ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਨਕਲਾਬੀ ਸ਼ਰਧਾਂਜਲੀ ਸਭਾ
ਪੱਤਰ ਪ੍ਰੇਰਕ
ਰਤੀਆ, 31 ਜੁਲਾਈ
ਅੱਜ ਇੱਥੋਂ ਦੇ ਕਿਸਾਨ ਰੈਸਟ ਹਾਊਸ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜ਼ਿਲ੍ਹਾ ਕਮੇਟੀ ਫਤਿਆਬਾਦ ਵੱਲੋਂ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਨਕਲਾਬੀ ਸ਼ਰਧਾਂਜਲੀ ਸਭਾ ਕਰਵਾਈ ਗਈ। ਇਸ ਦੀ ਪ੍ਰਧਾਨਗੀ ਜਸਪਾਲ ਸਿੰਘ ਖੁੰਡਨ, ਰੋਹਤਾਸ ਭੱਟੂ, ਪਰਮਜੀਤ ਵਾਲੀਆ ਨੇ ਸਾਂਝੇ ਤੌਰ ’ਤੇ ਕੀਤੀ। ਮੰਚ ਸੰਚਾਲਨ ਮੋਰਚੇ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਜੇਸ਼ ਚੌਬਾਰਾ ਨੇ ਕੀਤਾ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਹਰਿਆਣਾ, ਇਮਾਰਤ ਅਤੇ ਅੰਡਰ ਕੰਸਟਰਕਸ਼ਨ ਵਰਕਰਜ਼ ਯੂਨੀਅਨ ਹਰਿਆਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪਸ਼ੂ ਪਾਲਣ ਅਤੇ ਖੇਤੀ ਮਜ਼ਦੂਰ ਯੂਨੀਅਨ ਹਰਿਆਣਾ ਮੋਰਚੇ ਦੇ ਕਾਰਕੁਨ ਹਾਜ਼ਰ ਸਨ।
ਸਾਥੀਆਂ ਤੇਜਿੰਦਰ ਸਿੰਘ ਰਤੀਆ ਅਤੇ ਆਜ਼ਾਦ ਸਿੰਘ ਮੀਰਾਂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਤੇਜਿੰਦਰ ਰਤੀਆ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੇ ਦੇਸ਼ ਨੂੰ ਲੁੱਟਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਅਡਾਨੀ ਅਤੇ ਅੰਬਾਨੀ ਦੇ ਹਵਾਲੇ ਕਰ ਦਿੱਤਾ ਗਿਆ। ਦੇਸ਼ ਦੇ ਹਿੱਤ ਵਿੱਚ ਸਾਰੇ ਕਾਨੂੰਨ ਤੋੜ ਕੇ ਕਾਰਪੋਰੇਟ ਘਰਾਣਿਆਂ ਲਈ ਦੇਸ਼ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਂ ’ਤੇ ਉਨ੍ਹਾਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਤੇਜਿੰਦਰ ਨੇ ਕਿਹਾ ਕਿ ਹਰਿਆਣਾ ਸਰਕਾਰ ਜਨਰਲ ਡਾਇਰ ਤੋਂ ਘੱਟ ਨਹੀਂ ਹੈ। ਹਾਲ ਹੀ ਵਿੱਚ ਰਤੀਆ ਵਿੱਚ 13 ਪਰਿਵਾਰਾਂ ’ਤੇ ਨਾਜਾਇਜ਼ ਕਬਜ਼ਿਆਂ ਦੇ ਨਾਂ ’ਤੇ ਬੁਲਡੋਜ਼ਰ ਚਲਾ ਦਿੱਤਾ।