮੀ ਤੋਂ ਪੰਜਾਬ ਅਸੈਂਬਲੀ ਲਈ ਚੁਣੇ ਗਏ ਸਨ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਲ ਹੋਏ।
ਸੁਸ਼ੀਲ ਰਿੰਕੂ ਪਿਛਲੇ ਸਾਲ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਲਈ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸੀ। ਸੰਸਦ ਮੈਂਬਰ ਵਜੋਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਰਿੰਕੂ ਅਕਸਰ ਹੇਠਲੇ ਸਦਨ ਵਿਚ ਭਾਜਪਾ ਦੀ ਨੁਕਤਾਚੀਨੀ ਕਰਦੇ ਰਹੇ ਹਨ। ਸੰਸਦੀ ਇਜਲਾਸ ਦੌਰਾਨ ਪਾਏ ਰੌਲੇ-ਰੱਪੇ ਲਈ ਰਿੰਕੂ ਨੂੰ ਲੋਕ ਸਭਾ ਵਿਚੋਂ ਮੁਅੱਤਲ ਵੀ ਕੀਤਾ ਗਿਆ ਸੀ। ਭਾਜਪਾ ਅਗਾਮੀ ਲੋਕ ਸਭਾ ਚੋਣਾਂ ਵਿਚ ਰਿੰਕੂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ਕਿਉਂਕਿ ਪਾਰਟੀ ਨੇ ਪੰਜਾਬ ਵਿਚ ਮਜ਼ਬੂਤ ਤਾਕਤ ਵਜੋਂ ਉਭਰਨ ਲਈ ਸੂਬੇ ਵਿਚ ਕਈ ਸਿਆਸੀ ਪਾਰਟੀਆਂ ਦੇ ਪ੍ਰਭਾਵਸ਼ਾਲੀ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ। ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਹਨ।
ਹਰਦੀਪ ਪੁਰੀ ਤੇ ਵਿਨੋਦ ਤਾਵੜੇ ਨੇ ਕਿਹਾ ਕਿ ‘ਆਪ’ ਆਗੂਆਂ ਦੀ ਸ਼ਮੂਲੀਅਤ ਨਾਲ ਭਾਜਪਾ, ਜਿਸ ਨੇ ਲੰਘੇ ਦਿਨੀਂ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਨੂੰ ਹੁਲਾਰਾ ਮਿਲੇਗਾ। ਪੰਜਾਬ ਵਿਚ ਐਤਕੀਂ ਚਹੁੰਕੋਣਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਵਿਚ ਭਾਜਪਾ ਤੋਂ ਇਲਾਵਾ ‘ਆਪ’, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤਿੰਨ ਹੋਰ ਪ੍ਰਮੁੱਖ ਪਾਰਟੀਆਂ ਹਨ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ਨੂੰ ਭੰਡਦੇ ਹੋਏ ਕਿਹਾ ਕਿ ਪੰਜਾਬ ਦਾ ਆਬਕਾਰੀ ਨੀਤੀ ਘੁਟਾਲਾ ਦਿੱਲੀ ਨਾਲੋਂ ਕਿਤੇ ਵੱਡਾ ਹੈ। ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਉਣ ਵਿਚ ਨਾਕਾਮ ਰਹੀ ਹੈ। ਜਾਖੜ ਨੇ ਕਿਹਾ ਕਿ ਰਿੰਕੂ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਲੋਕ ਸਭਾ ਤੇ ‘ਆਪ’ ਵਿਚੋਂ ਅਸਤੀਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ਅੰਗੁਰਾਲ ਨੇ ‘ਆਪ’ ਛੱਡ ਦਿੱਤੀ ਹੈ ਤੇ ਉਹ ਵੀ ਅਸੈਂਬਲੀ ’ਚੋਂ ਆਪਣਾ ਅਸਤੀਫ਼ਾ ਦੇਣਗੇ। ਪੰਜਾਬ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਬਿੱਟੂ ਨੇ ਜ਼ੋਰ ਦੇ ਕੇ ਆਖਿਆ ਸੀ ਕਿ ਲੋਕ ਨਰਿੰਦਰ ਮੋਦੀ ਨੂੰ ਮੁੜ ਸੱਤਾ ਵਿਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਕ ਬੇਅੰਤ ਸਿੰਘ ਦੇ ਪੋਤਰੇ ਹਨ।
ਨਵੀਂ ਦਿੱਲੀ (ਪੱਤਰ ਪ੍ਰੇਰਕ): ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਨੇ ਅੱਜ ਇਥੇ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਤਰੁਣ ਚੁੱਘ ਨੇ ਦੱਸਿਆ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ ਤੇ ਭਾਜਪਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ। -ਪੀਟੀਆਈ
ਜਲੰਧਰ ਦੇ ਲੋਕ ਗੱਦਾਰ ਦਾ ਸਾਥ ਨਹੀਂ ਦੇਣਗੇ: ਭਗਵੰਤ ਮਾਨ
ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਸਬੰਧੀ ਪਟੀਸ਼ਨ ’ਤੇ ਭਲਕੇ 28 ਮਾਰਚ ਨੂੰ ਸੁਣਵਾਈ ਕਰੇਗਾ। ਜਸਟਿਸ ਮਨਮੋਹਨ ਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੇ ਬੈਂਚ ਨੇ ਮਾਮਲੇ ਨੂੰ ਭਲਕੇ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਇਸ ਸਬੰਧੀ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ 21 ਮਾਰਚ ਨੂੰ ਵੱਖ ਵੱਖ ਚੈਨਲਾਂ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਸੀ ਕਿ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਜੇਕਰ ਲੋੜ ਪਈ ਤਾਂ ਜੇਲ੍ਹ ’ਚੋਂ ਸਰਕਾਰ ਚਲਾਉਣਗੇ। -ਏਐੱਨਆਈ