ਰੀਆ ਕਪੂਰ ਨੇ ਸੈੱਟ ’ਤੇ ਪਿਜ਼ਾ ਪਾਰਟੀ ਦਾ ਵੀਡੀਓ ਕੀਤਾ ਸਾਂਝਾ
ਮੁੰਬਈ: ਨਿਰਮਾਤਾਵਾਂ ਵੱਲੋਂ ਫ਼ਿਲਮ ‘ਕਰਿਊ’ ਛੇਤੀ ਹੀ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਨਿਰਮਾਤਾ ਸਟਾਈਲਿਸਟ ਰੀਆ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ਫਿਲਮ ‘ਕਰਿਊ’ ਦੇ ਸੈੱਟ ’ਤੇ ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਦਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਦੋਵਾਂ ਨੂੰ ਸੈੱਟ ’ਤੇ ਪਿਜ਼ਾ ਪਾਰਟੀ ਦਾ ਆਨੰਦ ਲੈਂਦਿਆਂ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਰੀਨਾ, ਜੋ ਆਪਣੇ ਪਤੀ ਸੈਫ਼ ਅਲੀ ਖ਼ਾਨ, ਪੁੱਤਰਾਂ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਤਨਜ਼ਾਨੀਆ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੀ ਸੀ, ਨੇ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਫ਼ਿਲਮ ਵਿੱਚ ਤੱਬੂ, ਕਰੀਨਾ ਅਤੇ ਕ੍ਰਿਤੀ ਏਅਰ ਹੋਸਟੈੱਸ ਦੀਆਂ ਭੂਮਿਕਾਵਾਂ ਨਿਭਾ ਕਰ ਰਹੀਆਂ ਹਨ। ਫ਼ਿਲਮ ਵਿੱਚ ਹਵਾਈ ਉਡਾਣਾਂ ਲਈ ਰੱਖੀਆਂ ਮੂੰਗਫਲੀ ਦੀਆਂ ਪੇਟੀਆਂ ਚੋਰੀ ਕਰਕੇ ਹੋਰ ਪੈਸਾ ਕਮਾਉਣ ਦੀ ਯੋਜਨਾ ਬਣਾਉਣ ਤੱਕ, ਇਹ ਤਿੰਨੋਂ ਅਦਾਕਾਰਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਸਭ ਕੁਝ ਕਰਦੀਆਂ ਹਨ। ਬਾਲਾਜੀ ਟੈਲੀਫ਼ਿਲਮਜ਼ ਅਤੇ ਅਨਿਲ ਕਪੂਰ ਐਂਡ ਕਮਿਊਨੀਕੇਸ਼ਨ ਨੈਟਵਰਕ ਦੇ ਬੈਨਰ ਹੇਠ ਬਣੀ ਇਹ ਫ਼ਿਲਮ 29 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਪਹਿਲਾਂ ਇਹ ਫ਼ਿਲਮ 22 ਮਾਰਚ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਨਿਰਮਾਤਾਵਾਂ ਨੇ ਇਸ ਦੀ ਮਿਤੀ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। -ਏਐੱਨਆਈ