ਆਰਜੀ ਕਰ ਮਾਮਲਾ: ਦੁਰਗਾ ਪੂਜਾ ਦੇ ਤਿਉਹਾਰਾਂ ਦੌਰਾਨ ਵੀ ਡਾਕਟਰਾਂ ਵੱਲੋਂ ਮਰਨ ਵਰਤ ਜਾਰੀ
ਕੋਲਕਾਤਾ, 10 ਅਕਤੂਬਰ
Kolkata RG Kar Case: ਸਿੱਖਿਆਰਥੀ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਮਾਮਲੇ ਵਿਚ ਅੰਦੋਲਨ ਕਰ ਰਹੇ ਜੂਨੀਅਰ ਡਾਕਟਰਾਂ ਨੇ ਵੱਲੋਂ ਵੀਰਵਾਰ ਨੂੰ ਪੰਜਵੇਂ ਦਿਨ ਵੀ ਮਰਨ ਵਰਤ ਜਾਰੀ ਰੱਖਿਆ ਗਿਆ ਹੈ। ਸਵੇਰੇ 9.30 ਵਜੇ ਵੱਖ-ਵੱਖ ਮੈਡੀਕਲ ਕਾਲਜਾਂ ਦੇ 9 ਜੂਨੀਅਰ ਡਾਕਟਰਾਂ ਦਾ ਮਰਨ ਵਰਤ 108ਵੇਂ ਘੰਟੇ ਵਿੱਚ ਦਾਖਲ ਹੋ ਗਿਆ। ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਸ਼ਾਮ ਨੂੰ ਕੋਲਕਾਤਾ ਦੇ ਵਿੱਚ ਧਰਮਤਲਾ ਵਿੱਚ ਡੋਰੀਨਾ ਕਰਾਸਿੰਗ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੂਬਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਬੁੱਧਵਾਰ ਸ਼ਾਮ ਨੂੰ ਮੀਟਿੰਗ ਬੁਲਾਈ ਪਰ ਡੈੱਡਲਾਕ ਨੂੰ ਤੋੜਨ ’ਚ ਨਾਕਾਮ ਰਹੀ।
ਮੁੱਖ ਸਕੱਤਰ ਮਨੋਜ ਪੰਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਤੋਂ "ਜ਼ੁਬਾਨੀ ਭਰੋਸੇ" ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ। ਪ੍ਰਰਦਰਸ਼ਨਕਾਰੀ ਦੇਵਾਸ਼ੀਸ਼ ਹਲਦਰ ਨੇ ਕਿਹਾ ਕਿ ਸਾਡੇ ਸਾਥੀ ਚਾਰ ਦਿਨਾਂ ਤੋਂ ਬਿਨਾਂ ਭੋਜਨ ਦੇ ਪ੍ਰਦਰਸ਼ਨ ਕਰ ਰਹੇ ਹਨ, ਅਤੇ ਸਰਕਾਰ ਕਹਿੰਦੀ ਹੈ ਕਿ ਉਹ ਪੂਜਾ ਤੋਂ ਬਾਅਦ ਅਕਤੂਬਰ ਦੇ ਤੀਜੇ ਹਫ਼ਤੇ ਵਿੱਚ ਹੀ ਸਾਡੀਆਂ ਮੰਗਾਂ ’ਤੇ ਵਿਚਾਰ ਕਰੇਗੀ। ਸਾਨੂੰ ਅਜਿਹੀ ਅਸੰਵੇਦਨਸ਼ੀਲਤਾ ਦੀ ਕਦੇ ਉਮੀਦ ਨਹੀਂ ਸੀ।
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਮ੍ਰਿਤਕ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਅਯੋਗਤਾ ਅਤੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿਹਤ ਸਕੱਤਰ ਐਨਐਸ ਨਿਗਮ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਪੀਟੀਆਈ