ਦੂਜੇ ਸੂਬਿਆਂ ’ਚ ਜਾਣ ਵਾਲੇ ਚੌਲਾਂ ਦੀ ਹੋਵੇਗੀ ਦੋਹਰੀ ਜਾਂਚ
ਚਰਨਜੀਤ ਭੁੱਲਰ
ਚੰਡੀਗੜ੍ਹ, 21 ਨਵੰਬਰ
ਹੋਰ ਸੂਬਿਆਂ ਨੂੰ ਪੰਜਾਬ ਤੋਂ ਜਾਣ ਵਾਲੇ ਚੌਲਾਂ ਦੀ ਹੁਣ ਦੋਹਰੀ ਜਾਂਚ ਹੋਵੇਗੀ ਜਿਸ ਵਾਸਤੇ ਸਪੈਸ਼ਲ ਟੀਮਾਂ ਤਾਇਨਾਤ ਹੋਣਗੀਆਂ। ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਨੇ ਹੋਰ ਸੂਬਿਆਂ ’ਚ ਭੇਜੇ ਚੌਲਾਂ ਦੀ ਗੁਣਵੱਤਾ ’ਤੇ ਉੱਠੀ ਉਂਗਲ ਦੇ ਮੱਦੇਨਜ਼ਰ ਦੋਹਰੀ ਜਾਂਚ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ। ਨਿਗਮ ਦੇ ਸਥਾਨਕ ਅਫ਼ਸਰ ਤਾਂ ਪਹਿਲਾਂ ਹੀ ਚੌਲਾਂ ਦੇ ਭੰਡਾਰਨ ਮੌਕੇ ਜਾਂਚ ਕਰਦੇ ਹਨ। ਇਸ ਤੋਂ ਇਲਾਵਾ ਹੁਣ ਸਪੈਸ਼ਲ ਟੀਮਾਂ ਵੱਲੋਂ ਵੀ ਜਾਂਚ ਕੀਤੀ ਜਾਵੇਗੀ। ਮਤਲਬ ਸਾਫ਼ ਹੈ ਕਿ ਜੋ ਵੀ ਚੌਲ ਹੁਣ ਪੰਜਾਬ ਤੋਂ ਹੋਰ ਰਾਜਾਂ ਨੂੰ ਜਾਏਗਾ, ਉਸ ਨੂੰ ਦੋਹਰੀ ਜਾਂਚ ਵਿਚੋਂ ਦੀ ਗੁਜ਼ਰਨਾ ਹੋਵੇਗਾ।
ਪਿਛਲੇ ਮਹੀਨੇ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਤਿੰਨ ਸੂਬਿਆਂ ਨੂੰ ਗਏ ਚੌਲਾਂ ਦੀ ਗੁਣਵੱਤਾ ਨੂੰ ਲੈ ਕੇ ਸੁਆਲ ਉੱਠੇ ਸਨ। ਨਾਗਾਲੈਂਡ, ਕਰਨਾਟਕ ਅਤੇ ਅਰੁਣਾਚਲ ਪ੍ਰਦੇਸ਼ ਵਿਚ ਜਦੋਂ ਪੰਜਾਬ ਦੇ ਚੌਲਾਂ ਦੇ ਨਮੂਨੇ ਲਏ ਗਏ ਤਾਂ ਉਹ ਫ਼ੇਲ੍ਹ ਹੋ ਗਏ ਸਨ। ਪੰਜਾਬ ਤੋਂ ਅਰੁਣਾਚਲ ਪ੍ਰਦੇਸ਼ ਅਤੇ ਕਰਨਾਟਕ ’ਚ ਭੇਜੇ ਗਏ ਚੌਲਾਂ ਨੂੰ ਮਨੁੱਖੀ ਵਰਤੋਂ ਦੇ ਅਯੋਗ ਪਾਇਆ ਗਿਆ ਸੀ। ਪੰਜਾਬ ਨੇ ਇਸ ਨੂੰ ਸਾਜ਼ਿਸ਼ ਦਾ ਹਿੱਸਾ ਦੱਸਿਆ ਸੀ ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਕਈ ਅੜਿੱਕੇ ਬਣੇ ਹੋਏ ਸਨ। ਕੇਂਦਰੀ ਖ਼ੁਰਾਕ ਨਿਗਮ ਦੇ ਤਾਜ਼ਾ ਫ਼ੈਸਲੇ ਅਨੁਸਾਰ ਹੁਣ ਅੱਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਟੀਮ ਵਿਚ ਤਿੰਨ-ਤਿੰਨ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਕੁਆਲਿਟੀ ਕੰਟਰੋਲ ਵਿੰਗ ਦੇ ਅਫ਼ਸਰਾਂ ਨੂੰ ਇਨ੍ਹਾਂ ਟੀਮਾਂ ਦਾ ਹਿੱਸਾ ਬਣਾਇਆ ਗਿਆ ਹੈ। ਕੇਂਦਰੀ ਏਜੰਸੀ ਦੀਆਂ ਇਹ ਟੀਮਾਂ ਪੰਜਾਬ ’ਚੋਂ ਹੋਰ ਰਾਜਾਂ ਨੂੰ ਜਾਣ ਵਾਲੇ ਚੌਲਾਂ ਦੀ ਗੁਣਵੱਤਾ ਦੀ ਜਾਂਚ ਕਰਨਗੀਆਂ। ਚੌਲ ਹੋਰ ਸੂਬਿਆਂ ਨੂੰ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਟੀਮਾਂ ਉਨ੍ਹਾਂ ਦੀ ਗੁਣਵੱਤਾ ਨੂੰ ਤਸਦੀਕ ਕਰਨਗੀਆਂ।
ਭਾਰਤੀ ਖ਼ੁਰਾਕ ਨਿਗਮ ਨੇ ਇਨ੍ਹਾਂ ਟੀਮਾਂ ਨੂੰ ਸੰਗਰੂਰ, ਮੋਗਾ, ਨਾਭਾ ਕੋਟਕਪੂਰਾ, ਬੁਢਲਾਡਾ, ਮੁੱਲਾਂਪੁਰ, ਕਪੂਰਥਲਾ ਅਤੇ ਫ਼ਿਰੋਜ਼ਪੁਰ ਆਦਿ ਤੋਂ ਭੇਜੇ ਜਾ ਰਹੇ ਚੌਲਾਂ ਦੀ ਜਾਂਚ ਕਰਨ ਵਾਸਤੇ ਕਿਹਾ ਹੈ। ਹਾਲਾਂਕਿ ਪੰਜਾਬ ਵਿਚ ਭੰਡਾਰ ਕੀਤੇ ਗਏ 113 ਲੱਖ ਮੀਟਰਿਕ ਟਨ ਚੌਲਾਂ ਦੀ ਡਵੀਜ਼ਨ ਪੱਧਰ ਦੀਆਂ ਸਥਾਨਕ ਟੀਮਾਂ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾਂਦੀ ਹੈ ਪ੍ਰੰਤੂ ਹੁਣ ਦੂਸਰੇ ਸੂਬਿਆਂ ਦੇ ਇਤਰਾਜ਼ ਮਗਰੋਂ ਪੰਜਾਬ ’ਚੋਂ ਜਾਣ ਵਾਲੇ ਚੌਲਾਂ ਦੀ ਦੋਹਰੀ ਜਾਂਚ ਹੋਵੇਗੀ। ਕੇਂਦਰੀ ਖ਼ੁਰਾਕ ਮੰਤਰਾਲੇ ਨੇ ਸੰਗਰੂਰ, ਸੁਨਾਮ, ਜਲੰਧਰ ਅਤੇ ਨਾਭਾ ਤੋਂ ਭੇਜੇ ਗਏ ਚੌਲਾਂ ਦੀ ਗੁਣਵੱਤਾ ਵਿੱਚ ਕਮੀ ਪਾਏ ਜਾਣ ਤੋਂ ਬਾਅਦ ਐੱਫਸੀਆਈ ਨੂੰ ਇਨ੍ਹਾਂ ਵਿੱਚ ਸਟੋਰ ਕੀਤੇ ਸਾਰੇ ਅਨਾਜਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕਿਹਾ ਸੀ। ਭਾਰਤੀ ਖ਼ੁਰਾਕ ਨਿਗਮ ਦੇ ਸਥਾਨਕ ਅਧਿਕਾਰੀ ਆਖਦੇ ਹਨ ਕਿ ਜਦੋਂ ਪੰਜਾਬ ’ਚੋਂ ਚੌਲ ਦੂਸਰੇ ਸੂਬਿਆਂ ਵਿਚ ਜਾਂਦੇ ਹਨ ਤਾਂ ਉਸ ਵਕਤ ਉਨ੍ਹਾਂ ਦੀ ਗੁਣਵੱਤਾ ਠੀਕ ਹੁੰਦੀ ਹੈ ਅਤੇ ਸਥਾਨਕ ਪੱਧਰ ’ਤੇ ਪਹਿਲਾਂ ਹੀ ਚੌਲਾਂ ਦੇ ਨਮੂਨੇ ਲੈ ਕੇ ਗੁਣਵੱਤਾ ਜਾਂਚੀ ਜਾਂਦੀ ਹੈ। ਇਹ ਵੀ ਤਰਕ ਦਿੱਤਾ ਗਿਆ ਕਿ ਚੌਲਾਂ ਦੀ ਢੋਆ-ਢੁਆਈ ਅਤੇ ਉਨ੍ਹਾਂ ਸੂਬਿਆਂ ਵਿਚ ਸਟੋਰ ਕੀਤੇ ਜਾਣ ਦੌਰਾਨ ਚੌਲਾਂ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।